ਮੇਰਾ ਸੰਸਾ ਮੁੱਕ ਗਿਆ। ਚੱਲ, ਪੱਚੀ ਫੁੱਟ ਤਾਂ ਕਰੇਗਾ ਹੀ। ਪਾਣੀ ਨਹੀਂ ਨਿਕਲਦਾ, ਨਾ ਨਿਕਲੇ। ਦਿਨ ਇੱਕ ਲਾਵੇ। ਦੋ ਲਾਵੇ। ਪਰ ਨਾਲ ਦੀ ਨਾਲ ਸੋਚਿਆ, ਦਿਹਾੜੀ ਜੇ ਦੂਜੀ ਵੀ ਲੱਗ ਗਈ ਤਾਂ ਮਜ਼ਦੂਰ ਤਾਂ ਰੱਖਣਾ ਹੀ ਪਵੇਗਾ।
ਦਸ ਵਜੇ ਦੀ ਚਾਹ ਦਾ ਵੇਲਾ ਹੋ ਗਿਆ। ਚਾਹ ਬਣਵਾ ਕੇ ਤੇ ਗਿਲਾਸਾਂ ਵਿੱਚ ਪਾ ਕੇ ਮੈਂ ਓਧਰ ਲੈ ਗਿਆ। ਮੈਂ ਖ਼ੁਦ ਵੀ ਇੱਕ ਗਿਲਾਸ ਲੈ ਕੇ ਉਨ੍ਹਾਂ ਕੋਲ ਬੈਠ ਗਿਆ। ਕਰਨੈਲ ਨੇ ਗੱਲ ਛੇੜੀ-'ਮਾਸਟਰ, ਸੋਭਾ ਤਾਂ ਬੜੀ ਸੁਣੀ ਐ ਤੇਰੀ।'
'ਕਿਵੇਂ?' ਮੈਂ ਪੁੱਛਿਆ।'
'ਕਹਿੰਦੇ, ਖ਼ਬਰਾਂ 'ਚ ਬੜੇ ਲੇਖ ਛਪਦੇ ਨੇ ਤੇਰੇ। ਕਿਤਾਬਾਂ ਵੀ ਲਿਖਦੈ ਤੂੰ।'
'ਹਾਂ ਤੈਨੂੰ ਕੀਹਨੇ ਦੱਸਿਐ?'
'ਨਾਮਾਜਾਦੀ ਕਿਤੇ ਲੁਕੀ-ਛਿਪੀ ਰਹਿੰਦੀ ਐ ਭਰਾਵਾ? ਤੇਰਾ ਨਾਂ ਤਾਂ ਸਾਰੇ ਉੱਘਾ ਐ। ਆਪ ਨ੍ਹੀ ਪੜ੍ਹਨਾ ਔਂਦਾ ਤਾਂ ਲੋਕਾਂ ਕੋਲੋਂ ਸੁਣ ਲੈਈਦੈ ਖ਼ਬਾਰ।'
ਮੈਂ ਅੰਦਾਜ਼ਾ ਲਾਇਆ ਕਿ ਮੇਰੇ ਦੋਸਤ ਨੇ ਇਹਦੇ ਕੋਲ ਮੇਰੀ ਠੁੱਕ ਬੰਨ੍ਹੀ ਹੋਵੇਗੀ।
ਉਹ ਫਿਰ ਪੁੱਛਣ ਲੱਗਿਆ-'ਫੇਰ ਤਾਂ ਸਾਰੇ ਅਫ਼ਸਰ ਜਾਣਦੇ ਹੋਣਗੇ ਤੈਨੂੰ?' ਆਪ ਹੀ ਜਵਾਬ ਵੀ ਦੇ ਲਿਆ-'ਕਿਵੇਂ ਨਾ ਜਾਣਦੇ ਹੋਣ, ਜਦੋਂ ਐਨੀ ਪਰਸਿੱਧੀ ਐ।'
ਮੈਂ ਚੁੱਪ ਕੀਤਾ ਚਾਹ ਪੀਂਦਾ ਰਿਹਾ। ਬੋਲਿਆ ਕੁਝ ਨਾ।
ਚਾਹ ਪੀ ਕੇ ਉਹਨੇ ਬੀੜੀ ਲਾ ਲਈ। ਮੈਂ ਖਾਲੀ ਗਿਲਾਸ ਚੁੱਕੇ ਤੇ ਏਧਰ ਆ ਗਿਆ। ਉਹ ਆਪਣੇ ਕੰਮ ਵਿੱਚ ਜੁੱਟ ਗਏ।
ਬਾਰਾਂ ਵਜੇ ਮਜ਼ਦੂਰ ਦੋ ਘੰਟਿਆਂ ਦੀ ਛੁੱਟੀ ਕਰਕੇ ਚਲਿਆ ਗਿਆ ਤਾਂ ਮੈਂ ਕਰਨੈਲ ਨੂੰ ਰੋਟੀ ਖਵਾ ਦਿੱਤੀ। ਰੋਟੀ ਖਾ ਕੇ ਉਹਨੇ ਬੀੜੀ ਪੀਤੀ ਤੇ ਫੇਰ ਓਧਰ ਹੀ ਵਿਹੜੇ ਵਿੱਚ ਕੰਧ ਦੀ ਛਾਂ ਹੇਠ ਆਪਣਾ ਚਾਦਰਾ ਵਿਛਾ ਕੇ ਪੈ ਗਿਆ। ਮੈਂ ਚੋਰ ਅੱਖ ਨਾਲ ਮਿੱਟੀ ਦਾ ਢੇਰ ਦੇਖਿਆ, ਮਿੱਟੀ ਅਜੇ ਵੀ ਰੋੜਾਂ ਵਾਲੀ ਸੀ। ਮੈਂ ਉਸ ਪਤਲੇ ਸੀਖ ਜਿਹੇ ਬੰਦੇ ਵੱਲ ਦੇਖਕੇ ਹੈਰਾਨ ਹੋਇਆ। ਬੰਦਾ ਕਾਹਦਾ, ਇਹ ਤਾਂ ਲੋਹੇ ਦੀ ਵਰਮੀ ਹੈ। ਕਿਵੇਂ ਲੋਹੇ ਵਰਗੀ ਰੋੜਾਂ ਵਾਲੀ ਧਰਤੀ ਨੂੰ ਚੀਰਦਾ ਤੁਰਿਆ ਜਾ ਰਿਹਾ ਹੈ। ਰੱਸਾ ਲੈ ਕੇ ਮੈਂ ਬੋਰ ਵਿੱਚ ਵਗਾਇਆ ਤੇ ਫੇਰ ਉਸਨੂੰ ਬਾਹਰ ਕੱਢ ਕੇ ਮਿਣਿਆ। ਬੋਰ ਤਾਂ ਅਜੇ ਮਸਾਂ ਨੌਂ ਫੁੱਟ ਹੀ ਪੁੱਟਿਆ ਗਿਆ ਸੀ।
ਕਰਨੈਲ ਡੇਢ ਕੁ ਵਜੇ ਹੀ ਉੱਠ ਬੈਠਾ। ਪਾਣੀ ਮੰਗਿਆ ਤੇ ਫੇਰ ਬੀੜੀ ਲਾ ਲਈ। ਮੈਂ ਉਹਦੇ ਕੋਲ ਜਾ ਬੈਠਾ। ਪੁੱਛਣ ਲੱਗਿਆ-'ਕਿਉਂ ਕਰਨੈਲ, ਮਹੀਨੇ 'ਚ ਕਿੰਨੀਆਂ ਟੱਟੀਆਂ ਬਣਾ ਦਿੰਨੈ?'
'ਕੰਮ ਮਿਲਦਾ ਰਹੇ, ਤਾਂ ਦਸ-ਦਸ, ਬਾਰਾਂ-ਬਾਰਾਂ ਬਣਾ ਲਈਦੀਆਂ ਨੇ। ਮੌਕਾ ਲੱਗੇ ਦੀ ਗੱਲ ਐ, ਭਰਾਵਾ। ਕਦੇ-ਕਦੇ ਤਿੰਨ ਤਿੰਨ ਮਹੀਨੇ ਵਿਹਲਾ ਈ ਰਹੀਦੈ। ਇੱਕ ਵੀ ਬੋਰ ਨ੍ਹੀ ਮਿਲਦਾ।'
'ਕੰਮ ਇਹ ਔਖਾ ਬਹੁਤ ਐ।' ਮੈਂ ਕਿਹਾ।
'ਇਹ ਕੱਚੀ-ਕੁਹਾਰ ਹੁੰਦੀ ਹੈ। ਜਦੋਂ ਖਾਸੀ ਡੂੰਘੀ ਚਲੀ ਜਾਂਦੀ ਐ, ਥੋਨੂੰ ਡਰ ਨ੍ਹੀ ਲੱਗਦਾ?'