ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/138

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

'ਡਰ ਕਿਵੇਂ?'

'ਜੇ ਢਿੱਗ ਡਿੱਗ ਪਏ, ਫੇਰ?'

'ਅੱਜ ਤਾਈ ਤਾਂ ਡਿੱਗੀ ਨ੍ਹੀ ਢਿੱਗ, ਕੱਲ੍ਹ ਦਾ ਪਤਾ ਨ੍ਹੀ। ਐਧਰ ਰਾਜਸਥਾਨ 'ਚ ਗੰਗਾਨਗਰ ਕੰਨੀ ਜਿੱਥੇ ਰੇਤਾ ਈ ਰੇਤਾ ਐ, ਓਧਰ ਤਾਂ ਢਿੱਗਾਂ ਡਿੱਗਣ ਦਾ ਖ਼ਤਰਾ ਰਹਿੰਦੈ। ਪਰ ਨਹੀਂ, ਥੱਲੇ ਗਿੱਲੀ ਮਿੱਟੀ ਹੁੰਦੀ ਐ। ਛੇਤੀ-ਛੇਤੀ ਢਿੱਗ ਡਿੱਗਦੀ ਨ੍ਹੀ।'

'ਊਂ 'ਜੇ ਡਿੱਗ ਪਵੇ, ਬੰਦਾ ਬਚਦਾ ਤਾਂ ਨ੍ਹੀ।'

'ਬਚਣਾ, ਕਾਹਦਾ ਜੀ।'

'ਤੂੰ ਸੁਣਿਐ ਕੋਈ, ਇਉਂ ਮਰਿਆ?'

'ਹਾਂ, ਕਦੇ ਕਦੇ, ਹੋ ਜਾਂਦੀ ਐ ਕੁਦਰਤ।' ਉਹ ਉਦਾਸ ਹੋ ਗਿਆ।

ਅਸੀਂ ਗੱਲਾਂ ਕਰ ਰਹੇ ਸਾਂ ਕਿ ਮਜ਼ਦੂਰ ਆ ਗਿਆ। ਉਹ ਕੰਮ ਕਰਨ ਲੱਗੇ ਤੇ ਮੈਂ ਕਮਰੇ ਵਿੱਚ ਪੱਖਾਂ ਛੱਡ ਕੇ ਪੈ ਗਿਆ। ਮੇਰੇ ਸੁੱਤੇ ਪਏ ਹੀ ਤਿੰਨ ਕੁ ਵਜੇ ਘਰ ਵਾਲੀ ਨੇ ਚਾਹ ਬਣਾਈ। ਛੋਟੇ ਮੁੰਡੇ ਨੇ ਉਨ੍ਹਾਂ ਦੋਵਾਂ ਨੂੰ ਚਾਹ ਪਿਆ ਦਿੱਤੀ। ਮੈਂ ਅਚਾਨਕ ਹੀ ਉੱਠਿਆ। ਚਾਹ ਬਣੀ ਦੇਖ ਕੇ, ਚਾਹ ਪੀ ਲਈ। ਬੋਰ ਵੱਲ ਗੇੜਾ ਮਾਰਿਆ ਤੇ ਕਮਰੇ ਵਿੱਚ ਆ ਕੇ ਦੁਬਾਰਾ ਪੱਖਾ ਛੱਡ ਲਿਆ। ਆਲਸ ਜਿਹੀ ਚੜ੍ਹੀ ਹੋਈ ਸੀ। ਅੱਖ ਲੱਗਦੀ ਸੀ, ਨਹੀਂ ਵੀ ਲੱਗਦੀ ਸੀ। ਆਲਸ ਬੇਚੈਨੀ ਵਿੱਚ ਬਦਲਣ ਲੱਗੀ। ਮੰਜੇ ਉੱਤੇ ਪਏ-ਪਏ ਮੇਰੇ ਮਨ ਵਿੱਚ ਇੱਕ ਡਰ ਜਿਹਾ ਜਾਗਣ ਲੱਗਿਆ। ਕਿਤੇ ਕਰਨੈਲ ਉੱਤੇ ਕੋਈ ਢਿੱਗ ਨਾ ਡਿੱਗ ਪਏ। ਮੈਂ ਕਮਰੇ ਵਿਚੋਂ ਬਾਹਰ ਹੋਇਆ ਤੇ ਏਧਰ ਓਧਰ ਵਿਹੜੇ ਵਿੱਚ ਜਾ ਕੇ ਬੋਰ ਵਿੱਚ ਨਿਗਾਹ ਮਾਰੀ। ਸੱਬਲ ਦੀ ਆਵਾਜ਼ ਬਾਹਰ ਤੱਕ ਆ ਰਹੀ ਸੀ। ਕਰਨੈਲ ਕਿਧਰੇ ਨਹੀਂ ਦਿਸ ਰਿਹਾ ਸੀ। ਅੱਖਾਂ ਉੱਤੇ ਹੱਥ ਦਾ ਛੱਪਰ ਬਣਾ ਕੇ ਮੈਂ ਗਹੁ ਨਾਲ ਦੇਖਿਆ, ਉਹ ਬਹੁਤ ਦੂਰ ਥੱਲੇ ਹਿੱਲ ਜਿਹਾ ਰਿਹਾ ਸੀ। ਮੈਂ ਪੁੱਛਿਆ-ਕਿੰਨੇ ਕੁ ਫੁੱਟ ਹੋ ਗਿਆ?'

'ਮਿਣ ਲੈਨੇ ਆ। ਥੱਲਿਓਂ ਉਹਦਾ ਹਫਦਾ ਹੋਇਆ ਬੋਲ ਆਇਆ ਤੇ ਫੇਰ ਬੋਰ ਵਿਚੋਂ ਹੀ ਡੇਢ-ਡੇਢ, ਦੋ-ਦੋ ਫੁੱਟ ਦੀ ਵਿਥ ਉੱਤੇ ਬਣਾਏ ਫੌਢਿਆਂ ਵਿੱਚ ਪੈਰ ਅੜਾ ਕੇ ਉਤਾਂਹ ਚੜ੍ਹਦਾ ਉਹ ਬਾਹਰ ਆ ਗਿਆ। ਰੱਸਾ ਲੈ ਕੇ ਥੱਲੇ ਵਗਾਇਆ ਤੇ ਫੇਰ ਨਿਸ਼ਾਨੀ ਰੱਖ ਕੇ ਕੂਹਣੀ ਤੋਂ ਹਿੱਕ ਤੱਕ ਦੇ ਪੈਮਾਨੇ ਨਾਲ ਰੱਸੇ ਨੂੰ ਮਿਣਨ ਲੱਗਿਆ। ਉਹਦੇ ਹਿਸਾਬ ਨਾਲ ਸੋਲਾਂ ਫੁੱਟ ਬੋਰ ਹੋ ਗਿਆ ਸੀ।

'ਫੇਰ ਤਾਂ ਮਾਰ ਲਿਆ ਮੋਰਚਾ।' ਮੈਂ ਉਸਦਾ ਹੌਂਸਲਾ ਵਧਾਇਆ।

ਉਹਨੇ ਪਾਣੀ ਦਾ ਗਿਲਾਸ ਮੰਗਿਆ। ਪਾਣੀ ਪੀ ਕੇ ਬੀੜੀ ਸੁਲਗਾ ਲਈ। ਮਿੱਟੀ ਵਿਚੋਂ ਇੱਕ ਡਲੀ ਚੁੱਕ ਕੇ ਕਹਿਣ ਲੱਗਿਆ-'ਬੱਸ ਹੁਣ ਪਾਂਡੂ ਔਣ ਵਾਲੈ। ਪਾਂਡੂ ਤੋਂ ਬਾਅਦ ਬਰੇਤੀ ਆਊ ਫੇਰ। ਬਰੇਤੀ ਪਿੱਛੋਂ ਪਾਣੀ।'

ਮੈਂ ਦੇਖਿਆ, ਉਹਦੀਆਂ ਅੱਖਾਂ ਹੁਣ ਲਾਲ-ਝਰੰਗ ਸਨ। ਉਹਦੇ ਚੇਹਰੇ ਦਾ ਲਹੂ ਜਿਵੇਂ ਸੂਤਿਆ ਗਿਆ ਹੋਵੇ। ਡੱਡੂ ਵਰਗਾ ਪੀਲਾ ਨਿੱਕਲ ਆਇਆ ਸੀ। ਬੋਰ ਮਸਾਂ ਡੇਢ ਫੁੱਟ ਚੌੜਾ ਹੋਵੇਗਾ। ਮੈਂ ਉਹਨੂੰ ਪੁੱਛਿਆ-'ਕਰਨੈਲ, ਐਨੇ ਕੁ ਥਾਂ 'ਚ ਤਾਂ ਤੂੰ ਥੱਲੇ ਬੈਠਦਾ ਮਸਾਂ ਹੋਵੇਂਗਾ। ਸੱਬਲ ਕਿੱਥੇ ਦੀ ਚਲੌਨੇ ਤੇ ਫੇਰ ਬਾਲਟੀ ਕਿਵੇਂ ਭਰਦੈ?'

138

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ