ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/157

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਸ ਵਾਰ ਵਿਦਿਆ ਚਰਨ ਹੁਣ ਮੈਨੂੰ ਦਸ-ਬਾਰਾਂ ਸਾਲਾਂ ਬਾਅਦ ਮਿਲਿਆ ਸੀ। ਇਸ ਦੌਰਾਨ ਉਹਨਾਂ ਦੇ ਪਿੰਡ ਜਾਣ ਦਾ ਕੋਈ ਮੌਕਾ ਨਹੀਂ ਬਣਿਆ ਤੇ ਨਾ ਕੋਈ ਬਹਾਨਾ। ਵਿਦਿਆ ਚਰਨ ਸਾਡੇ ਸ਼ਹਿਰ ਆਉਂਦਾ ਤਾਂ ਹੋਵੇਗਾ ਪਰ ਉਹਦੇ ਨਾਲ ਕਦੇ ਵੀ ਮੇਲ ਨਾ ਹੋਇਆ। ਉਹ ਆਪਣੀ ਦੁਕਾਨ ਦਾ ਸਾਮਾਨ ਇੱਥੋਂ ਲਿਜਾਂਦਾ ਸੀ। ਉਸਨੂੰ ਸਿਨਮਾ ਦੇਖਣ ਦਾ ਸ਼ੌਕ ਸੀ। ਸਿਨਮਾ ਬਗ਼ੈਰ ਤਾਂ ਉਹ ਰਹਿ ਨਹੀਂ ਸਕਦਾ ਸੀ। ਸ਼ਾਇਦ ਉਹਨੂੰ ਇਹ ਪਤਾ ਨਾ ਹੋਵੇ ਕਿ ਮੈਂ ਹੁਣ ਏਥੇ ਹਾਂ। ਨਹੀਂ ਤਾਂ ਉਹ ਕਦੇ ਨਾ ਕਦੇ ਜ਼ਰੂਰ ਮੈਨੂੰ ਸਕੂਲ ਵਿੱਚ ਮਿਲਣ ਆਉਂਦਾ। ਉਹਨਾਂ ਦੇ ਪਿੰਡੋਂ ਮੇਰੀ ਬਦਲੀ ਕਿਸੇ ਹੋਰ ਸਕੂਲ ਵਿੱਚ ਹੋਈ ਸੀ। ਉਥੇ ਵੀ ਮੈਂ ਛੇ-ਸੱਤ ਸਾਲ ਰਹਿ ਆਇਆ ਸਾਂ।

ਇਸ ਦੌਰਾਨ ਮੇਰੇ ਉੱਤੇ ਕਈ ਆਫ਼ਤਾਂ ਆ ਚੁੱਕੀਆਂ ਸਨ। ਮੇਰੀ ਪਹਿਲੀ ਪਤਨੀ ਮਰ ਗਈ। ਉਸ ਤੋਂ ਬਾਅਦ ਮੈਂ ਹੋਰ ਵਿਆਹ ਕਰਵਾ ਲਿਆ। ਮੇਰੀ ਮੌਜੂਦਾ ਪਤਨੀ ਕਿਸੇ ਦੂਜੇ ਸੂਬੇ ਦੀ ਹੈ। ਬੜੇ ਦੂਰ ਦੇ ਸੂਬੇ ਦੀ। ਖ਼ੈਰ ... ਹੁਣ ਤਾਂ ਸਭ ਬੀਤ ਗਿਆ ਹੈ। ਸਾਡਾ ਵਿਆਹ ਇੱਕ ਅਚਾਨਕ ਘਟਨਾ ਸੀ। ਨਾ ਤਾਂ ਇਹ ਪਿਆਰ-ਵਿਆਹ ਸੀ ਤੇ ਨਾ ਕੋਈ ਪਰੰਪਰਾ ਵਾਲਾ ਪ੍ਰਬੰਧਿਤ-ਵਿਆਹ। ਪਰ ਇਹਨਾਂ ਦੋਵਾਂ ਦਾ ਕੁੱਝ ਵਿਚ-ਵਿਚਾਲਾ ਜਿਹਾ। ਇਸ ਨੂੰ ਪਰਸਪਰ ਸਮਝ ਵਾਲਾ ਵਿਆਹ ਕਹਿ ਸਕਦੇ ਹਾਂ। ਪਰ ਉਹਨੀ ਦਿਨੀਂ ਮੇਰੇ ਆਲੇ-ਦੁਆਲੇ ਵਿੱਚ ਬੜੀਆਂ ਅਫ਼ਵਾਹਾਂ ਉੱਡੀਆਂ ਸਨ। ਕੋਈ ਕਹਿੰਦਾ ਸੀ-'ਕਿਧਰੋਂ ਇਹ ਕਿਸੇ ਕੁੜੀ ਨੂੰ ਭਜਾ ਕੇ ਲੈ ਆਇਐ।' ਕੋਈ ਆਖਦਾ-'ਇਹਨੇ ਇਹ ਮੁੱਲ ਦੀ ਲਿਆਂਦੀ ਐ।' ਕੋਈ ਅੰਦਾਜ਼ਾ ਲਾਉਂਦਾ ਤੇ ਐਲਾਨ ਕਰ ਦਿੰਦਾ-'ਛੁੱਟੜ ਜਾਂ ਵਿਧਵਾ ਹੋਣੀ ਐ, ਇਹਨੂੰ ਮਿਲ 'ਗੀ।'

ਉਹ ਦੁਖੀ ਹੁੰਦੀ ਆਖਦੀ-'ਸ਼ਾਇਦ ਆਪਾਂ ਤੋਂ ਕਿਧਰੇ ਗਲਤੀ ਹੋ ਗਈ। ਮੇਰੇ ਮਾਂ-ਬਾਪ ਨਜ਼ਦੀਕ ਹੁੰਦੇ ਤਾਂ ਸਾਡੇ ਘਰ ਦਾ ਕੋਈ ਨਾ ਕੋਈ ਕਦੇ ਮੈਨੂੰ ਮਿਲਣ ਆਉਂਦਾ। ਮੇਰੀਆਂ ਛੋਟੀਆਂ ਭੈਣਾਂ, ਮੇਰੇ ਭਾਈ, ਤਾਏ-ਚਾਚਿਆਂ ਦੇ ਮੁੰਡੇ ਆਉਂਦੇ। ਮਾਂ ਗੇੜਾ ਮਾਰਦੀ, ਬਾਪ ਕਦੇ ਆਉਂਦਾ ਤਾਂ ਮੈਨੂੰ ਕਾਹਨੂੰ ਸੁਣਨੀਆਂ ਪੈਂਦੀਆਂ ਇਹ ਗੱਲਾਂ।'

ਵਿਦਿਆ ਚਰਨ ਨਾਲ ਮੈਂ ਹੱਥ ਮਿਲਾਇਆ ਤੇ ਉਹਨੂੰ ਮਖ਼ੌਲ ਜਿਹੇ ਕਰਨ ਲੱਗਿਆ। ਮੈਂ ਉਹਨੂੰ ਕਹਿਣ ਹੀ ਲੱਗਿਆ ਸਾਂ ਕਿ ਉਹ ਰਿਕਸ਼ੇ ਤੋਂ ਥੱਲੇ ਉਤਰ ਆਵੇ ਤੇ ਮੇਰੇ ਨਾਲ ਸਕੂਲ ਚੱਲੇ, ਓਥੇ ਜਾ ਕੇ ਚਾਹ ਪੀਵਾਂਗੇ। ਪਰ ਰਿਕਸ਼ਾ ਵਿੱਚ ਉਹਦੇ ਇੱਕ ਪਾਸੇ ਬਸਾਖੀਆਂ ਪਈਆਂ ਦੇਖਕੇ ਮੈਂ ਚੁੱਪ ਹੋ ਗਿਆ। ਮੈਂ ਬਸਾਖੀਆਂ ਨੂੰ ਹੀ ਹੱਥ ਲਾਇਆ। ਉਹਨੇ ਆਪਣਾ ਯੰਤਰ ਕੰਨਾਂ ਨੂੰ ਲਾ ਲਿਆ। ਦੱਸਣ ਲੱਗਿਆ-'ਮੇਰੀਆਂ ਦੋਵੇਂ ਲੱਤਾਂ ਕੰਮ ਨ੍ਹੀ ਕਰਦੀਆਂ। ਇੱਕ ਤਾਂ ਜਮ੍ਹਾਂ ਈ ਖੜਗੀ। ਇਹ ਦੂਜੀ ਕੁੱਛ ਠੀਕ ਐ-ਬੱਸ ਧਰਤੀ 'ਤੇ ਲੱਗ ਜਾਂਦੀ ਐ। ਪਰ ਬਸਾਖੀਆਂ ਪੂਰਾ ਕੰਮ ਦਿੰਦੀਆਂ ਨੇ।' ਉਹਦੇ ਵੱਲ ਝਾਕ ਕੇ ਅੱਖਾਂ ਹੀ ਅੱਖਾਂ ਵਿੱਚ ਮੈਂ ਅਫ਼ਸੋਸ ਜ਼ਾਹਰ ਕੀਤਾ। ਫੇਰ ਪੁੱਛਿਆ-'ਕਾਰੋਬਾਰ ਦਾ ਕੀ ਹਾਲ ਐ?'

'ਦੁਕਾਨ ਦਾ ਕੰਮ ਬਹੁਤ ਵਧਾ ਲਿਆ ਸੀ ਮੈਂ। ਸਟੇਸ਼ਨਰੀ ਦੇ ਨਾਲ ਬਿਜਲੀ ਦਾ ਸਾਮਾਨ ਵੀ ਪਾ ਲਿਆ। ਦੁਕਾਨ 'ਤੇ ਹੁਣ ਦੋ ਨੌਕਰ ਕੰਮ ਕਰਦੇ ਨੇ। ਹੁਣ ਤਾਂ ਚੰਗੀ ਕਮਾਈ ਐ, ਮਾਸਟਰ ਜੀ।' 'ਚੰਗੀ ਸ਼ਬਦ ਉਹਨੇ ਜ਼ੋਰ ਦੇ ਕੇ ਬੋਲਿਆ। ਉਹ ਕਿਸੇ

ਬਾਕੀ ਭੁੱਖ

157