ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/16

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

'ਨਹੀਂ, ਫ਼ਸਾਦ ਤਾਂ ਮਗਰੋਂ ਹੋਏ ਨੇ।

'ਹੋਰ ਫੇਰ?'

ਉਸ ਨੇ ਅਖ਼ਬਾਰ ਪੜ੍ਹਨਾ ਛੱਡ ਕੇ ਦੱਸਣਾ ਸ਼ੁਰੂ ਕੀਤਾ- 'ਛਿਆਲੀ ਵਿੱਚ ਅਸੀਂ ਲਾਹੌਰ ਬੰਬ ਬਣਾਇਆ ਕਰਦੇ ਸੀ। ਨੌਜਵਾਨਾਂ ਦਾ ਇੱਕ ਗਰੁੱਪ ਸੀ। ਸਾਰੇ ਹਿੰਦੁਸਤਾਨ ਵਿੱਚ ਹੀ ਇਸ ਤਰ੍ਹਾਂ ਦੇ ਸਾਥੀ ਸਨ। ਪੰਜਾਬੀ ਵਿੱਚ ਵੀ। ਸਾਡੀ ਸਕੀਮ ਸੀ, ਅੰਗਰੇਜ਼ ਗੱਲਾਂ-ਬਾਤਾਂ ਨਾਲ ਤਾਂ ਨਿਕਲਦੇ ਨਹੀਂ, ਕੁਝ ਅੰਗਰੇਜ਼ ਜੇ ਮਾਰ ਦਿੱਤੇ ਜਾਣ, ਦਹਿਸ਼ਤ ਫੈਲ ਜਾਵੇ, ਫਿਰ ਛੱਡ ਜਾਣਗੇ ਇਹ। ਅਸੀਂ ਤਿੰਨ ਜਣੇ ਸਾਂ। ਸੰਘਣੀ ਆਬਾਦੀ ਵਾਲੇ ਇੱਕ ਮਹੱਲੇ ਵਿੱਚ ਇੱਕ ਚੁਬਾਰਾ ਲੈ ਕੇ ਅਸੀਂ ਇਹ ਕੰਮ ਕਰਿਆ ਕਰਦੇ। ਹੋਰ ਨੌਜਵਾਨ ਕਈ ਥਾਈਂ ਇਹੀ ਕੰਮ ਕਰਦੇ ਸਨ। ਸਾਡਾ ਕੰਮ ਬੰਬਾਂ ਨੂੰ ਤਿਆਰ ਕਰਨਾ ਹੀ ਸੀ, ਉਨ੍ਹਾਂ ਨੂੰ ਚਲਾਉਣ ਮਤਲਬ ਐਕਸ਼ਨ ਕਰਨ ਵਾਲੇ ਹੋਰ ਸਾਥੀ ਸਨ। ਇੱਕ ਦਿਨ ਸਵੇਰੇ-ਸਵੇਰੇ ਹੀ ਅਸੀਂ ਆਪਣੇ ਕੰਮ ਵਿੱਚ ਬਹੁਤ ਜ਼ਿਆਦਾ ਰੁੱਝੇ ਹੋਏ ਸਾਂ। ਅਟੈਚੀਕੇਸਾਂ ਵਿੱਚ ਕਮਾਦ ਦੀ ਪੱਤੀ ਤੇ ਰੂੰ ਪਾ ਕੇ ਛੇ-ਛੇ ਬੰਬ ਪੈਕ ਕਰ ਰਹੇ ਸਾਂ। ਨਾਲ ਦੀ ਨਾਲ ਬੰਬਾਂ ਨੂੰ ਭਰੀ ਵੀ ਜਾ ਰਹੇ ਸਾਂ। ਇਕਦਮ ਛਾਪਾ ਪੈ ਗਿਆ। ਹੱਥਾਂ ਪੈਰਾਂ ਦੀ ਪੈ ਗਈ ਸਾਨੂੰ ਤਾਂ। ਕਮਰੇ ਦੀਆਂ ਖਿੜਕੀਆਂ ਤੇ ਦਰਵਾਜ਼ਾ ਅੰਦਰੋਂ ਬੰਦ ਸਨ। ਅਸੀਂ ਬਾਹਰ ਨਿਕਲਣ ਦਾ ਰਾਹ ਲੱਭ ਰਹੇ ਸਾਂ। ਨਾਲ ਦੀ ਨਾਲ ਚਾਹੁੰਦੇ ਸਾਂ, ਅਟੈਚੀਕੇਸਾਂ ਨੂੰ ਵੀ ਕਿਧਰੇ ਛੁਪਾ ਦਿੱਤਾ ਜਾਵੇ। ਇਸ ਹਫੜਾ-ਦਫੜੀ ਵਿੱਚ ਇੱਕ ਬੰਬ ਚੱਲ ਗਿਆ। ਮੇਰੇ ਨਾਲ ਦੇ ਦੋਵੇਂ ਸਾਥੀ ਤਾਂ ਸਖ਼ਤ ਜਖ਼ਮੀ ਹੋ ਗਏ ਤੇ ਓਥੇ ਮੇਰੇ ਸਾਹਮਣੇ ਹੀ ਦਮ ਤੋੜ ਗਏ। ਚੁਬਾਰੇ ਵਿੱਚ ਧੂੰਆ ਰੋਲ ਹੋ ਗਿਆ। ਨਾ ਤਾਂ ਮੈਨੂੰ ਕੁਝ ਦਿਸਦਾ ਸੀ ਤੇ ਨਾ ਸੁੱਝਦਾ। ਮੇਰੀ ਇਸ ਬਾਂਹ ਦਾ ਹੱਥ ਬਿਲਕੁਲ ਉੱਡ ਗਿਆ। ਮੂੰਹ ਉੱਤੇ ਵੀ ਬਾਰੂਦ ਵਾਰ ਕਰ ਗਿਆ। ਇਸ ਅੱਖ ਉੱਤੇ ਅਸਰ ਬਹੁਤਾ ਹੋਇਆ।' ਉਸ ਨੇ ਆਪਣੀ ਕਾਣੀ ਅੱਖ ਨੂੰ ਖੱਬੇ ਹੱਥ ਦੇ ਪੋਟਿਆਂ ਨਾਲ ਛੋਹਿਆ।

'ਬਾਂਹ ਏਥੋਂ ਤੱਕ ਉੱਡ ਗਈ ਸੀ?'

'ਨਹੀਂ, ਹੱਥ ਹੀ ਉੱਡਿਆ ਸੀ। ਬਾਅਦ ਵਿੱਚ ਹੋਰ ਮਾਸ ਗਲ ਜਾਣ ਕਰਕੇ ਬਾਂਹ ਇਥੋਂ ਕਟਵਾਉਣੀ ਪਈ ਸੀ।'

'ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ?'

'ਗ੍ਰਿਫ਼ਤਾਰ ਨਹੀਂ ਸੀ ਮੈਂ ਹੋਇਆ। ਚੁਬਾਰੇ ਦੇ ਫ਼ਰਸ਼ ਵਿੱਚ ਇੱਕ ਮੋਘਾ ਸੀ। ਚੌੜਾ ਸਾਰਾ। ਥੱਲੇ ਵਾਲੇ ਕਮਰੇ ਵਿੱਚ ਰੌਸ਼ਨੀ ਪਹੁੰਚਾਉਣ ਲਈ ਮਕਾਨ ਮਾਲਕ ਨੇ ਹੀ ਇਹ ਰਖਵਾਇਆ ਹੋਇਆ ਸੀ। ਪੁਰਾਣਾ ਮਕਾਨ ਸੀ, ਪੁਰਾਣੇ ਢੰਗ ਦਾ। ਮੋਘੇ ਵਿੱਚ ਲੋਹੇ ਦੀਆਂ ਦੋ ਸੀਖਾਂ ਲਾਈਆਂ ਹੋਈਆਂ ਸਨ ਤਾਂ ਕਿ ਉੱਤੋਂ ਕੋਈ ਚੀਜ਼ ਜਾਂ ਕੋਈ ਬੱਚਾ ਕਦੇ ਥੱਲੇ ਨਾ ਡਿੱਗ ਪਵੇ। ਧੂੰਏ ਦਾ ਗ਼ੁਬਾਰ ਕੁਝ ਘਟਣ ਬਾਅਦ ਦੋਵੇਂ ਸਾਥੀ ਮਰੇ ਪਏ ਦੇਖ ਕੇ ਤੇ ਬਾਹਰੋਂ ਪੁਲਿਸ ਵਾਲਿਆਂ ਦੀਆਂ ਦਬਵੀਆਂ ਦਬਵੀਆਂ ਆਵਾਜ਼ਾਂ ਸੁਣ ਕੇ ਮੈਨੂੰ ਤਰਕੀਬ ਸੁੱਝੀ, ਕਿਉਂ ਨਾ ਮੋਘੇ ਵਿੱਚ ਦੀ ਥੱਲੇ ਵਾਲੇ ਕਮਰੇ ਵਿੱਚ ਲੁਕ ਜਾਵਾਂ। ਲੋਹੇ ਦਾ ਵੱਡਾ ਮਾਮ-ਦਸਤਾ ਓਥੇ ਪਿਆ ਸੀ। ਮੋਘੇ ਦੀਆਂ ਸੀਖਾਂ ਜ਼ਰ ਖਾਧੀਆਂ ਸਨ। ਇੱਕ ਹੱਥ ਨਾਲ ਮਾਮ-ਦਸਤਾ ਉਤਾਂਹ ਉਲਾਰ ਕੇ ਤੇ ਬਹੁਤ ਜ਼ੋਰ ਨਾਲ ਮੈਂ ਉਸ ਨੂੰ ਮੋਘੇ

16
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ