ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/163

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੁੜੀ ਦੱਧਾਹੂਰ ਉੱਤਰ ਗਈ। ਉੱਤਰਨ ਲੱਗੀ ਉਹ ਮੈਨੂੰ ਬਹੁਤ ਸਨੇਹ ਜਿਹੇ ਨਾਲ ਸਤਿ ਸ੍ਰੀ ਅਕਾਲ ਕਹਿ ਕੇ ਗਈ। ਉਹਦਾ ਬਿਰਧ ਪਿਤਾ ਟਾਹਲੀ ਥੱਲੇ ਬੈਠਾ ਉਹਨੂੰ ਉਡੀਕ ਰਿਹਾ ਸੀ। ਉਹ ਉੱਤਰੀ ਤਾਂ ਬੁੱਢੇ ਨੇ ਉਠ ਕੇ ਮੋਢੇ ਵਾਲੇ ਸਮੋਸੇ ਦਾ ਈਨੂੰ ਮਾਰਿਆ ਤੇ ਸਿਰ ਉੱਤੇ ਰੱਖ ਲਿਆ। ਈਨੂੰ ਉੱਤੇ ਅਟੈਚੀ ਟਿਕਾ ਲਿਆ। ਉਹ ਅੱਗੜ-ਪਿੱਛੜ ਨਹਿਰ ਦੀ ਪਟੜੀ-ਪਟੜੀ ਤੁਰੇ ਜਾ ਰਹੇ ਸਨ।

ਇੱਕ ਜਿੱਤ ਪਰ ਇੱਕ ਹਾਰ ਜਿਹੀ ਦੇ ਅਹਿਸਾਸ ਨਾਲ ਮੈਂ ਬੱਸ ਵਿੱਚ ਬੈਠਾ ਉਸ ਕੁੜੀ ਬਾਰੇ ਸੋਚਦਾ ਰਿਹਾ। ਥੱਕਿਆ-ਥੱਕਿਆ ਜਿਹਾ ਬਰਨਾਲੇ ਆ ਕੇ ਘਰ ਪਹੁੰਚਿਆ। ਤਿੰਨ-ਚਾਰ ਦਿਨ ਇਹ ਗੱਲ ਮੇਰੇ ਜ਼ਿਹਨ ਵਿੱਚ ਘੁੰਮਦੀ ਰਹੀ। ਤੇ ਫੇਰ ਐਤਵਾਰ ਆ ਗਿਆ। ਦੀਵਾਰ ਵਿੱਚ ਲੱਗੇ ਸ਼ੀਸ਼ੇ ਵਿੱਚ ਮੈਂ ਆਪਣਾ ਚੇਹਰਾ ਦੇਖਿਆ, ਦਾਹੜੀ ਦੀਆਂ ਜੜ੍ਹਾਂ ਬਿਲਕੁਲ ਸਫ਼ੈਦ ਦਿਸਦੀਆਂ ਸਨ। ਐਤਵਾਰ ਨੂੰ ਹੀ ਮੈਂ ਖਿਜ਼ਾਬ ਲਾਇਆ ਕਰਦਾ ਸਾਂ। ਸਵੇਰੇ-ਸਵੇਰੇ ਚਾਹ ਪੀਂਦਾ ਤੇ ਫਿਰ ਬੁਰਸ਼ ਆਦਿ ਕਰਕੇ ਅਖ਼ਬਾਰ ਪੜ੍ਹਨ ਦਾ ਬੜਾ ਸੁਆਦ ਆਉਂਦਾ ਹੈ। ਦਫ਼ਤਰ ਜਾਣ ਦੀ ਕਾਹਲ ਨਹੀਂ ਹੁੰਦੀ ਤੇ ਸਮਾਂ ਆਪਣੇ ਪੂਰੇ ਖੰਭ ਫ਼ੈਲਾ ਕੇ ਹੌਲੀ-ਹੌਲੀ ਉੱਡਦਾ ਹੈ। ਅੰਗਾਂ ਵਿੱਚ ਭਰੀ ਮਿੱਠੀ-ਮਿੱਠੀ ਆਲਸ ਅਜੀਬ ਜਿਹਾ ਨਸ਼ਾ ਦਿੰਦੀ ਹੈ। ਉਸ ਦਿਨ ਮੈਂ ਅਖ਼ਬਾਰ ਹੀ ਪੜ੍ਹਦਾ ਰਿਹਾ। ਏਥੋਂ ਤੱਕ ਕਿ ਮੰਡੀਆਂ ਦੇ ਭਾਅ ਵੀ ਪੜ੍ਹ ਦਿੱਤੇ। ਬੀਵੀ ਨੇ ਘਰ ਦੇ ਸਾਰੇ ਕੱਪ\ੜੇ ਧੋ ਕੇ ਤਾਰ ਉੱਤੇ ਸੁਕਣੇ ਪਾ ਦਿੱਤੇ ਸਨ। ਸਾਰੇ ਕਮਰੇ ਸੁੰਭਰ ਦਿੱਤੇ ਸਨ। ਦੁਪਹਿਰ ਦੀ ਰੋਟੀ ਵਾਸਤੇ ਸਬਜ਼ੀ ਵੀ ਕੱਟ ਲਈ ਸੀ। ਪਰ ਮੈਂ ਉਵੇਂ ਜਿਵੇਂ ਅਖ਼ਬਾਰ ਲੈ ਕੇ ਬੈਠਾ ਹੋਇਆ ਸਾਂ। ਉਹ ਕਈ ਵਾਰ ਕਹਿ ਚੁੱਕੀ ਸੀ-'ਉੱਠੋਂ ਹੁਣ ਬਾਬਾ। ਨ੍ਹਾ ਤਾਂ ਲਓ।'

ਤੇ ਫਿਰ ਉਹ ਕੜਕ ਕੇ ਬੋਲੀ-'ਉੱਠੋ ਹੁਣ! ਸੁਣਦਾ ਨ੍ਹੀ?'

ਤੇ ਨਾਲ ਦੀ ਨਾਲ ਬਾਥਰੂਮ ਵਿਚੋਂ ਲਿਆ ਕੇ ਖਿਜ਼ਾਬ ਦੀ ਸ਼ੀਸ਼ੀ ਤੇ ਬਰਸ਼ ਮੇਜ ਉੱਤੇ ਰੱਖ ਗਈ। ਛੋਟਾ ਸ਼ੀਸ਼ਾ ਵੀ। ਖ਼ਦ ਉਹ ਰਸੋਈ ਦੇ ਕੰਮ ਵਿੱਚ ਰੁੱਝ ਗਈ ਜਾਂ ਸ਼ਾਇਦ ਕਿਸੇ ਹੋਰ ਕੰਮ ਵਿੱਚ।

ਮੈਂ ਉੱਠਿਆ ਤੇ ਬਾਥਰੂਮ ਵਿੱਚ ਜਾ ਕੇ ਬਾਲਟੀ ਵਿੱਚ ਟੂਟੀ ਛੱਡ ਲਈ ਤੇ ਸਾਬਣ ਲਾ ਕੇ ਨਹਾਉਣ ਲੱਗਿਆ।

ਤੌਲੀਏ ਨਾਲ ਮੱਥਾ ਰਗੜਦਾ ਬਾਥਰੂਮ ਵਿਚੋਂ ਬਾਹਰ ਆਇਆ ਤਾਂ ਬੀਵੀ ਪੁੱਛਣ ਲੱਗੀ-'ਕੀ ਗੱਲ ਦਾਹੜੀ ਨੂੰ ਕਲਰ ਨ੍ਹੀ ਕੀਤਾ ਅੱਜ?'

'ਬੱਸ, ਹੁਣ ਨ੍ਹੀ।'

'ਕਿਉਂ?' ਉਹ ਹੈਰਾਨ ਸੀ।

ਬੱਸ ਹੁਣ ਲੋੜ ਨ੍ਹੀ। ਹੁਣ ਅੰਕਲ ਹੋ ਗਏ ਆਂ।'

ਬੀਵੀ ਹੱਸਣ ਲੱਗੀ। ਉਹਦੀ ਸਮਝ ਵਿੱਚ ਸ਼ਾਇਦ ਮੇਰੇ ਅੰਦਰਲੇ ਦਰਦ ਦੀ ਕੋਈ ਪਹਿਚਾਣ ਨਹੀਂ ਹੋਵੇਗੀ। ਚੇਹਰੇ ਦੇ ਸ਼ਿਕਨ ਤਾਂ ਸਭ ਨੂੰ ਦਿਸਦੇ ਹੋਣਗੇ, ਪਰ ਇੱਕ ਸ਼ਿਕਨ ਜੋ ਦਿਲ ਦੇ ਅਹਿਸਾਸ ਵਿੱਚ ਪੈ ਗਿਆ, ਉਹਨੂੰ ਕੋਈ ਨਹੀਂ ਜਾਣਦਾ ਸੀ।♦

ਸ਼ਿਕਨ

163