ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/186

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਰਿਹਾ ਹੈ। ਕਦੇ ਉਹ ਮਾਂ ਨੂੰ ਉੱਚਾ-ਉੱਚਾ ਬੋਲਦਾ ਹੈ। ਬਹੁ ਚਤਿੰਨ ਕੁਰ ਨੂੰ ਨਿੱਕੀਆਂਨਿੱਕੀਆਂ ਚੁਭਵੀਆਂ ਗੱਲਾਂ ਆਖ ਕੇ ਖਿੱਝ ਚੜ੍ਹ ਰਹੀ ਹੈ। ਤਿੰਨ ਕੁਰ ਮਾਰ ਕੇ ਜਵਾਬ ਦਿੰਦੀ-ਅੰਦਰੋਂ ਗੁੱਸੇ ਨਾਲ ਭਰੀ ਹੋਈ ਤੇ ਬਾਹਰੋਂ ਪੂਰਾ ਠਰੂੰਮਾ।ਉਹਦੀ ਦੁਨੀਆਂ ਦੇਖੀ ਹੋਈ ਸੀ।ਬਹੂ ਕੱਲ੍ਹ ਦੀ ਚੀਚਲੀ।ਆਏ ਤਾਂ ਉਹ ਮਿਲਣ-ਗਿਲਣ ਸੀ, ਤੱਤੀਆਂਠੰਡੀਆਂ ਆਖ-ਸੁਣ ਕੇ ਚਲੇ ਗਏ। ਫੇਰ ਵੀ ਚਤਿੰਨ ਕੁਰ ਨੇ ਦੋ-ਤਿੰਨ ਕਿਲੋ ਮੂੰਗੀ, ਅੱਧਾ ਗੱਟਾ ਛੋਲਿਆ ਦਾ, ਵਿੱਚ ਮੱਕੀ ਦੇ ਦਾਣਿਆਂ ਦੀ ਪੋਟਲੀ, ਸੁੱਕੀਆਂ ਭੂਕਾਂ ਸਮੇਤ ਲਸਣ ਦਾ ਮੁੱਠਾ, ਸਾਰਾ ਨਿੱਕ-ਸੁੱਕ ਬੰਨ੍ਹ ਕੇ ਦਿੱਤਾ। ਪੋਤੇ-ਪੋਤੀ ਦਾ ਮੂੰਹ ਚੁੰਮਿਆ। ਨੂੰਹ ਮੁੰਡੇ ਨੂੰ ਹਿੱਕ ਨਾਲ ਲਾਇਆ।

ਉਹ ਜਦੋਂ ਵੀ ਕਦੇ ਦੂਰ-ਸ਼ਹਿਰੋਂ ਆਉਂਦੇ, ਦੋ ਦਿਨ ਰਹਿੰਦੇ, ਚਾਰ ਦਿਨ ਰਹਿੰਦੇ ਲੜ-ਝਗੜ ਕੇ ਜਾਂਦੇ। ਚਤਿੰਨ ਕੁਰ ਖਿੱਝ ਕੇ ਆਖਦੀ-ਏਥੇ ਆਉਂਦੇ ਕਾਹਨੂੰ ਹੁੰਨੇ ਓਂ, ਜੇ ਇਹੀ ਕਾਟੋ ਕਲੇਸ਼ ਪਾਉਣਾ ਹੁੰਦੈ। ਦੁਖੀ ਕਰਦੇ ਓ ਆ ਕੇ ਸਾਡੀ ਜਾਨ।

ਹੁਣ ਕੁਝ ਸਾਲਾਂ ਤੋਂ ਜਗਰੂਪ ਪਿਓ ਨੂੰ ਕਹਿ ਰਿਹਾ ਸੀ ਕਿ ਮੋਟਰ ਵਾਲੀ ਦੋ ਕਿੱਲੇ ਜ਼ਮੀਨ ਵੇਚ ਕੇ ਉਹਨੂੰ ਪੈਸੇ ਦਿੱਤੇ ਜਾਣ। ਉਹਨੇ ਸ਼ਹਿਰ ਵਿੱਚ ਪਲਾਟ ਲੈਣਾ ਹੈ। ਜ਼ਮੀਨ ਕੀ ਦਿੰਦੀ ਹੈ, ਪਲਾਟ ਤਾਂ ਅਗਲੇ ਸਾਲ ਦੁੱਗਣੀ ਰਕਮ ਦੇ ਜਾਂਦਾ ਹੈ। ਚੁੰਮਣ ਨੂੰ ਦਾ ਚਿੱਟਾ ਜਵਾਬ ਸੀ। ਉਹ ਆਖਦਾ-‘ਜ਼ਮੀਨ ਕੋਈ ਵੇਚਣ ਵਾਲੀ ਚੀਜ਼ ਐ? ਜੱਟ ਜ਼ਮੀਨ ਵੇਚਦਾ ਨੀ ਹੁੰਦਾ, ਲੈਂਦਾ ਹੁੰਦੈ।” ਉਹ ਸਗੋਂ ਸੁਝਾਓ ਦਿੰਦਾ-ਤੂੰ ਕਮਾਈ ਕਰ, ਹੋਰ ਕਿੱਲਾ ਲੈ ਕੇ ਦੇਹ ਐਥੇ ਆਪਣੇ ਪਿੰਡ। ਜ਼ਮੀਨ ਦੀ ਤਾਂ ਸਰਦਾਰੀ ਐ। ਪਲਾਟਪਲੂਟ ਬਾਣੀਆਂ ਦਾ ਧੰਦਾ ਐ, ਭਾਈ।'

ਹੁਣ ਦੋ-ਢਾਈ ਮਹੀਨੇ ਪਹਿਲਾਂ ਜਦੋਂ ਜਗਰੂਪ ਪਿੰਡ ਆਇਆ ਸੀ, ਪਿਓ ਨੂੰ ਖ਼ਾਸਾ ਹੀ ਔਖਾ ਬੋਲ ਗਿਆ। ਅਖੇ-ਕੁੜੀਆਂ ਦੀ ਲਾਰ ਲਾ ’ਤੀ। ਕੀ ਲੋੜ ਸੀ ਐਨੇ ਜੁਆਕ ਜੰਮਣ ਦੀ? ਜਦੋਂ ਮੈਂ ਹੈਗਾ ਸੀ। ਸ਼ਿੰਦਰੋ ਕਿਉਂ ਜੰਮੀ?

ਮੁੰਡੇ ਦੀਆਂ ਕੌੜੀਆਂ ਗੱਲਾਂ ਸੁਣ-ਸੁਣ ਫੁੱਮਣ ਸੂ ਦਿਮਾਗ ਸੁੰਨ ਹੋ ਗਿਆ। ਪੁੱਤ ਹੈ ਫੇਰ ਵੀ, ਕੀ ਬੋਲੇ ਉਹ ਹੁਣ ਉਹਨੂੰ? ਫੁੱਮਣ ਨੂੰ ਕਹਿਣ ਲੱਗਿਆ-ਤੈਨੂੰ ਜੰਮਿਆ, ਪਾਲਿਆ, ਐਡਾ ਕੀਤਾ। ਫੇਰ ਵਿਆਹ ਕੀਤਾ ਤੇਰਾ। ਮਾੜਾ ਕੰਮ ਕੀਤਾ ਕੋਈ ਮੈਂ?”

‘ਜੰਮਿਆ ਹੋਊ, ਸਾਰੀ ਦੁਨੀਆ ਜੰਮਦੀ ਐ। ਆਵਦੇ ਸੁਆਦ ਨੂੰ ਜੰਮਿਆ ਹੋਊ ਤੂੰ ਮੈਨੂੰ। ਜਗਰੂਪ ਨੇ ਉਹ ਆਖ ਦਿੱਤੀ, ਜਿਹੜੀ ਕੋਈ ਵੀ ਪੁੱਤ ਆਪਣੇ ਪਿਓ ਨੂੰ ਨਹੀ ਆਖਦਾ ਹੁੰਦਾ।

ਉਸ ਦਿਨ ਉਹਦੇ ਉੱਤੇ ਪਤਾ ਨਹੀਂ ਕੀ ਭੂਤ ਸਵਾਰ ਸੀ, ਉਹ ਚਤਿੰਨ ਕੁਰ ਨੂੰ ਭੱਜ-ਭੱਜ ਪੈਂਦਾ-ਤੇਰੇ ਕੀੜੇ ਪੈਣਗੇ, ਮਾਂ। ਤੇਰਾ ਮਾਸ ਗਿਰਝਾਂ ਨੇ ਨੀ ਖਾਣਾ। ਤੂੰ ਨਰਕਾਂ ਨੂੰ ਜਾਏਂਗੀ।”

ਪਿਓ ਨੂੰ ਆਖਦਾ-ਤੂੰ ਕੰਜਰ ਐਂ, ਕੰਜਰ। ਕੁੱਤਾ-ਕਮੀਨਾ ਐਂ ਤੂੰ । ਜੁਆਕਾਂ ਦੀ ਹੇੜ੍ਹ ਲਾ ’ਤੀ। ਤੂੰ ਛੱਡਿਆ ਕੀਹ ਐ ਮੇਰੀ ਖ਼ਾਤਰ? ਸਾਰਾ ਘਰ ਕੁੜੀਆਂ ’ਤੇ ਮੂਧਾ ਕਰ ਤਾ।

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ

186