ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/188

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੰਮ

ਪਥੇਰਿਆ ਦੀਆਂ ਤਿੰਨੇ ਕੁੱਲੀਆਂ ਵਿੱਚ ਉਸ ਦਿਨ ਸਵੇਰੇ ਤੋਂ ਹੀ ਚੁੱਪ-ਚਾਂ ਸੀ। ਨਹੀਂ ਤਾਂ ਪਹਿਲਾਂ ਸਵੇਰੇ-ਸਵੇਰੇ ਉਹਨਾਂ ਦੀਆਂ ਜ਼ਨਾਨੀਆਂ ਉੱਚਾ-ਉੱਚਾ ਬੋਲਦੀਆਂ। ਬੰਦਿਆਂ ਵਿਚੋਂ ਕੋਈ ਰਾਗਣੀ ਗਾ ਰਿਹਾ ਹੁੰਦਾ। ਛੋਟੇ ਬੱਚੇ ਰੋਂਦੇ ਜਾਂ ਆਪਸ ਵਿੱਚ ਲੜਦੇ-ਝਗੜਦੇ ਚੀਕਾਂ ਮਾਰਦੇ, ਚੁੱਲ੍ਹੇ ਦੀਆਂ ਲੱਕੜਾਂ ਨਾਲ ਖੇਡ ਰਹੇ ਹੁੰਦੇ। ਚੁੱਲ੍ਹਿਆਂ ਵਿਚੋਂ ਚਿੱਟਾ ਧੂੰਆਂ ਉੱਠਦਾ, ਬਾਲਣ ਦੀਆਂ ਲੱਕੜਾਂ ਟੁੱਟਣ ਦੀ ਆਵਾਜ਼ ਸੁਣਦੀ, ਚੁੱਲ੍ਹਿਆਂ ਦਾ ਚਾਨਣ ਜ਼ਿੰਦਗੀ ਦਾ ਅਹਿਸਾਸ ਕਰਾਉਂਦਾ ਅਤੇ ਤਵੇ ਉੱਤੇ ਰੋਟੀ ਪਾ ਰਹੀ ਜ਼ਨਾਨੀ ਦਾ ਚਿਹਰਾ ਕੁੱਲੀ ਦਾ ਲੇਖਾ-ਜੋਖਾ ਦਰਸਾਉਂਦਾ। ਉਸ ਸਵੇਰ ਅਜਿਹਾ ਕੁਝ ਵੀ ਨਹੀਂ ਸੀ। ਬੱਸ, ਇੱਕ ਕੁੱਲੀ ਦੇ ਚੁੱਲ੍ਹੇ ਉੱਤੇ ਚਾਹ ਦਾ ਪਤੀਲਾ ਉਬਲਿਆ ਸੀ। ਬੰਦਿਆਂ ਤੇ ਜ਼ਨਾਨੀਆਂ ਨੇ ਚਾਹ ਦਾ ਗਿਲਾਸ-ਗਿਲਾਸ ਪੀਤਾ ਸੀ ਅਤੇ ਚੁੱਪ-ਚੁਪੀਤੇ ਹੀ ਆਪਣੇ ਕੰਮ ਉੱਤੇ ਚਲੇ ਗਏ ਸਨ। ਕੁੱਲੀ ਵਿੱਚ ਨਿੱਕੀ ਜਿਹੀ ਮੰਜੀ ਉੱਤੇ ਸਿੱਧੀ ਪਈ ਮਾਂ ਦਾ ਚਿਹਰਾ ਲਛੁਏ ਨੇ ਇੱਕ ਹੋਰ ਕੱਪੜੇ ਨਾਲ ਢਕ ਦਿੱਤਾ ਸੀ।

ਦੀਵਾਲੀ-ਦੁਸ਼ਹਿਰੇ ਤੋਂ ਪਹਿਲਾਂ ਦੇ ਦਿਨ। ਗਰਮੀ ਮੁੱਕ ਰਹੀ ਹੁੰਦੀ, ਸਰਦੀ ਸ਼ੁਰੂ ਹੋ ਰਹੀ ਹੁੰਦੀ। ਛਾਂ ਵਿੱਚ ਖੜੋ ਤਾਂ ਪਾਲਾ ਲਗਦਾ, ਧੁੱਪ ਵਿੱਚ ਖੜੋ ਤਾਂ ਛਾਵੇਂ ਜਾਣ ਨੂੰ ਜੀਅ ਕਰਦਾ। ਇਹਨਾਂ ਦਿਨਾਂ ਵਿੱਚ ਆਕਾਸ਼ ਉੱਤੇ ਬੱਦਲਾਂ ਦਾ ਕਿਧਰੇ ਨਾਂਨਿਸ਼ਾਨ ਨਹੀਂ ਹੁੰਦਾ। ਮੀਂਹ ਦੀਆਂ ਕਣੀਆਂ ਦੂਰ ਸਮੁੰਦਰਾਂ ਦੀ ਕੁੱਖ ਵਿੱਚ ਜਾ ਕੇ ਸੌਂ ਚੁੱਕੀਆਂ ਹੁੰਦੀਆਂ ਸਨ। ਇਹਨਾਂ ਦਿਨਾਂ ਵਿੱਚ ਹੀ ਭੱਠਿਆਂ ਦੀਆਂ ਚਿਮਨੀਆਂ ਵਿਚੋਂ ਧੂੰਆਂ ਨਿੱਕਲਣਾ ਸ਼ੁਰੂ ਹੁੰਦਾ ਹੈ। ਨਵੀਆਂ ਇੱਟਾਂ ਪੱਥਣ ਤੇ ਸੁੱਕੀਆਂ ਇੱਟਾਂ ਦੀ ਭਰਾਈ ਜ਼ੋਰ ਸ਼ੋਰ ਨਾਲ ਹੋ ਰਹੀ ਹੁੰਦੀ ਹੈ। ਜਮਾਂਦਾਰ ਪਥੇਰਿਆਂ ਤੇ ਭਰਾਵਿਆਂ ਦੇ ਪੜਾਂ ਉੱਤੇ ਅੱਗ ਮਚਾਈ ਰੱਖਦੇ ਹਨ।

ਇਸ ਇਲਾਕੇ ਵਿੱਚ ਪਥੇਰ ਦਾ ਕੰਮ ਉੱਤਰ ਪ੍ਰਦੇਸ਼ ਤੋਂ ਮੇਰਠ, ਮੁਜ਼ੱਫਰਪੁਰ ਤੇ ਸਹਾਰਨਪੁਰ ਜ਼ਿਲਿਆਂ ਦੇ ਰਮਦਾਸੀ ਜਾਤੀ ਦੇ ਲੋਕ ਆ ਕੇ ਕਰਦੇ ਸਨ। ਸੁੱਕੀਆਂ ਇੱਟਾਂ ਦੀ ਭਰਾਈ ਇੱਧਰ ਦੇ ਹੀ ਬੰਦਿਆਂ ਹੱਥ ਹੈ। ਖੱਚਰ-ਰੇਹੜਿਆਂ ਦੀ ਭਰਮਾਰ ਦੀ ਭਰਮਾਰ। ਮਿੱਟੀ ਦੇ ਭਾਂਡੇ ਬਣਾਉਣ ਦਾ ਕੰਮ ਤਾਂ ਕਿਸੇ-ਕਿਸੇ ਘਰ ਕੋਲ ਹੀ ਰਹਿ ਗਿਆ, ਬਾਕੀ ਸਭ ਖੱਚਰ-ਰੇਹੜੇ ਦਾ ਧੰਦਾ ਕਰਦੇ ਸਨ। ਪੱਕੀਆਂ ਇੱਟਾਂ ਦੀ ਢੁਆਈ, ਕਾਲੀ ਮਿੱਟੀ, ਪੀਲੀ ਮਿੱਟੀ, ਰੇਤਾ, ਬਜਰੀ.... ਅਨੇਕਾਂ ਹੋਰ ਕੰਮ ਹਨ।

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ

188