ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/197

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖੱਟੀ ਲੱਸੀ ਪੀਣ ਵਾਲੇ

ਗਿੰਦਰ ਤੇ ਚੰਦ ਦੋ ਭਰਾ ਸਨ। ਗਿੰਦਰ ਵੱਡਾ ਤੇ ਚੰਦ ਛੋਟਾ। ਜ਼ਮੀਨ ਉਨ੍ਹਾਂ ਕੋਲ ਸਾਰੀ ਹੀ ਦਸ ਘੁਮਾਂ ਸੀ।

ਉਨ੍ਹਾਂ ਦਾ ਪਿਓ ਇਕੱਲਾ ਸੀ ਤੇ ਜਵਾਨੀ-ਪਹਿਰੇ ਵੀ ਉਸ ਤੋਂ ਵਾਹੀ ਦਾ ਕੰਮ ਚੰਗਾ ਨਹੀਂ ਸੀ ਤੁਰਿਆ। ਆਪਣੀਆਂ ਦੋ ਭੈਣਾਂ ਦੇ ਵਿਆਹ, ਜਿਹੜੇ ਉਸਨੇ ਆਪ ਹੀ ਕੀਤੇ ਸਨ, ਕਿਸੇ ਬਾਣੀਏ ਤੋਂ ਕਰਜ਼ਾ ਲੈ ਕੇ ਕੀਤੇ ਸਨ। ਕਰਜ਼ਾ ਦਿਨੋ-ਦਿਨ ਟਿੱਬੇ ਦੇ ਰੇਤੇ ਵਾਂਗ ਵਧੀ ਜਾਂਦਾ ਸੀ। ਉਸ ਨੇ ਉਨ੍ਹਾਂ ਸਮਿਆਂ ਵਿੱਚ ਦੋ ਘੁਮਾਂ ਜ਼ਮੀਨ ਪਿੰਡ ਦੇ ਇੱਕ ਨਰੋਏ ਜ਼ਿੰਮੀਦਾਰ ਸੂਰਤਾ ਸਿੰਘ ਕੋਲ ਗਹਿਣੇ ਧਰਕੇ, ਉਸ ਬਾਣੀਏ ਦੇ ਸਾਰੇ ਕਰਜ਼ੇ ਦਾ ਜੂੜ ਵੱਢ ਦਿੱਤਾ ਸੀ।

ਕਹਿੰਦੇ, 'ਜੇ ਜੱਟ ਤਕੜਾ ਹੋਵੇ ਤਾਂ ਜ਼ਮੀਨ ਨੂੰ ਸਾਰੀ ਉਮਰ ਖਾਂਦਾ ਰਹਿੰਦਾ ਹੈ ਤੇ ਜੱਟ ਮਾੜਾ ਹੋਵੇ, ਤਾਂ ਜ਼ਮੀਨ ਉਲਟੀ ਜੱਟ ਨੂੰ ਖਾ ਜਾਂਦੀ ਹੈ। ਹਲ-ਵਾਹੀ ਦੇ ਕੰਮ ਵਿੱਚ ‘ਚਉਂ’ ਦਾ ਕੰਮ ਧਰਤੀ ਨੂੰ ਪੋਲਾ ਕਰਨਾ ਹੁੰਦਾ ਹੈ। ਧਰਤੀ ਨੂੰ ਪੋਲਾ ਜਿੰਨਾ ਕੋਈ ਜੱਟ ਬਹੁਤਾ ਕਰੇ, ਓਨਾ ਉਸ ਵਿਚੋਂ ਬਹੁਤਾ ਅੰਨ-ਪਦਾਰਥ ਨਿਕਲਦਾ ਹੈ। ਜੇ ਜੱਟ ‘ਚਉਂ ਨੂੰ ਧਰਤੀ ਵਿੱਚ ਬਹੁਤਾ ਨਾ ਵਰਤੇ, ਤਾਂ ਉਹ-ਚਉ ਧਰਤੀ ਨੂੰ ਪੋਲਾ ਕਰਨ ਦੀ ਥਾਂ ਜੱਟ ਨੂੰ ਪੋਲਾ ਕਰ ਦਿੰਦੀ ਹੈ। ਅੰਨ-ਪਦਾਰਥ ਦੀ ਥਾਂ ਫਿਰ ਜੱਟ ਵਿਚੋਂ ਨਿਕਲਦਾ ਹੈ-'ਸ਼ਾਹ ਦਾ ਕਰਜ਼ਾ' ਡੂਢੀਆਂ-ਸਵਾਈਆਂ 'ਕੁੜੀਆਂ ਦੇ ਪੈਸੇ ਵੱਟਣੇ' ਤੇ ਮੁੰਡਿਆਂ ਨੂੰ ਪੈਸੇ ਦੇ ਕੇ ਵਿਆਹੁਣਾ।

ਦੋ ਘੁਮਾਂ ਜ਼ਮੀਨ ਤਾਂ ਉਨ੍ਹਾਂ ਦੇ ਪਿਓ ਨੇ ਸੁਰਤਾ ਸਿੰਘ ਕੋਲ ਗਹਿਣੇ ਧਰੀ ਹੋਈ ਸੀ, ਪਰ ਕਦੇ ਸੌ ਕਦੇ ਦੋ ਸੌ ਕਰਕੇ ਹੋਰ ਦੋ ਹਜ਼ਾਰ ਰੁਪਈਆਂ ਵਿਆਜੂ ਵੀ ਸੂਰਤ ਸਿੰਘ ਨੇ ਉਸ ਦੇ ਸਿਰ ਕਰ ਲਿਆ ਸੀ। ਹਾੜੀ ਸੌਣੀ ਮੋੜ-ਮੋੜ ਕੇ ਵੀ ਰਕਮ ਓਨੀ ਦੀ ਓਨੀ ਖੜੀ ਰਹਿੰਦੀ, ਕਦੇ ਗਾਂ ਦਾ ਰੱਸਾ ਫੜਾ ਦਿੱਤਾ, ਕਦੇ ਵੱਛੇ ਦਾ ਰੱਸਾ ਫ਼ੜਾ ਦਿੱਤਾ ਤੇ ਕਦੇ ਕੋਈ ਝੋਟੀ ਦੇ ਦਿੱਤੀ ਅਤੇ ਜਿੰਨਾਂ ਚਿਰ ਉਨ੍ਹਾਂ ਦਾ ਪਿਓ ਜਿਉਂਦਾ ਰਿਹਾ, ਉਸ ਤੋਂ ਸੂਰਤਾ ਸਿੰਘ ਕੋਲੋਂ ਕਦੇ ਵੀ ਖਹਿੜਾ ਨਾ ਛੁਡਾਇਆ ਗਿਆ। ਸਾਲ ਵਿੱਚ ਜਿੰਨਾ ਰੁਪਈਆ ਉਹ ਉਚਾਰਦਾ ਸੀ, ਓਦੂੰ ਦੁਗਣਾ ਹੋਰ ਲੈ ਲੈਂਦਾ ਸੀ। ਗਿੰਦਰ ਦਾ ਜਦੋਂ ਵਿਆਹ ਕੀਤਾ, ਓਦੋਂ ਵੀ ਚਾਰ ਹਜ਼ਾਰ ਸੂਰਤਾ ਸਿੰਘ ਨੇ ਹੀ ਦਿੱਤਾ ਸੀ ਤੇ ਜਦੋਂ ਚੰਦਾ ਦਾ ਵਿਆਹ ਕੀਤਾ, ਓਦੋਂ ਦੋ ਹਜ਼ਾਰ ਵਿਆਜੁ ਲਿਆ ਸੀ ਤੇ ਦੋ ਹਜ਼ਾਰ ਦੀ ਦੋ ਘੁਮਾਂ ਜ਼ਮੀਨ ਹੋਰ ਗਹਿਣੇ ਧਰ ਦਿੱਤੀ ਸੀ।

ਖੱਟੀ ਲੱਸੀ ਪੀਣ ਵਾਲੇ

197