ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵੱਲ ਕਰਨਾ ਚਾਹਿਆ। ਕੁੜੀ ਕੁਝ ਨਹੀਂ ਬੋਲੀ। ਇੱਕ ਬਿੰਦ ਰੁਕੀ, ਸੂਹਣ ਦਾ ਮੁੱਠਾ ਠੋਕਰਿਆ ਤੇ ਫਿਰ ਸੰਭਰਨ ਲੱਗ ਪਈ। ਜਿਵੇਂ ਕੁਝ ਵਾਪਰਿਆ ਹੀ ਨਾ ਹੋਵੇ। ਮੁੰਡਾ ਤੇਜ਼ੀ ਨਾਲ ਅੱਗੇ ਨਿਕਲ ਗਿਆ। ਤੇ ਫਿਰ ਕਈ ਦਿਨਾਂ ਬਾਅਦ ਉਸੇ ਮੁੰਡੇ ਨੇ ਕੁੜੀ ਦੀ ਚੁੰਨੀ ਫਿਰ ਖਿੱਚੀ। ਇਸ ਵਾਰ ਤਾਂ ਕੁੜੀ ਕੜਕ ਉੱਠੀ- 'ਥਾਰੀ ਛੋਕਰੀ ਨੈ' ... ਉਹ ਦੌੜ ਗਿਆ। ਕਿਸੇ ਹੋਰ ਨੇ ਉਸ ਨੂੰ ਨਹੀਂ ਦੇਖਿਆ।
ਅਰਜਨ ਸਿੰਘ ਦੇ ਮੁੰਡੇ ਨੇ ਇੱਕ ਦਿਨ ਉਸ ਨੂੰ ਭੀੜੀ ਗਲੀ ਵਿੱਚ ਸੰਭਰਦਿਆਂ ਵੀ ਦੇਖਿਆ। ਉਹ ਕੋਈ ਫ਼ੈਸਲਾ ਲੈ ਗਿਆ ਸੀ। ਭੀੜੀ ਗਲੀ ਵਿੱਚ ਦੋ ਤਿੰਨ ਹੀ ਬਾਰ ਸਨ। ਇੱਕ ਬਾਰ ਇੱਕ ਸੁੰਨੇ ਘਰ ਦਾ ਸੀ। ਉਸ ਘਰ ਦਾ ਇੱਕ ਬਾਰ ਦੂਜੇ ਪਾਸੇ ਵੀ ਸੀ। ਘਰ ਕੀ ਸੀ, ਬਸ ਇੱਕ ਸਬਾਤ ਤੇ ਭੀੜੀ ਗਲੀ ਵਾਲੇ ਪਾਸੇ ਇੱਕ ਡਿਉਢੀ ਜਿਹੀ। ਸਬਾਤ ਤੇ ਡਿਉਢੀ ਵਿੱਚ ਸਮਾਨ ਕੋਈ ਨਹੀਂ ਸੀ। ਕੋਈ ਇਸ ਨੂੰ ਛੱਡ ਕੇ ਸ਼ਹਿਰ ਜਾ ਵੱਸਿਆ ਸੀ। ਅਰਜਨ ਸਿੰਘ ਦੇ ਮੁੰਡੇ ਨੇ ਦੂਜੇ ਪਾਸਿਓਂ ਸਬਾਤ ਦੀ ਦੇਹਲੀ ਨੂੰ ਲੱਗਿਆ ਜਿੰਦਾ ਕਿਸੇ ਵੇਲੇ ਭੰਨਿਆ ਸੀ ਤੇ ਡਿਉਢੀ ਦਾ ਅੰਦਰਲਾ ਕੁੰਡਾ ਖੋਲ੍ਹ ਕੇ ਇੱਕ ਵਿਉਂਤ ਮਿਥ ਲਈ ਸੀ। ਵਿਹੜੇ ਵਿੱਚ ਛਾਲ ਮਾਰ ਕੇ ਹੀ ਉਸ ਨੇ ਸਬਾਤ ਦਾ ਜਿੰਦਾ ਭੰਨਿਆ ਹੋਵੇਗਾ।
ਇੱਕ ਦਿਨ ਸਵੇਰੇ-ਸਵੇਰੇ ਬਿਲੂਏ ਭੰਗੀ ਦੀ ਮੁਟਿਆਰ ਧੀ ਉਸ ਭੀੜੀ ਗਲੀ ਵਿੱਚ ਝਾੜੂ ਦੇਣ ਆਈ ਤਾਂ ਅਰਜਨ ਸਿੰਘ ਦੇ ਮੁੰਡੇ ਨੇ ....। ਬਿਲੂਏ ਨੂੰ ਪਤਾ ਲੱਗਿਆ ਤੇ ਆਪਣੀ ਧੀ ਦਾ ਇਹ ਹਾਲ ਦੇਖਿਆ ਤਾਂ ਉਹ ਪੱਟਾਂ ਉੱਤੇ ਹੱਥ ਮਾਰ ਕੇ ਬੈਠ ਗਿਆ। ਇੱਕ ਉੱਚੀ ਧਾਹ ਮਾਰੀ। ਇਸ ਪਿੰਡ ਤੋਂ ਪਹਿਲਾਂ ਦੋ ਪਿੰਡਾਂ ਵਿੱਚ ਹੋਰ ਵੀ ਉਹ ਕੰਮ ਕਰ ਆਇਆ ਸੀ। ਉਥੋਂ ਦੇ ਲੋਕ ਤਾਂ ਇਹੋ ਜਿਹੇ ਨਹੀਂ ਸਨ। ਉਹਨਾਂ ਪਿੰਡਾਂ ਦੇ ਲੋਕ ਤਾਂ ਬੜੇ ਸ਼ਰੀਫ਼ ਸਨ, ਬੜੇ ਭਲੇਮਾਣਸ। ਹਰ ਇੱਕ ਦੀ ਧੀ ਭੈਣ ਨੂੰ ਆਪਣੀ ਸਮਝਣ ਵਾਲੇ ਪਰ ਬਿਲੂਏ ਭੋਲੇ ਨੂੰ ਇਹ ਪਤਾ ਨਹੀਂ ਹੋਵੇਗਾ ਕਿ ਉਹਨਾਂ ਪਿੰਡਾਂ ਵੇਲੇ ਤਾਂ ਉਸ ਦੀ ਧੀ ਬਹੁਤ ਨਿੱਕੀ ਸੀ।
ਸ਼ਾਮ ਤੱਕ ਹਰ ਮੂੰਹ ਉੱਤੇ ਗੱਲ ਸੀ- 'ਐਡਾ ਵੱਡਾ ਘਰ ਐ ਅਰਜਨ ਸਿੰਘ ਦਾ ਇਹ ਕੀ ਲੋਹੜਾ ਮਾਰਿਆ ਉਹਦੇ ਮੁੰਡੇ ਨੇ? ਆਵਦੀ ਤਾਂ ਛੱਡ ਰੱਖੀ ਐ, ਉਹਨੂੰ ਤਾਂ ਸਿਆਣਦਾ ਨ੍ਹੀ, ਗਰੀਬਾਂ 'ਤੇ ਵਾਰ ਕਰ 'ਤਾ। ਪਰਦੇਸੀ ਈ ਤਕਾ ਲੇ ਨਾ.....'
ਤੇ ਫਿਰ ਦੂਜੇ ਦਿਨ ਕਿਸੇ ਨੇ ਬਿਲੂਏ ਨੂੰ ਕਿਹਾ ਕਿ ਉਹ ਲੋਕਾਂ ਦਾ ਇਕੱਠ ਬੁਲਾਏ। ਆਪਣੀ ਅਰਜ਼ ਕਰੇ। ਕੁਝ ਤਾਂ ਕਹੇਗੀ, ਪੰਚਾਇਤ। ਕਲ੍ਹ ਨੂੰ ਹੋਰ ਕਿਸੇ ਨੂੰ ਮੂੰਹ ਪਵੇਗਾ।
ਸੋ ਅੱਜ ਸਵੇਰੇ ਪਿੰਡ ਦੀ ਸੱਥ ਵਿੱਚ ਲੋਕਾਂ ਦਾ ਇਕੱਠ ਸੀ। ਬਿਲੂਆ ਭੰਗੀ ਬੋਲ ਰਿਹਾ ਸੀ...,
'ਗੱਲ ਸੁਣ ਓਏ, ਗੱਲ ਸੁਣ ਤੂੰ ਮੇਰੀ। ਜਿਹੜਾ ਤੂੰ ਸਾਨੂੰ ਐਥੈ ਸੱਦ ਕੇ ਇਹ ਗੱਲ ਕੀਤੀ ਐ ਨਾ, ਤੈਂ ਤਾਂ ਆਪ ਮਿੱਟੀ ਪੱਟ ਲੀ ਭਲਿਆਮਾਣਸਾ....।' ਸਰਪੰਚ ਉਸ ਨੂੰ ਸਮਝਾ ਰਿਹਾ ਸੀ।

'ਜੇ ਮਾੜ੍ਹਾ ਜਾ ਹੱਥ ਲਾ 'ਤਾ ਤਾਂ ਦੱਸ ਕੀ ਗਜਬ ਹੋ ਗਿਆ। ਐਵੇਂ ਚੱਕ 'ਤਾ ਤੈਨੂੰ ਕਿਸੇ ਨੇ। ਜੇ ਕੋਈ ਵੱਡੀ ਗੱਲ ਹੋਈ ਹੁੰਦੀ, ਫੇਰ ਤਾਂ ਅਸੀਂ ਮੰਨਦੇ। ਇਹ ਤਾਂ....।' ਇੱਕ ਪੰਚ ਬੋਲਣ ਲੱਗਿਆ।

20

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ