ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/203

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਨ੍ਹਾਂ ਦੀ ਕਿਚਰ ਕਿਚਰ ਬਿਲਕੁਲ ਬੰਦ ਹੋ ਜਾਂਦੀ। ਜਿਵੇਂ ਉਨ੍ਹਾਂ ਕੋਲੋਂ ਸਾਰੀਆਂ ਮਸ਼ਕਰੀਆਂ ਮੁੱਕ ਗਈਆਂ ਹੋਣ ਤੇ ਕਿਸੇ ਵੀ ਕੁੜੀ ਨੂੰ ਕੋਈ ਨਵੀਂ ਗੱਲ ਨਾ ਔੜਦੀ ਹੋਵੇ। ਕੋਈ ਕੁੜੀ ਫੇਰ ਉਹੀ ਘਸਿਆ ਹੋਇਆ ਸਵਾਲ ਕਰ ਦਿੰਦੀ-"ਵੇ ਮੁਕੰਦ, ਤੂੰ ਆਪਣੀ ਭੈਣ ਨੂੰ ਨਾਲ ਨਾ ਲੈ ਕੇ ਆਇਆ??

ਦੂਜੀ ਪੁੱਛਦੀ-"ਵੇ ਮੁਕੰਦ, ਵੇ ਮੁਕੰਦ, ਮਾਂ ਨੇ ਤੈਨੂੰ ਕਿੰਨੇ ਰੁਪਈਏ ਦਿੱਤੇ ਨੇ, ਸਾਲੀਆਂ ਨੂੰ ਦੇਣ ਨੂੰ?"

"ਵੇ ਤੂੰ ਮਾਂ ਨੂੰ ਕਹਿੰਦਾ ਬਈ ਤੈਨੂੰ ਚੱਜ ਦਾ ਤਾਂ ਜੰਮਦੀ?" ਇੱਕ ਕੁੜੀ ਨੇ ਮੇਰੇ ਗੰਦਮੀ ਰੰਗ ਉੱਤੇ ਚੋਟ ਕੀਤੀ।

ਮੈਂ ਤਾਂ ਘਾਊਂ ਮਾਊਂ ਜਿਹਾ ਪਹਿਲਾਂ ਹੀ ਸਾਂ, ਦੇਸੂ ਤੇ ਮੱਖਣ ਵੀ ਚੁੱਪ ਕਰਕੇ ਬੈਠੇ ਰਹੇ।

"ਮਾਂ ਦਾ ਕੀ ਦੋਸ਼ ਐ ਵਿਚਾਰੀ ਦਾ।"

"ਨੀ ਪਿਓ ਦਾ ਤਾਂ ਇਹ ਲੱਗਦਾ ਨੀ।"

ਤੇ ਫਿਰ ਕਿੰਨੇ ਹੀ ਸਵਾਲ। ਕਿੰਨੀਆਂ ਹੀ ਚੋਟਾਂ। ਤੇ ਫਿਰ ਕਿਚਰ ਕਿਚਰ। ਕਾਵਾਂ-ਰੌਲੀ। ਕਿਸੇ ਦੀ ਕੋਈ ਸਮਝ ਨਾ। ਇਸ ਤਰ੍ਹਾਂ ਦਾ ਮਾਹੌਲ ਦੇਖ ਕੇ ਤੇ ਜ਼ਿੰਦਗੀ ਵਿੱਚ ਪਹਿਲੀ ਵਾਰ ਇਹੋ ਜਿਹੇ ਸਵਾਲ ਆਪਣੇ ਉੱਤੇ ਹੁੰਦੇ ਸੁਣ ਕੇ ਮੈਨੂੰ ਹਰਖ਼ ਜਿਹਾ ਚੜ੍ਹ ਗਿਆ। ਮੇਰਾ ਚਿਹਰਾ ਘਟਿਆ ਗਿਆ।

ਦੇਸੂ ਨੇ ਖੰਘੂਰ ਮਾਰੀ ਤੇ ਬੁੱਕ ਨੂੰ ਸੰਘਾਂ ਲੰਘਾ ਕੇ ਆਖਿਆ-"ਤੁਸੀਂ ਕੋਈ ਚੱਜ ਦੀ ਗੱਲ ਤਾਂ ਕਰੋ। ਬੈਠੋ, ਕੋਈ ਮਤਲਬ ਦੀ ਗੱਲ ਛੇੜੋ। ਤੁਸੀਂ ਤਾਂ ਚੁਹੜੀਆਂ ਮਾਤ ਪਾ ਤੀਆਂ।

"ਤੂੰ ਚੁੱਪ ਕਰਕੇ ਬੈਠਾ ਰਹਿ ਕੇ ਆਂਡਲਾ। ਚੂਹੜੀ ਤੇਰੀ ਮਾਂ ਹੋਊਗੀ। ਨਹੀਂ ਭੈਣ ਨੂੰ ਬਣਾ ਲੈ ਚੂਹੜੀ। ਤੇਰੀ ਮਾਂ ਨੇ ਕੀ ਵੰਡਿਆ ਸੀ ਵੇ ਤੇਰੇ ਜੰਮੇ ਤੋਂ?

"ਕੋਲੇ ਇੱਕ ਕੁੜੀ ਨੇ ਨਾਲ ਦੀ ਨਾਲ ਆਖ ਦਿੱਤਾ।

"ਨਹੀਂ, ਇੱਟਾਂ! ਕੋਲੇ ਤਾਂ ਮੁਕੰਦ ਦੀ ਮਾਂ ਨੇ ਵੰਡੇ ਹੋਣਗੇ।" ਇੱਕ ਹੋਰ ਕੁੜੀ ਟੇਢੇ ਢੰਗ ਨਾਲ ਦੇਸੁ ਦੇ ਗੋਰੇ ਰੰਗ ਦੀ ਤਾਰੀਫ਼ ਕਰ ਗਈ ਸੀ।

ਮੱਖਣ ਜਿਹੜਾ ਗੱਲ ਦਾ ਮੋੜ ਦੇਣ ਵਿੱਚ ਆਪਣੇ ਆਪ ਨੂੰ ਖੱਬੀਖਾਨ ਸਮਝਦਾ ਸੀ ਹੁਣ ਗੁੰਨਰਵੱਟਾ ਬਣਿਆ ਬੈਠਾ ਸੀ। ਮੇਰੇ ਚੁੱਪ ਕੀਤੇ ਮੂੰਹ ਵੱਲ ਝਾਕ ਕੇ ਉਸ ਨੇ ਕੁੜੀਆਂ ਨੂੰ ਆਖਿਆ-"ਤੁਸੀਂ ਹਵਾ ਤਾਂ ਹੁਣ ਔਣ ਦਿਓ ਬਾਰ ਵਿੱਚ ਦੀ। ਬਹਿ ਜੋ ਜਾਂ ਅੰਦਰ ਲੰਘ ਆਓ। ਮੱਖਣ ਹੱਥ ਜੋੜ ਕੇ ਖੜ ਗਿਆ।

"ਇਹ ਦੇਖੋ ਨੀ ਖਾਂਘਾ ਜ਼ਾ, ਓਹੂੰ ਵੀ ਚੜ੍ਹਦੈ।" ਮੱਖਣ ਦੇ ਕਹਿਰੇ ਸਰੀਰ ਉੱਤੇ ਇੱਕ ਕੁੜੀ ਨੇ ਚੋਟ ਕੀਤੀ।

ਕੁੜੀਆਂ ਵਿਚੋਂ ਇੱਕ ਕੁੜੀ ਜਿਹੜੀ ਅਜੇ ਤਾਈ ਬੋਲੀ ਨਹੀਂ ਸੀ ਤੇ ਹੁਣ ਤੀਕ ਮੁਸਕਰਾ ਹੀ ਰਹੀ ਸੀ ਤੇ ਜਾਂ ਕਿਸੇ ਗੱਲ ਉੱਤੇ ਕਦੇ ਕਦੇ ਸੰਕੋਚਵਾਂ ਜਿਹਾ ਹੱਸੀ ਸੀ, ਨੇ ਮੈਨੂੰ ਆਖਿਆ-"ਮੁਕੰਦ ਮਹਿੰਦੀ ਦੱਸ ਕੀਹਦੇ ਹੱਥੋਂ ਲਟੌਣੀ ਐ, ਸਾਡੇ ਚੋਂ? ਤੂੰ ਉਂਗਲ ਕਰਦੇ ਜੀਹਦੇ ਕੰਨੀਂ ਕਰਨੀ ਐ।ਉਹ ਤੇਰੀ ਪੱਕੀ ਸਾਲੀ।ਉਹ ਮਹਿੰਦੀ ਲਾਉ, ਉਹੀ ਰੁਪਈਆ ਲਊ।

ਕੈਦਣ

203