ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/206

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਮੇਰੇ ਬੁੱਲਾਂ ਨੂੰ ਉਸ ਦੇ ਨਰਮ ਨਰਮ ਪੋਟਿਆਂ ਨੇ ਸਾਫ਼ ਕੀਤਾ ਤੇ ਫਿਰ ਪਾਣੀ ਦੀ ਗੜਵੀ ਉਸ ਨੇ ਮੇਰੇ ਮੂੰਹ ਨੂੰ ਲਾ ਦਿੱਤੀ। ਪਾਣੀ ਦੀ ਘੁੱਟ ਅੰਦਰ ਗਈ ਤਾਂ ਜਿਵੇਂ ਮੇਰੀ ਸੁਰਤ ਪਰਤ ਆਈ। ਮੈਨੂੰ ਲੱਗਿਆ ਜਿਵੇਂ ਉਹ ਮੇਰੀ ਸੱਸ ਹੋਵੇ। ਪਰ ਨਹੀਂ, ਉਹ ਸੱਸ ਨਹੀਂ ਸੀ। ਉਸ ਦੇ ਪੋਟੇ ਤਾਂ ਕੁਲੇ ਕੁਲੇ ਸਨ, ਅੰਗੁਰਾਂ ਦੀ ਛੋਹ ਵਰਗੇ। ਉਸ ਦੇ ਹੱਥ ਤਾਂ ਨਰਮ ਨਰਮ ਸਨ, ਨਿੱਘੇ ਨਿੱਘੇ, ਘੁੱਗੀਆਂ ਵਰਗੇ। ਫਿਰ ਮੈਂ ਸੋਚਿਆ, ਅਮਰਜੀਤ ਆਪ ਹੀ ਹੋਵੇਗੀ? ਪਰ ਨਹੀਂ, ਉਹ ਅਮਰਜੀਤ ਵੀ ਨਹੀਂ ਸੀ। ਜਦ ਉਹ ਕਰੰਟਵੈੱਲ ਦੀ ਆਪਣੀ ਚੁੰਨੀ ਨਾਲ ਮੇਰਾ ਮੂੰਹ ਪੂੰਝ ਰਹੀ ਸੀ, ਮੈਂ ਅੱਖਾਂ ਪੁੱਟ ਕੇ ਦੇਖਿਆ, ਇਹ ਤਾਂ ਉਹ ਕੁੜੀ ਸੀ-ਮਹਿੰਦੀ ਲਾਉਣ ਵਾਲੀ ਕੁੜੀ। ਪਤਲੀ ਜਿਹੀ, ਬੱਗੇ ਰੰਗ ਵਾਲੀ, ਮਧਰੀ ਜਿਹੀ, ਸਾਊ ਸਾਊ ਅੱਖਾਂ ਵਾਲੀ ਕੁੜੀ, ਵਿੰਦਰ।

"ਮੁਕੰਦ, ਤੂੰ ਔਖਾ ਤਾਂ ਨੀ ਬਾਹਲਾ?" ਮੇਰੇ ਮੱਥੇ ਉਤੋਂ ਸਿਰ ਦੇ ਵਾਲ ਆਪਣੀ ਹਥੇਲੀ ਨਾਲ ਪਿਛਾਂਹ ਹਟਾ ਕੇ ਉਸ ਨੇ ਪੁੱਛਿਆ। ਬੇਸੁਰਤੀ ਵਿੱਚ ਮੇਰੀ ਪੱਗ ਪਤਾ ਨਹੀਂ ਕਿੱਥੇ ਡਿੱਗੀ ਪਈ ਸੀ।

ਮੇਰੇ ਮੂੰਹੋਂ ਸਿਰਫ਼ ਐਨੀ ਗੱਲ ਹੀ ਨਿਕਲੀ, "ਹਾਏ! ਅਮਰਜੀਤ ਨੂੰ ਬੁਲਾ ਦੇ।"

"ਅਮਰਜੀਤ ਕਿਵੇਂ ਆਜ?" ਉਹ ਘਰਕੀ ਲੈ ਕੇ ਪਈ।

"ਹਾਏ ਅਮਰਜੀਤ! ਹਾਏ ਨੀ ਮਰ ਗਿਆ।" ਮੈਨੂੰ ਸ਼ਰਾਬੀਆਂ ਵਾਲਾ ਬੌੜ ਫੁੱਟ ਪਿਆ ਸੀ।

"ਤੈਂ ਅਮਰਜੀਤ ਤੋਂ ਕੀ ਲੈਣੈ? ਮੈਨੂੰ ਦੱਸ ਜਿਹੜੀ ਗੱਲ ਐ? ਕੀ ਚਾਹੀਦੈ ਬੋਲ ਤੈਨੂੰ?' ਵਿੰਦਰ ਨੇ ਮੇਰੇ ਸਿਰ ਦਾ ਜੂੜਾ ਕੱਸ ਕੇ ਬੰਨ੍ਹ ਦਿੱਤਾ। ਦੋ ਤਿੰਨ ਸੁੱਕੇ ਵੱਤ ਮੈਨੂੰ ਫਿਰ ਆਏ। ਮੇਰਾ ਕਾਲਜਾ ਇਕੱਠਾ ਹੋ ਕੇ ਜਿਵੇਂ ਗਲ ਵਿੱਚ ਫਸਿਆ ਸੀ। ਮੇਰੀ ਜਾਨ ਨਿਕਲਣ ਵਾਲੀ ਹੋ ਗਈ। ਉਸ ਨੇ ਮੇਰੀਆਂ ਦੋਵੇਂ ਪੁੜਪੁੜੀਆਂ ਘੁੱਟ ਲਈਆਂ। ਚੁੰਨੀ ਦੇ ਲੜ ਨਾਲ ਮੇਰਾ ਮੂੰਹ ਪੂੰਝਿਆ। ਗੜਵੀ ਵਿਚੋਂ ਪਾਣੀ ਦੀ ਘੁੱਟ ਭਰਵਾਈ। ਮੈਂ ਕੁਰਲੀ ਕੀਤੀ। ਦਰਵਾਜ਼ੇ ਵਿੱਚ ਘੁੱਪ ਹਨੇਰਾ ਸੀ। ਝੁਲਾਨੀ ਵਿੱਚ ਚਲਾ ਗੋਹਿਆ ਦੀ ਅੱਗ ਨਾਲ ਮਘਿਆ ਹੋਇਆ ਸੀ। ਚੁੱਲ੍ਹੇ ਉੱਤੇ ਪਤੀਲਾ ਕੜ੍ਹ ਰਿਹਾ ਸੀ। ਸਬਾਤ ਵਿੱਚ ਅੰਨੀ ਜਿਹੀ ਲਾਲਟੈਣ ਦਾ ਪੀਲਾ ਚਾਨਣ ਸੀ।

ਵੱਖੀ ਪਰਨੇ ਪਏ ਦੀ ਪਤਾ ਨਹੀਂ ਮੇਰੀ ਕਦੋਂ ਅੱਖ ਲੱਗ ਗਈ।ਵਿੰਦਰ ਪਤਾ ਨਹੀਂ ਕਦੋਂ ਮੇਰੇ ਕੋਲੋਂ ਚਲੀ ਗਈ।ਸੱਸ ਦੁੱਧ ਦਾ ਗਲਾਸ ਲੈ ਕੇ ਆਈ। ਮੇਰੇ ਅੰਦਰ ਤਾਂ ਪਾਣੀ ਦੀ ਤਿੱਪ ਮਸਾਂ ਪਚਦੀ ਸੀ। ਦੁੱਧ ਨੂੰ ਕਿਵੇਂ ਮੁੰਹ ਲਾਉਂਦਾ। ਦਰਵਾਜ਼ੇ ਵਿਚੋਂ ਉਂਘਲਾਇਆ ਜਿਹਾ ਉਠ ਕੇ ਮੈਂ ਪੌੜੀਆਂ ਚੜਿਆ ਤੇ ਚੁਬਾਰੇ ਵਿੱਚ ਜਾ ਪਿਆ। ਪੈਣ ਸਾਰ ਸੌ ਗਿਆ।

ਦੂਜੇ ਦਿਨ ਤੜਕੇ ਹੀ ਵਿੰਦਰ ਪਤਾ ਨਹੀਂ ਕੀ ਕਿੱਥੋਂ ਕੋਈ ਦਵਾਈ ਲਿਆਈ ਤੇ ਪਾਣੀ ਦੇ ਗਿਲਾਸ ਵਿੱਚ ਘੋਲ ਕੇ ਉਹ ਮੈਨੂੰ ਪਿਆ ਗਈ। ਦਵਾਈ ਪੀ ਕੇ ਮੈਨੂੰ ਦੋ ਤਿੰਨ ਡਕਾਰ ਆ ਗਏ ਤੇ ਮੇਰਾ ਅੰਦਰ ਖੁਲ੍ਹ ਜਿਹਾ ਗਿਆ।

"ਗੰਨਾ ਜੇ ਕਿਤੋਂ ਮਿਲਜੇ ਤਾਂ ਸਾਰਾ ਅੰਦਰ ਧੋਤਾ ਜਾਵੇ। ਮਿਲਜੂ ਮਾਂ ਜੀ ਕਿਤੋਂ?" ਮੈਂ ਸੱਸ ਤੋਂ ਪੁੱਛਿਆ।

206

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ