ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਪਿੱਛੇ ਕਾਹਨੂੰ ਕੂਹਣੀਓ-ਕੂਹਣੀ ਹੋਈ ਜਾਨੇ ਆਂ। ਹੋਰ ਲੜ ਕੇ ਮਰਾਂਗੇ। ਇਹਦਾ ਕੀ ਜਾਊ ਜਾਤ ਦਾ।' ਕੋਈ ਕਹਿੰਦਾ ਜਾ ਰਿਹਾ ਸੀ।
'ਨ੍ਹੇਰ ਪੈ ਗਿਆ ਯਾਰੋ ਦੁਨੀਆ 'ਤੇ, ਗ਼ਰੀਬ ਦੀ ਤਾਂ ਕੋਈ ਸੁਣਦਾ ਨ੍ਹੀਂ।' ਕੋਈ ਹੋਰ ਕਹਿ ਰਿਹਾ ਸੀ।
ਸੱਥ ਵਿੱਚ ਹੁਣ ਇੱਕ ਸਰਪੰਚ ਸੀ, ਦੋ ਬੰਦੇ ਹੋਰ ਤੇ ਜਾਂ ਬਿਲੂਆ ਡੱਕੇ ਨਾਲ ਮਿੱਟੀ ਖੁਰਚ ਰਿਹਾ ਸੀ।
'ਬਥੇਰੀ ਹੋ ਗਈ। ਤੂੰ ਹੁਣ ਜਾਹ ਘਰ ਨੂੰ। ਕੁੜੀ ਦਾ ਵਿਆਹ ਕਰ ਦੇ। ਜ਼ਮਾਨਾ ਬਹੁਤ ਮਾੜੈ, ਭਲਿਆ ਮਾਣਸਾ।' ਤੇ ਫਿਰ ਕਰੜਾ ਹੋ ਕੇ ਸਰਪੰਚ ਨੇ ਕਿਹਾ, 'ਜੇ ਅਜੇ ਵੀ ਤੇਰੀ ਤਸੱਲੀ ਨ੍ਹੀਂ ਹੋਈ ਤਾਂ ਪਿੰਡ ਛੱਡ ਜਾ।'
ਬਿਲੂਆ ਭੰਗੀ ਸੋਚ ਰਿਹਾ ਸੀ- 'ਰੁਜ਼ਗਾਰ ਦਾ ਸਵਾਲ ਵੀ ਤਾਂ ਹੈ। ਭੰਗੀਆਂ ਦੇ ਤਾਂ ਕਿੰਨੇ ਟੱਬਰ ਵਿਹਲੇ ਫਿਰਦੇ ਨੇ।' ਤੇ ਫਿਰ ਉਸ ਨੇ ਸਰਪੰਚ ਨੂੰ ਐਨਾ ਹੀ ਆਖਿਆ- 'ਥਾਰੀ ਬਾਤ ਮਾਨੂੰ ਸੂੰ। ਬਾਊ ਜੀ। ਥਾਰੇ ਗਾਓਂ ਮੇਂ ਬੈਠੇ ਆਂ। ਥਾਰਾ ਈ ਖਾਵੈਂ। ਔਰ ਕੇ...' ਉਹ ਰੋਣ ਲੱਗਿਆ। ਉਹਦੀਆਂ ਅੱਖਾਂ ਵਿੱਚ ਲਹੂ ਦੇ ਹੰਝੂ ਸਨ।♦
22
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ