ਨਿੱਧਰਾ ਬੈਠਾ ਚੰਗਾ, ਨਾਈਆਂ ਦੇ ਘਰ ਨਹੀਂ ਢੁੱਕਣਾ। ਬਹੁਤਾ ਕਰੇਗਾ, ਮੈਂ ਸੁਦਾਗਰ ਨੂੰ ਬੇਦਾਵੇ ਲਿਖਵਾ ਦਿਆਂਗਾ, ਕੋਰਟ ਵਿੱਚ ਜਾ ਕੇ। ਇਹਨਾਂ ਰਗੜਿਆਂ-ਝਗੜਿਆਂ ਵਿੱਚ ਹੀ ਸੁਦਾਗਰ ਦਾ ਦੁਬਾਰਾ ਵਿਆਹ ਕਰ ਦਿੱਤਾ ਗਿਆ। ਗ਼ਰੀਬ ਪਰਿਵਾਰ ਦੀ ਕੁੜੀ ਸੀ ਸਤਬੀਰ ਕੌਰ। ਅਕਲੋਂ-ਸ਼ਕਲੋਂ ਚੰਗੀ ਸੀ। ਪਲੱਸ-ਟੂ ਕੀਤੀ ਹੋਈ। ਸੁਦਾਗਰ ਹਾਰ ਮੰਨ ਕੇ ਬੈਠ ਗਿਆ। ਪਿਆਰੋ ਨੂੰ ਮਿਲਣਾ ਓਵੇਂ ਹੀ ਜਾਰੀ ਰਿਹਾ। ਉਹ ਪ੍ਰੋਗਰਾਮ ਬਣਾਉਂਦੇ ਤੇ ਚੁੱਪ ਕੀਤੇ ਹੀ ਸ਼ਹਿਰ ਛੱਡ ਜਾਂਦੇ।
ਸਤਬੀਰ ਕੌਰ ਨੂੰ ਵੀ ਹੌਲ਼ੀ-ਹੌਲ਼ੀ ਪਤਾ ਲੱਗ ਗਿਆ ਕਿ ਉਹਦਾ ਪਤੀ ਕਿਧਰੇ ਹੋਰ ਫ਼ਸਿਆ ਹੋਇਆ ਹੈ, ਮਹੀਨੇ ਵਿੱਚ ਇੱਕ ਦੋ ਰਾਤਾਂ ਲਾਜ਼ਮੀ ਬਾਹਰ ਗੁਜ਼ਾਰਦਾ ਹੈ, ਪਰ ਉਹ ਇਸ ਗੱਲ ਨੂੰ ਮਨ ਉੱਤੇ ਬਹੁਤਾ ਨਾ ਲਾਉਂਦੀ। ਸੋਚਦੀ, ਜਦੋਂ ਮੇਰੇ ਨਾਲ ਠੀਕ ਹੈ, ਕਿਧਰੇ ਧੱਕੇ ਖਾਂਦਾ ਫਿਰੇ। ਮੈਨੂੰ ਕੀ? ਆਦਮੀ ਤਾਂ ਨ੍ਹਾਤਾ ਘੋੜਾ ਹੁੰਦਾ ਹੈ। ਵਰ੍ਹੇ ਬੀਤ ਰਹੇ ਸਨ। ਇਸ ਦੌਰਾਨ ਸਤਬੀਰ ਕੌਰ ਨੇ ਇੱਕ ਮੁੰਡੇ ਨੂੰ ਜਨਮ ਦਿੱਤਾ ਤੇ ਫੇਰ ਇੱਕ ਕੁੜੀ ਨੂੰ। ਸੁਦਾਗਰ ਨੂੰ ਘਰ ਵੱਲੋਂ ਕੋਈ ਰੋਕ-ਟੋਕ ਨਹੀਂ ਸੀ। ਪਿਆਰੋ ਨਾਲ ਉਹਦਾ ਸਿਲਸਿਲਾ ਜਾਰੀ ਸੀ। ਉਹਦਾ ਬਾਪ ਕੁਝ ਨਹੀਂ ਆਖਦਾ-ਬੋਲਦਾ ਸੀ। ਸੋਚਦਾ ਸੀ ਘਰੋਂ ਪਰ੍ਹੇ ਕਿਧਰੇ ਗੂੰਹ ਖਾਂਦਾ ਫਿਰੇ, ਕੀ ਫ਼ਰਕ ਪੈਂਦਾ ਹੈ। ਸੁਦਾਗਰ ਟਰੈਕਟਰ-ਏਜੰਸੀ ਵਿੱਚ ਪੂਰੀ ਦਿਲਚਸਪੀ ਲੈਂਦਾ। ਸਭ ਆਪਣੀ-ਆਪਣੀ ਥਾਂ ਅਟੰਕ ਚੱਲ ਰਿਹਾ ਸੀ। ਜਿਵੇਂ ਸੂਰਜ ਦਾ ਅਟੱਲ ਨਿਯਮ ਚੜ੍ਹਦਾ ਤੇ ਛਿਪ ਜਾਂਦਾ।
ਕਹਿੰਦੇ ਹਨ, ਸਮਾਂ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ, ਪਰ ਸੁਦਾਗਰ ਤੇ ਪਿਆਰੋ ਲਈ ਉਲਟ ਧਾਰਨਾ ਬਣੀ ਹੋਈ ਸੀ। ਉਹਨਾਂ ਲਈ ਸਮਾਂ ਓਥੇ ਹੀ ਖੜ੍ਹਾ ਸੀ। ਘਟਨਾਵਾਂ ਵਾਪਰਦੀਆਂ ਸਨ ਤੇ ਸਭ ਗੁਜ਼ਰ ਜਾਂਦਾ। ਉਹਨਾਂ ਲਈ ਚੰਗਾ ਮਾੜਾ ਸਭ ਇਕ ਸਮਾਨ ਸੀ। ਪਹਿਲਾਂ ਪਿਆਰੋ ਦਾ ਬਾਪ ਗੁਜ਼ਰ ਗਿਆ ਤੇ ਫੇਰ ਸੁਦਾਗਰ ਦੀ ਮਾਂ, ਪਰ ਉਹਨਾਂ ਲਈ ਰੁਕਾਵਟ ਸੁਦਾਗਰ ਦਾ ਬਾਪ ਤੇ ਓਧਰ ਪਿਆਰੋ ਦੀ ਮਾਂ ਤਾਂ ਅਜੇ ਜਿਉਂਦੇ ਬੈਠੇ ਸਨ। ਫੇਰ ਉਹ ਵੀ ਨਾ ਰਹੇ। ਸਭ ਸਾਫ਼ ਹੋ ਗਿਆ। ਹੁਣ ਉਹਨਾਂ ਨੂੰ ਟੋਕਣ-ਵਰਜਣ ਵਾਲਾ ਕੋਈ ਨਹੀਂ ਸੀ ਰਹਿ ਗਿਆ। ਸੁਦਾਗਰ ਨੇ ਇੱਕ ਸਾਜਿਸ਼ ਰਚੀ। ਡਾਕਟਰ ਨੂੰ ਪੈਸੇ ਦੇ ਕੇ ਇੱਕ ਸਰਟੀਫਿਕੇਟ ਲੈ ਲਿਆ ਕਿ ਉਹਦੀ ਪਤਨੀ ਸਤਬੀਰ ਕੌਰ ਦਿਮਾਗ਼ੀ ਬੀਮਾਰੀ ਦੀ ਸ਼ਿਕਾਰ ਹੈ। ਬਹਾਨੇ ਨਾਲ ਉਹਨੂੰ ਉਹਦੇ ਪਿੰਡ ਭੇਜ ਦਿੱਤਾ ਗਿਆ। ਨਾਲ ਦੋਵੇਂ ਬੱਚੇ ਵੀ। ਸੁਦਾਗਰ ਦੀ ਪਹਿਲੀ ਪਤਨੀ ਸਵਰਨ ਕੌਰ ਦਾ ਮੁੰਡਾ ਸ਼ਮਸ਼ੇਰ ਉਹਦੇ ਕੋਲ ਸੀ। ਸੁਦਾਗਰ ਤੇ ਪਿਆਰੋ ਕੋਰਟ ਵਿੱਚ ਪੇਸ਼ ਹੋਏ ਤੇ ਗ਼ਲਤ-ਮਲਤ ਕਈ ਢੰਗ ਤਰੀਕਾ ਵਰਤ ਕੇ ਸ਼ਾਦੀ ਰਜਿਸਟਰਡ ਕਰਵਾ ਲਈ।
ਸਤਬੀਰ ਕੌਰ ਦਾ ਸਰਟੀਫਿਕੇਟ ਵੀ ਪੇਸ਼ ਕੀਤਾ ਹੋਵੇਗਾ। ਝੂਠੀ ਮੁਠੀ ਦੇ ਗਵਾਹ ਭੁਗਤਾ ਦਿੱਤੇ ਗਏ। ਵਕੀਲਾਂ ਲਈ ਹਰ ਮੁਕੱਦਮਾ ਸਿੱਧਾ ਹੀ ਜਿੱਤ ਲੈਣਾ ਹੈ। ਪਿਆਰੋ ਸੁਦਾਗਰ ਦੇ ਘਰ ਆ ਗਈ। ਆਪਣੇ ਘਰ ਦਾ ਸਾਰਾ ਸਾਮਾਨ ਤੇ ਘਰ ਬਾਰ ਆਪਣੇ ਭਰਾ ਗਿਆਨ ਨੂੰ ਸੱਦ ਕੇ ਸੰਭਾਲ ਦਿੱਤਾ। ਗਿਆਨ ਨੂੰ ਕੋਈ ਗਿਲਾ ਸ਼ਿਕਵਾ ਨਹੀਂ ਸੀ। ਉਹ ਤਾਂ ਸਗੋਂ ਉਹਨਾਂ ਦੀ ਮਦਦ ਉੱਤੇ ਉੱਤਰ ਆਇਆ ਸੀ। ਮੁਹੱਲੇ ਵਿੱਚ ਹਾਹਾਕਾਰ ਮੱਚੀ ਹੋਈ ਸੀ। ਸ਼ਹਿਰ ਵਿੱਚ ਗੱਲਾਂ ਹੋ ਰਹੀਆਂ ਸਨ। ਸ਼ਮਸ਼ੇਰ ਨੂੰ ਗਿਆਨ
ਗਾਥਾ: ਇੱਕ ਸੁੱਕੀ ਟਹਿਣੀ ਦੀ
31