ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/36

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਡਾਕਧਾਰਨੀ। ਐਸਾ 'ਲਾਜ ਕੀਤਾ, ਬੱਚਾ ਢਿੱਡ ਪੈ ਗਿਆ। ਹੁਣ ਦੋ ਮਹੀਨਿਆਂ ਨੂੰ ਡਿੱਗਣੈ ਜਹਿਮਤ। ਉਹਦੀ ਮਾਸੀ ਦੀ ਧੀ ਬਥੇਰੀ ਮਲਾਪੜੀ ਐ। ਪਰਸੋਂ ਆਈ ਸੀ ਬੁੱਟਰੀਂ। ਮੋਗੇ ਈ ਰਹਿੰਦੀ ਐ। ਮੈਂ ਤਾਂ ਸਾਰੀ ਗੱਲ ਪੱਕ ਕਰ ਲੀ ਉਹਦੇ ਨਾਲ ਧੀਏ। ਤੂੰ ਚੱਲ ਬਸ, ਤਿਆਰੀ ਕਰ ਲੈ। ਪਰੇਸ਼ਨ ਕਰੂਗੀ।'

ਜੀਤਾਂ ਸੋਚਾਂ ਵਿੱਚ ਪੈ ਗਈ। ਉਹਨੂੰ ਲੱਗਿਆ ਜਿਵੇਂ ਉਹਦੀ ਮਾਂ ਠੀਕ ਕਹਿ ਰਹੀ ਹੋਵੇ। ਉਹਨੇ ਆਪਣੇ ਮਨ ਵਿੱਚ ਚਿਤਾਰਿਆ- 'ਇੱਕ ਟਿੰਘ ਬਿਨਾਂ ਜਹੀ ਜ੍ਹੀ ਜੱਗ 'ਤੇ ਆਈ, ਜਹੀ ਨਾ ਆਈ। ਮੁੰਡਾ ਨਾ ਸਹੀ, ਚੱਲ ਕੁੜੀ ਹੋ ਜੂ। ਕੁੜੀ ਹੋ ਗਈ ਤਾਂ ਫੇਰ ਮੁੰਡਾ ਵੀ ਹੋ ਜੂ।' ਆਖ਼ਰ ਉਹਨੇ ਅਪਰੇਸ਼ਨ ਕਰਵਾਉਣ ਲਈ ਦਿਲ ਕੱਢ ਲਿਆ। ਜੀਤਾਂ ਦੀਆਂ ਅੱਖਾਂ ਵਿੱਚ ਚਮਕ ਆਈ ਦੇਖ ਕੇ ਉਹਦੀ ਮਾਂ ਨਿਹਾਲ ਨੂੰ ਕਹਿਣ ਲੱਗੀ, 'ਪਰੇਸ਼ਨ ਪਿੱਛੋਂ ਦੋ ਮਹੀਨੇ ਜੀਤਾਂ ਰਹੂਗੀ ਤਾਂ ਬੁੱਟਰ ਈ। ਤੇਰੇ ਕੋਲ ਤਾਂ ਔਣਾ ਨ੍ਹੀਂ, ਭਾਈ। ਇਹ ਗੱਲ ਤੂੰ ਪਹਿਲਾਂ ਸੋਚ ਲੈ, ਸਾਊ।'

'ਸੋਚੀ ਹੋਈ ਐ ਇਹ ਤਾਂ। ਦੋ ਦੀ ਥਾਂ, ਮੇਰੇ ਕੰਨੀਓਂ ਤਿੰਨ ਮਹੀਨੇ ਬੈਠੀ ਰਹੇ। ਮੈਨੂੰ ਕੁਝ ਨ੍ਹੀਂ ਹੁੰਦਾ। ਭੂਆ ਨੂੰ ਲੈ ਆਊਂਗਾ। ਪਸ਼ੂਆਂ ਦਾ ਵੀ ਲੰਮ-ਚੜ੍ਹਾਅ ਨ੍ਹੀਂ ਹੁਣ ਤਾਂ ਇੱਕ ਮ੍ਹੈਂਹ ਐ। ਆਪੇ ਸਾਂਭੀ ਜਾਵਾਂਗੇ।'

ਜੀਤਾਂ ਨੂੰ ਉਹਦੀ ਮਾਂ ਲੈ ਗਈ। ਦੂਜੇ ਦਿਨ ਹੀ ਉਹ ਬੁੱਟਰ ਤੋਂ ਮੋਗੇ ਗਈਆਂ। ਭਜਨੇ ਤਖਾਣ ਦੀ ਨੂੰਹ ਦੀ ਮਾਸੀ ਦੀ ਧੀ ਦੇ ਘਰ ਪਹੁੰਚੀਆਂ ਤੇ ਉਹਨੂੰ ਨਾਲ ਲੈ ਕੇ ਹਸਪਤਾਲ ਵਿੱਚ ਉਸ ਲੇਡੀ ਡਾਕਟਰ ਕੋਲ। ਲੇਡੀ ਡਾਕਟਰ ਨੇ ਉਹਨਾਂ ਨੂੰ ਇਕ ਹਫ਼ਤਾ ਉਥੇ ਰਹਿਣ ਲਈ ਆਖਿਆ। ਮਾਵਾਂ-ਧੀਆਂ ਇਕ ਹਫ਼ਤਾ ਤਖਾਣਾਂ ਦੇ ਘਰ ਰਹੀਆਂ। ਉਹਨਾਂ ਨੇ ਕੋਈ ਮੱਥੇ 'ਤੇ ਵੱਟ ਨਹੀਂ ਪਾਇਆ। ਜੀਤਾਂ ਦਾ ਪਿਓ ਵਿੱਚ ਦੀ ਇੱਕ ਦਿਨ ਜਾ ਕੇ ਹੋਰ ਰੁਪਈਏ ਜੀਤਾਂ ਦੀ ਮਾਂ ਨੂੰ ਦੇ ਆਇਆ। ਦੁੱਧ ਦਾ ਡੋਲੂ ਨਿੱਤ ਇੱਕ ਕਾਲਜੀਏਟ ਮੁੰਡੇ ਹੱਥ ਬੁੱਟਰੋਂ ਪਹੁੰਚ ਜਾਂਦਾ। ਅਪਰੇਸ਼ਨ ਕਾਮਯਾਬ ਹੋਇਆ ਸੀ। ਲੇਡੀ ਡਾਕਟਰ ਨੇ ਤਾੜਨਾ ਕੀਤੀ ਕਿ ਜੀਤਾਂ ਮਹੀਨਾ ਡੇਢ ਮਹੀਨਾ ਪਰਹੇਜ਼ ਰੱਖੇ। ਵਿਸ਼ਵਾਸ ਦਵਾਇਆ ਕਿ ਰੱਬ ਮਿਹਰ ਕਰੇਗਾ। ਹੁਣ ਤਿੰਨ ਮਹੀਨਿਆਂ ਤੋਂ ਜੀਤਾਂ ਬੁੱਟਰ ਬੈਠੀ ਹੋਈ ਸੀ। ਪੰਦਰ੍ਹਵੇਂ ਵੀਹਵੇਂ ਦਿਨ ਮੋਗੇ ਜਾ ਕੇ ਮਾਵਾਂ-ਧੀਆਂ ਉਸ ਲੇਡੀ ਡਾਕਟਰ ਨੂੰ ਮਿਲ ਆਉਂਦੀਆਂ ਤੇ ਚੈੱਕ ਕਰਵਾ ਆਉਂਦੀਆਂ। ਹੋਰ ਗੋਲੀਆਂ ਤੇ ਪੀਣ ਵਾਲੀ ਦਵਾਈ ਲੈ ਆਉਂਦੀਆਂ। ਜੀਤਾਂ ਹੁਣ ਬਿਲਕੁਲ ਠੀਕ ਸੀ। ਲੇਡੀ ਡਾਕਟਰ ਨੇ ਮੁਸਕਰਾ ਕੇ ਆਖਿਆ ਸੀ- 'ਹੁਣ ਜਦੋਂ....ਬਸ ਪਤੇ-ਤੋੜ ਜਾਈਂ ...ਤੇ ਫੇਰ ਹੱਸੀ ਸੀ, 'ਸਾਧਾਂ ਦੇ ਬਚਨਾਂ 'ਤੇ ਨਾ ਰਹੀਂ।....'

ਨਿਹਾਲ ਵਿੱਚ ਦੀ ਦੋ ਵਾਰੀ ਬੁੱਟਰ ਜਾ ਆਇਆ ਸੀ। ਪਰ ਹੁਣ ਇੱਕ ਮਹੀਨਾ ਲੰਘ ਗਿਆ ਸੀ, ਉਹ ਜਾਊਂ-ਜਾਊਂ ਕਰਦਾ ਸੀ ਕਿ ਬੁੱਟਰ ਤੋਂ ਚਿਠੀ ਆ ਗਈ। ਉਹਦੀ ਸੱਸ ਨੇ ਲਿਖਵਾਇਆ ਸੀ ਕਿ ਉਹ ਖੜ੍ਹਾ-ਖੜੋਤਾ ਜੀਤਾਂ ਨੂੰ ਆ ਕੇ ਲੈ ਜਾਵੇ। ਹੁਣ ਉਹ ਠੀਕ ਹੈ। ਸੋ ਅੱਜ ਨਿਹਾਲ ਬੁੱਟਰ ਨੂੰ ਜਾ ਰਿਹਾ ਸੀ। ਉਹਦੀ ਛਾਤੀ ਅੰਦਰ ਮੁਕਲਾਵੇ ਵਾਲਾ ਦਿਲ ਧੜਕ ਰਿਹਾ ਸੀ।

ਬਹੁਤ ਸਮਾਂ ਬੀਤ ਚੁੱਕਿਆ ਸੀ, ਪਰ ਮੋਗੇ ਵਾਲੀ ਕੋਈ ਵੀ ਬੱਸ ਨਹੀਂ ਆਈ ਸੀ। ਤੇ ਸ਼ਹਿਣੇ ਨੂੰ ਜਾਣ ਵਾਲੀ ਇੱਕ ਪ੍ਰਾਈਵੇਟ ਬੱਸ ਦੀਆਂ ਸਵਾਰੀਆਂ ਨੇ ਦੱਸਿਆ

36

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ