ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/40

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਰੁਖ

ਉਹਨੂੰ ਕਿਸੇ ਨੇ ਦੱਸ ਪਾਈ ਕਿ ਮਲੋਟ ਮੰਡੀ ਇੱਕ ਮੁੰਡਾ ਹੈ। ਦਸਵੀਂ ਪਾਸ ਤੇ ਕਪਾਹ ਦੇ ਕਾਰਖਾਨੇ ਵਿੱਚ ਨੌਕਰੀ ਉੱਤੇ ਲੱਗਿਆ ਹੋਇਆ। ਪੰਜ ਸੌ ਰੁਪਿਆ ਤਨਖਾਹ। ਬਾਪ ਕੱਪੜੇ ਦੀ ਦੁਕਾਨ ਕਰਦਾ ਹੈ। ਦੋ ਮੁੰਡੇ ਨੇ, ਵੱਡਾ ਵਿਆਹਿਆ ਹੋਇਆ ਹੈ। ਬੰਦੇ ਨੇ ਆਖਿਆ ਸੀ ਕਿ ਉਹ ਇੱਕ ਵਾਰੀ ਜਾ ਕੇ ਮੁੰਡਾ ਦੇਖ ਆਵੇ। ਮੁੰਡੇ ਦੇ ਬਾਪ ਨਾਲ ਗੱਲਾਂ ਬਾਤਾਂ ਕਰ ਲਵੇ। ਘਰ-ਬਾਰ ਵੀ ਨਿਗਾਹ ਵਿੱਚ ਦੀ ਨਿਕਲ ਜਾਵੇਗਾ। ਉਹਨੂੰ ਗੱਲ ਜਚੀ ਤਾਂ ਉਹ ਵਿੱਚ ਪੈ ਜਾਵੇਗਾ। ਗੱਲ ਨੂੰ ਸਿਰੇ ਲਾ ਦੇਵੇਗਾ।

ਰਾਮ ਕਿਸ਼ਨ ਨੂੰ ਹੋਰ ਕੀ ਚਾਹੀਦਾ ਸੀ। ਮੁੰਡਾ ਦਸਵੀਂ ਪਾਸ ਹੈ ਤੇ ਕੰਮ ਉੱਤੇ ਲੱਗਿਆ ਹੋਇਆ। ਇਹੀ ਤਾਂ ਉਹ ਚਾਹੁੰਦਾ ਸੀ। ਉਹਦੀ ਕੁੜੀ ਅੱਠਵੀਂ ਫੇਲ੍ਹ ਸੀ। ਅੱਠਵੀਂ ਫੇਲ੍ਹ ਨੂੰ ਤਾਂ ਇਹੋ ਜਿਹਾ ਹੀ ਕੋਈ ਮਿਲੇਗਾ। ਇਹੋ ਜਿਹਾ ਮਿਲ ਜਾਵੇ ਤਾਂ ਕੀ ਮਾੜਾ। ਮੁੰਡਾ ਆਪਣੀ ਰੋਟੀ ਆਪ ਕਮਾਉਂਦਾ ਹੋਵੇ, ਬਸ ਠੀਕ ਹੈ। ਤੇ ਉਹਨੇ ਸੋਚਿਆ, ਕਿਹੜਾ ਇਹ ਇਕੱਲੀ ਹੈ। ਦੋ ਹੋਰ ਬੈਠੀਆਂ ਨੇ। ਹੁਣ ਤਾਂ ਉਹ ਵੀ ਮੁਟਿਆਰ ਹੋ ਚੱਲੀਆਂ ਹਨ। ਚਾਹੇ ਅੱਜ ਕੋਈ ਇਨ੍ਹਾਂ ਨੂੰ ਵਿਆਹ ਕੇ ਲੈ ਜਾਵੇ। ਵਿਚਕਾਰਲੀ ਦਸ ਪਾਸ ਹੈ ਤੇ ਗਿਆਨੀ ਦੇ ਇਮਤਿਹਾਨ ਦੀ ਤਿਆਰੀ ਕਰ ਰਹੀ ਹੈ। ਛੋਟੀ ਦਸਵੀਂ ਵਿੱਚ ਪੜ੍ਹਦੀ ਹੈ। ਭਾਵੇਂ ਦਸਵੀਂ ਵਿੱਚ ਹੀ ਹੈ, ਪਰ ਹੈ ਤਾਂ ਅਠਾਰਾਂ ਸਾਲ ਦੀ। ਕੋਠੇ ਜੇਡੀ ਲੱਗਦੀ ਹੈ। ਕੁੜੀ ਤੇ ਤੋਰੀ ਦੀ ਵੇਲ ਦਾ ਕੀ ਟਕਾਣਾ, ਨਿੱਤ ਗਿੱਠ ਵਾਰ ਆਉਂਦਾ ਹੈ। ਪਰ ਉਹ ਪਹਿਲਾਂ ਵੱਡੀ ਦਾ ਜੂੜ ਵੱਢੇ। ਉਹ ਘਰੋਂ ਤੁਰੇ ਤਾਂ ਉਹ ਅਗਲੀ ਬਾਰੇ ਸੋਚੇ। ਉਹਨੇ ਕੀ ਲੈਣਾ ਹੈ, ਉਸ ਦੀਆਂ ਗਿਆਨੀਆਂ ਤੋਂ। ਵਿਆਹੇ ਤੇ ਪਰ੍ਹੇ ਕਰੇ। ਆਪਣੇ ਕਰਮ ਭੋਗਣੇ ਹੁੰਦੇ ਨੇ। ਤਿੰਨੇ ਕੁੜੀਆਂ ਵਿਆਹੀਆਂ ਜਾਣ ਤਾਂ ਉਹ ਸੁਰਖ਼ਰੂ ਹੋ ਕੇ ਬੈਠ ਜਾਵੇਗਾ। ਘਰ ਵਿੱਚ ਇੱਕ ਮਾਂ ਹੈ। ਅਜੇ ਤਾਂ ਤਗੜੀ ਹੈ। ਰੋਟੀ ਟੁੱਕ ਦਾ ਸਾਂਭ ਕਰ ਲੈਂਦੀ ਹੈ। ਉਹ ਆਪਣੀ ਨੌਕਰੀ ਕਰਦਾ ਰਹੇਗਾ। ਦੋਵੇਂ ਮਾਂ-ਪੁੱਤ ਪਕੌਣਗੇ ਤੇ ਖਾਣਗੇ।

ਉਹ ਹਉਕਾ ਲੈਂਦਾ, ਉਹਦੀ ਇਹ ਕੁੜੀ ਵੀ ਜੇ ਦਸ ਜਮਾਤਾਂ ਪਾਸ ਕਰ ਜਾਂਦੀ ਤਾਂ ਉਹ ਇਹਨੂੰ ਕੋਈ ਨਿੱਕੀ ਮੋਟੀ ਟਰੇਨਿੰਗ ਕਰਵਾ ਦਿੰਦਾ। ਟਰੇਂਡ ਕੜੀ ਨੂੰ ਤਾ ਵਧੀਆ ਮੁੰਡਾ ਲੱਭਦਾ। ਚੰਗੀ ਨੌਕਰੀ ਉੱਤੇ ਲੱਗਿਆ ਹੋਇਆ। ਸਰਕਾਰੀ ਨੌਕਰੀ ਵਾਲਾ। ਉਹ ਜ਼ਮਾਨਾ ਤਾਂ ਰਿਹਾ ਹੀ ਨਹੀਂ। ਹੁਣ ਤਾਂ ਪੜ੍ਹੇ ਲਿਖੇ ਤੇ ਨੌਕਰੀਆਂ ਉੱਤੇ ਲੱਗੇ ਮੁੰਡੇ ਪੜ੍ਹੀ ਲਿਖੀ ਤੇ ਨੌਕਰੀ ਉੱਤੇ ਲੱਗੀ ਕੁੜੀ ਹੀ ਭਾਲਦੇ ਹਨ ਤਾਂ ਕਿ ਉਹ ਬਰਾਬਰ ਦਾ ਕਮਾਵੇ ਤੇ ਘਰ ਦੀ ਆਰਥਿਕ ਦਸ਼ਾ ਠੀਕ ਰਹੇ। ਪਰ ਉਹ ਕੀ ਕਰਦਾ ਇਸ

40
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ