ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/49

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

'ਹਾਂ ਜੀ, ਮੈਂ ਤਾਂ ਮੈਡੀਕਲ ਕਾਲਜ 'ਚ ਆਂ। ਐਮ.ਬੀ ਬੀ ਐਸ. ਦਾ ਤੀਜਾ ਸਾਲ ਐ ਮੇਰਾ।'

'ਤੇ ਇਹ ਅਸਲੀ?'

'ਇਹ ਇੰਜੀਨੀਅਰਿੰਗ ਦਾ ਡਿਗਰੀ ਕੋਰਸ ਕਰਦੈ। ਇਹਦਾ ਵੀ ਤੀਜਾ ਸਾਲ ਐ। ਅਸੀਂ ਓਥੇ ਰਹਿੰਦੇ ਵੀ ਅੱਡ-ਅੱਡ ਆਂ। ਕਦੇ-ਕਦੇ ਮਿਲ ਲੈਨੇ ਆਂ। ਅੱਜ ਐਥੇ 'ਕੋਠੇ ਹੋ ਗਏ। ਥੋਨੂੰ ਮਿਲ 'ਲੇ। ਆਹ ਤਾਂ ਵਧੀਆਂ ਹੋਇਆ' ਜਰਨੈਲ ਬੋਲ ਰਿਹਾ ਸੀ।

'ਉਹਨਾਂ ਦੀ ਉੱਚ-ਪੜ੍ਹਾਈ ਦਾ ਪਤਾ ਲੱਗਣ ਉੱਤੇ ਮਾਸਟਰ ਬੁੱਧ ਰਾਮ ਚੁੱਪ ਦਾ ਚੁੱਪ ਰਹਿ ਗਿਆ। ਜਿਵੇਂ ਉਹਨੂੰ ਭੋਰਾ ਵੀ ਖ਼ੁਸ਼ੀ ਨਾ ਹੋਈ ਹੋਵੇ। ਐਨਾ ਹੀ ਆਖ਼ਰ ਬੋਲਿਆ- 'ਫੇਰ ਤਾਂ ਵਧੀਆ ਐ ਬਈ।'

'ਥੋਡੇ ਡੰਡੇ ਖਾਧੇ ਹੁਣ ਕੰਮ ਔਂਦੇ ਐ, ਮਾਸਟਰ ਜੀ।' ਬੀਰ ਸਿੰਘ ਨੇ ਕਿਹਾ।

'ਨਹੀਂ, ਮੇਰੇ ਡੰਡੇ ਤਾਂ.. ਤੁਸੀਂ ਆਪ ਈ ਬੜੇ ਲਾਇਕ ਵਿਦਿਆਰਥੀ ਸੀ', ਕਹਿ ਕੇ ਬੁੱਧ ਰਾਮ ਉਦਾਸ ਹੋ ਗਿਆ। ਉਹਨੇ ਮਨ ਵਿੱਚ ਗੱਲ ਚਤਾਰੀ- 'ਕੁੱਟਿਆ ਤਾਂ ਉਹਨੇ ਆਵਦੇ ਮੁੰਡੇ ਨੂੰ ਸਭ ਤੋਂ ਵੱਧ ਹੋਣੈ, ਉਹ ਕਿਉਂ ਨਾ ਬਣ ਗਿਆ ਡਾਕਟਰ, ਇੰਜੀਨੀਅਰ। ਉਹ ਤਾਂ ਦਸਵੀਂ 'ਚੋਂ ਪਾਸ ਵੀ ਮਸਾਂ ਹੋਇਆ। ਸ਼ਾਇਦ ਇਹਨਾਂ ਮੁੰਡਿਆਂ ਨਾਲ ਈ ਪੜ੍ਹਦਾ ਹੁੰਦਾ ਸੀ। ਹੁਣ ਫਿਰਦੈ ਡੰਡੇ ਵਜੌਂਦਾ। ਨਾ ਅੱਗੇ ਪੜ੍ਹਿਆ, ਨਾ ਨੌਕਰੀ ਕਰਦੈ ਤੇ ਨਾ ਕੋਈ ਹੋਰ ਕੰਮ।'

ਆਪਣੇ ਹਿਸਾਬ ਵਾਲੇ ਮਾਸਟਰ ਹੁਣ ਕਿੱਥੇ ਹੁੰਦੇ ਨੇ? ਬੀਰ ਸਿੰਘ ਨੇ ਪੁੱਛਿਆ। 'ਕਿਹੜੇ ਮਾਸਟਰ?' ਬੁੱਧ ਰਾਮ ਉੱਭੜਵਾਹਾ ਬੋਲਿਆ।

'ਓਹੀ ਨੰਦ ਸਿੰਘ ਮਾਸਟਰ। ਜਿਹੜੇ ਸਾਨੂੰ ਹਿਸਾਬ ਪੜੌਂਦੇ ਸੀ। ਉਨ੍ਹਾਂ ਨੇ ਵੀ ਥੋਡੇ ਆਂਗੂੰ ਬੜੀ ਮਿਹਨਤ ਕਰਾਈ ਸਾਨੂੰ। ਥੋਡੇ ਨਾਲ ਈ ਹੁੰਦੇ ਸੀ।'

ਹੱਛਾ-ਹੱਛਾ, ਨੰਦ ਸਿੰਘ, ਉਹ ਤਾਂ ਭਾਈ ਰਿਟਾਇਰ ਹੋ ਗਏ। ਹੈਡਮਾਸਟਰ ਬਣ ਗਏ ਸੀ। ਹੁਣ ਰਿਟਾਇਰ ਹੋ ਗਏ। 'ਹੱਛਾ, ਰਿਟਾਇਰ ਵੀ ਹੋ 'ਗੇ। ਜਰਨੈਲ ਹੈਰਾਨ ਸੀ। ਫੇਰ ਪੁੱਛਿਆ- 'ਕਿਰਨ ਕੁਮਾਰ ਕੀ ਕਰਦਾ ਹੁੰਦੈ ਜੀ ਹੁਣ?'

ਕਿਰਨ ਕੁਮਾਰ ਬੁੱਧ ਰਾਮ ਦੇ ਮੁੰਡੇ ਦਾ ਨਾਉਂ ਸੀ।

ਬੁੱਧ ਰਾਮ ਦੇ ਸਿਰ ਉੱਤੇ ਜਿਵੇਂ ਕਿਸੇ ਨੇ ਹਥੌੜੇ ਦੀ ਸੱਟ ਮਾਰੀ ਹੋਵੇ। ਆਪਣੇ ਮੁੰਡੇ ਦਾ ਨਾਉਂ ਸੁਣ ਕੇ ਉਹ ਅਬੋਲ ਹੀ ਆਪਣਾ ਮੱਥਾ ਖੁਰਕਣ ਲੱਗਿਆ। ਐਨਾ ਆਖਿਆ- 'ਘਰੇ ਈ ਹੁੰਦੈ ਭਾਈ ਉਹ ਤਾਂ। ਸੋਚ ਰਹੇ ਆਂ, ਉਹਨੂੰ ਕਿਤੇ ਕੰਮ 'ਚ ਪਾਈਏ। ਤੁਸੀਂ ਦੱਸੋ, ਕੀ ਕਰਵਾਈਏ ਉਹਨੂੰ?' ਤੇ ਫਿਰ ਉਹ ਤਿੰਨੇ ਜਣੇ ਕਿਰਨ ਕੁਮਾਰ ਦੇ ਭਵਿੱਖ ਬਾਰੇ ਗੱਲਾਂ ਕਰਨ ਲੱਗੇ। ਮੁੰਡਿਆਂ ਨੇ ਕਈ ਸੁਝਾਓ ਦਿੱਤੇ। ਬੁੱਧ ਰਾਮ ਬੇਦਿਲ ਹੋ ਕੇ ਉਹਨਾਂ ਦੀਆਂ ਗੱਲਾਂ ਸੁਣਦਾ ਰਿਹਾ।

ਫੇਰ ਉਹ ਉੱਠੇ। ਇੱਕ ਮੁੰਡੇ ਨੇ ਚਾਹ ਦੇ ਪੈਸੇ ਦਿੱਤੇ। ਢਾਬੇ ਤੋਂ ਬਾਹਰ ਆ ਕੇ ਮੁੰਡਿਆਂ ਨੇ ਮਾਸਟਰ ਦੇ ਗੋਰੀਂ ਹੱਥ ਲਾਏ। ਉਹਨਾਂ ਕੋਲੋਂ ਮਾਸਟਰ ਤੇਜ਼ੀ ਨਾਲ ਤੁਰਿਆ ਤੇ ਜਾ ਕੇ ਤਿਆਰ ਖੜ੍ਹੀ ਬੱਸ ਵਿੱਚ ਬੈਠ ਗਿਆ। ਮੂਹਰਲੀ ਸੀਟ ਦੇ ਡੰਡੇ ਉੱਤੇ ਮੱਥਾ ਰੱਖ ਕੇ ਉਹਨੇ ਚਾਹਿਆ ਕਿ ਕੁਝ ਵੀ ਨਾ ਸੋਚਿਆ ਜਾਵੇ।

ਔਲਾਦ

49