ਮਾਸਟਰ ਬੁੱਧ ਰਾਮ ਦੇ ਤਿੰਨ ਕੁੜੀਆਂ ਸਨ ਤੇ ਇੱਕ ਮੁੰਡਾ। ਕੁੜੀਆਂ ਵੱਡੀਆਂ ਸਨ, ਮੁੰਡਾ ਛੋਟਾ। ਤਿੰਨੇ ਕੁੜੀਆਂ ਉਸਨੇ ਦਸ-ਦਸ ਜਮਾਤਾਂ ਪੜ੍ਹਈਆਂ ਸਨ ਤੇ ਇੱਕ-ਇੱਕ ਕਰਕੇ ਉਹਨਾਂ ਨੂੰ ਸੂਤ੍-ਸਿਰ ਤੇ ਖਾਂਦੇ-ਪੀਂਦੇ ਘਰੀਂ ਵਿਆਹ ਦਿੱਤਾ ਸੀ। ਬੁੱਧ ਰਾਮ ਚਾਹੁੰਦਾ ਸੀ ਕਿ ਉਹ ਮੁੰਡੇ ਨੂੰ ਚੰਗਾ ਪੜ੍ਹਾਵੇਗਾ। ਕੋਈ ਵਧੀਆ ਟਰੇਨਿੰਗ ਕੋਰਸ ਦਿਵਾਏਗਾ। ਉਹ ਚੰਗੀ ਨੌਕਰੀ ਉੱਤੇ ਲੱਗ ਜਾਵੇਗਾ, ਪੈਸਾ ਕਮਾਏਗਾ ਤੇ ਉਹਦੀ ਸਾਰੀ ਕਬੀਲਦਾਰੀ ਸੰਢੀ ਜਾਵੇਗੀ। ਉਹ ਤਾਂ ਸਾਰੀ ਉਮਰ ਕੁੜੀਆਂ ਦੇ ਵਿਆਹ ਕਰਨ ਵਿੱਚ ਹੀ ਰਿਹਾ। ਕਿਸੇ ਸਾਲ ਵੀ ਉਹਦੀ ਜਾਨ ਕਰਜ਼ਾ ਉਤਾਰਨ ਦੀ ਚਿੰਤਾ ਤੋਂ ਮੁਕਤ ਨਹੀਂ ਹੋਈ। ਚਲੋ, ਆਖ਼ਰੀ ਉਮਰ ਵਿੱਚ ਤਾਂ ਉਹ ਸੁੱਖ ਭੋਗ ਲਵੇਗਾ। ਉਹਨੂੰ ਸਮਝ ਨਹੀਂ ਆਉਂਦੀ ਸੀ, ਉਹਦੇ ਕਰਮਾਂ ਵਿੱਚ ਇਹ ਫ਼ਰਕ ਕਿਉਂ ਪੈ ਗਿਆ। ਮੁੰਡਾ ਤਾਂ ਕਿਸੇ ਵੀ ਕੰਮ ਦਾ ਨਾ ਰਿਹਾ। ਹੁਣ ਤਾਂ ਉਹਨੂੰ ਇਹੀ ਫ਼ਿਕਰ ਰਹਿੰਦਾ ਕਿ ਆਖ਼ਰੀ ਉਮਰ ਦੇ ਸੁੱਖ ਦੀ ਗੱਲ ਤਾਂ ਗਈ ਦੂਰ, ਜੇ ਮੁੰਡਾ ਕਿਤੇ ਆਪਣੀ ਰੋਟੀ ਜੋਗਾ ਹੀ ਹੋ ਸਕੇ। ਉਹਨੂੰ ਇਹ ਪਤਾ ਨਹੀਂ ਲੱਗਦਾ ਸੀ ਕਿ ਇਹ ਉਹਦੀ ਆਪਣੀ ਕਿਸਮਤ ਹੈ ਜਾਂ ਕਿ ਮੁੰਡੇ ਵਿੱਚ ਕੋਈ ਨੁਕਸ ਹੈ। ਮੁੰਡੇ ਵਿੱਚ ਨੁਕਸ ਹੈ ਤਾਂ ਇਹ ਕਿਸਦਾ ਕਸੂਰ? ਉਹਨੂੰ ਆਪਣੀ ਜਨਾਨੀ ਉੱਤੋਂ ਗੁੱਸਾ ਆਉਂਦਾ ਕਿ ਉਹਨੇ ਇੱਕੋ ਮੁੰਡਾ ਹੋਣ ਕਰਕੇ ਉਹਨੂੰ ਐਨਾ ਲਾਡ ਪਿਆਰ ਕੀਤਾ, ਉਹਨੂੰ ਐਨਾ ਸਿਰ ਚੜ੍ਹਾਇਆ, ਮੁੰਡਾ ਆਪਣੇ-ਆਪ ਨੂੰ ਸ਼ਹਿਜ਼ਾਦਾ ਸਮਝਣ ਲੱਗ ਪਿਆ। ਕਿਰਨ ਕੁਮਾਰ ਘਰ ਆ ਕੇ ਸਕੂਲ ਦਾ ਕੰਮ ਨਾ ਕਰਦਾ, ਰਾਤ ਨੂੰ ਛੇਤੀ ਸੌਂ ਜਾਂਦਾ ਜਾਂ ਤੜਕੇ ਸਦੇਹਾਂ ਉੱਠ ਕੇ ਨਾ ਪੜ੍ਹਦਾ ਤੇ ਬੁੱਧ ਰਾਮ ਉਹਦੇ ਉੱਤੇ ਬਹੁਤ ਖਿਝਦਾ। ਗੁੱਸੇ ਵਿੱਚ ਆ ਕੇ ਉਹਦੇ ਮੂੰਹ ਉੱਤੇ ਥੱਪੜ ਜੜ ਦਿੰਦਾ। ਮੁੰਡਾ ਉੱਚੀ-ਉੱਚੀ ਲੇਰਾਂ ਮਾਰਦਾ, ਘਰ ਵਿੱਚ ਤੂਫ਼ਾਨ ਖੜ੍ਹਾ ਹੋ ਜਾਂਦਾ। ਉਹਦੀ ਜਨਾਨੀ ਮੁੰਡੇ ਨੂੰ ਪੁਚਕਾਰਦੀ ਤੇ ਉਲਟਾ ਬੁੱਧ ਰਾਮ ਨੂੰ ਹੀ ਬੁਰਾ ਭਲਾ ਕਹਿਣ ਲੱਗਦੀ। ਕਿਰਨ ਕੁਮਾਰ ਘਰ ਵਿੱਚ ਸੁੱਤਾ ਹੁੰਦਾ ਤਾਂ ਸੁੱਤਾ ਹੀ ਰਹਿੰਦਾ, ਘੰਟਿਆਂ ਤੱਕ ਸੌਂਦਾ। ਘਰੋਂ ਬਾਹਰ ਖੇਡਣ ਜਾਂਦਾ ਜਾਂ ਪਤਾ ਨਹੀਂ ਕਿੱਥੇ ਜਾਂਦਾ, ਕਈ-ਕਈ ਘੰਟੇ ਘਰ ਹੀ ਨਾ ਵੜਦਾ। ਪੜ੍ਹਾਈ ਦੇ ਨਾਉਂ ਉੱਤੇ ਉਹਨੂੰ ਮੌਤ ਪੈ ਜਾਂਦੀ।
ਸਾਥੀ ਮਾਸਟਰਾਂ ਵਿੱਚ ਬੈਠ ਕੇ ਉਹ ਗੱਲ ਤੋਰਦਾ। ਮਾਸਟਰਾਂ ਦਾ ਤਰਕ ਹੁੰਦਾ ਕਿ ਬੱਚੇ ਨੂੰ ਬਹੁਤਾ ਝਿੜਕਣਾ ਮਾਰਨਾ ਨਹੀਂ ਚਾਹੀਦਾ। ਅੱਖਾਂ ਦੀ ਘੂਰ-ਘੱਪ ਹੀ ਬਹੁਤ ਹੁੰਦੀ ਹੈ। ਉਹਦੇ ਉੱਤੇ ਬਹੁਤ ਦਬਾਓ ਪਾਓਗੇ ਤਾਂ ਉਹ ਜਾਂ ਤਾਂ ਦਬ ਕੇ ਰਹਿ ਜਾਵੇਗਾ, ਉਹਦਾ ਮਾਨਸਿਕ ਵਿਕਾਸ ਰੁਕ ਜਾਏਗਾ ਜਾਂ ਫੇਰ ਢੀਠ ਬਣ ਜਾਏਗਾ। ਤੁਹਾਡੀ ਕਿਸੇ ਵੀ ਗੱਲ ਦੀ ਪ੍ਰਵਾਹ ਨਹੀਂ ਕਰੇਗਾ। ਮਾਸਟਰ ਸੁਝਾਓ ਦਿੰਦੇ ਕਿ ਬੱਚੇ ਨੂੰ ਪਿਆਰ ਮੁਹੱਬਤ ਨਾਲ ਹੀ ਅੱਗੇ ਤੋਰਿਆ ਜਾਣਾ ਚਾਹੀਦਾ ਹੈ। ਬੁੱਧ ਰਾਮ ਪ੍ਰਣ ਜਿਹਾ ਮਨ ਵਿੱਚ ਧਾਰਦਾ ਕਿ ਉਹ ਹੁਣ ਕਦੇ ਵੀ ਕਿਰਨ ਕੁਮਾਰ ਨੂੰ ਕੁੱਟੇ-ਮਾਰੇਗਾ ਨਹੀਂ। ਨਾ ਹੀ ਉਹਨੂੰ ਵਾਹੀਆਤ ਝਿੜਕੇਗਾ ਜਾਂ ਗਾਲ੍ਹਾਂ ਕੱਢੇਗਾ। ਉਹਨੂੰ ਆਪਣੇ ਆਪ ਚੱਲਣ ਦੇਵੇਗਾ, ਪਰ ਇਹ ਪ੍ਰਣ ਉਹ ਮਸਾਂ ਇੱਕ ਜਾਂ ਦੋ ਦਿਨ ਲਈ ਹੀ ਨਿਭਾਅ ਸਕਦਾ। ਉਹ ਕਿਰਨ ਕੁਮਾਰ ਨੂੰ ਕੋਈ ਸਵਾਲ ਪੁੱਛਦਾ, ਅੰਗਰੇਜ਼ੀ ਦਾ ਕੋਈ ਫਿਕਰਾ ਜਾਂ ਪੰਜਾਬੀ ਦਾ ਕੋਈ ਸ਼ਬਦ, ਕਿਰਨ ਕੁਮਾਰ ਉਲਟਾ ਟੇਢਾ ਜਵਾਬ ਦਿੰਦਾ ਤਾਂ ਬੁੱਧ ਰਾਮ ਭਖ ਉੱਠਦਾ। ਉਹ ਬਹੁਤ ਹੈਰਾਨ
50
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ