ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/53

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੁਖਾਰ ਉਤਰਦਾ, ਫੇਰ ਚੜ੍ਹ ਜਾਂਦਾ। ਗੋਲ਼ੀਆਂ ਦੀ ਘੂਕੀ ਵਿੱਚ ਉਹ ਬੇਸੁਧ ਜਿਹਾ ਮੰਜੇ ਉੱਤੇ ਪਿਆ ਰਹਿੰਦਾ। ਬੇਸੁਰਤੀ ਹਾਲਤ ਵਿੱਚ ਹੀ ਡਬਲ-ਰੋਟੀ ਖਾਂਦਾ। ਦਿਨੋ-ਦਿਨ ਉਹਦਾ ਖ਼ੂਨ ਸੁੱਕਦਾ ਜਾ ਰਿਹਾ ਸੀ। ਦਿਨੋ-ਦਿਨ ਉਹਦਾ ਸਰੀਰ ਕਮਜ਼ੋਰ ਹੁੰਦਾ ਜਾ ਰਿਹਾ ਸੀ। ਕਿਰਨ ਕੁਮਾਰ ਇਸ ਦੁਨੀਆ ਵਿੱਚ ਨਾ ਰਿਹਾ ਤਾਂ ਕੁਝ ਦਿਨ ਤਾਂ ਬੁੱਧ ਰਾਮ ਉਹਦੇ ਬਾਰੇ ਕੁਝ ਸੋਚ ਹੀ ਨਾ ਸਕਿਆ। ਨਾ ਚੰਗਾ, ਨਾ ਮਾੜਾ। ਉਹਦੀ ਘਰਵਾਲੀ ਪੁੱਤ ਦੇ ਗ਼ਮ ਵਿੱਚ ਨਿਢਾਲ ਮੰਜੇ ਉੱਤੇ ਪਈ ਰਹਿੰਦੀ। ਔਰਤਾਂ ਉਹਦੇ ਕੋਲ ਆ ਕੇ ਗੱਲਾਂ ਕਰਦੀਆਂ ਤਾਂ ਉਹ ਹੋਰ ਉਦਾਸ ਹੋ ਜਾਂਦੀ। ਆਥਣ-ਸਵੇਰ ਉਹ ਬੁੱਧ ਰਾਮ ਨੂੰ ਕੋਸਦੀ- 'ਹੁਣ ਤਾਂ ਥੋਡਾ ਠਰ ਗਿਆ ਕਾਲਜਾ? ਚਾਹੇ ਡੱਕਾ ਦੂਹਰਾ ਨਹੀਂ ਕਰਦਾ ਸੀ, ਘਰੇ ਪੁੱਤ ਤਾਂ ਸੀ। ਧੂਣਾ ਤਾਂ ਧੁਖਦਾ ਸੀ। ਬੱਤੀ ਨਾਲ ਬੱਤੀ ਤਾਂ ਸੀ।'

ਬੁੱਧ ਰਾਮ ਚੁੱਪ ਰਹਿੰਦਾ। ਕਦੇ-ਕਦੇ ਉਹ ਖਿਝ ਉੱਠਦਾ ਕੀ ਕਰਨਾ ਸੀ ਇਹੋ ਜ੍ਹੀ ਔਲਾਦ ਦਾ? ਹੁਣ ਕੀ ਫ਼ਰਕ ਪੈ ਗਿਆ ਉਹਦੇ ਬਗ਼ੈਰ? ਮਰ ਗਿਆ ਤਾਂ ਸਬਰ ਕਰਕੇ ਬੈਠ ਹੁਣ। ਉਹ ਤਾਂ ਜਿਉਂਦਾ ਵੀ ਮਰਿਆਂ ਵਰਗਾ ਸੀ। ਉਹਦੇ ਜਿਊਂਦੇ ਆਪਾਂ ਵੀ ਕਿਹੜਾ ਜਿਉਂਦਿਆਂ 'ਚ ਸੀ?

ਤੇ ਫੇਰ ਕੁਝ ਦਿਨਾਂ ਬਾਅਦ ਬੁੱਧ ਰਾਮ ਇੱਕ ਦਿਨ ਬੈਠਾ-ਬੈਠਾ ਧਾਹੀਂ ਰੋ ਪਿਆ। ਅੱਖਾਂ ਦਾ ਸਾਰਾ ਪਾਣੀ ਮੁਕਾ ਕੇ ਉਹ ਪਤਨੀ ਨਾਲ ਗੱਲਾਂ ਕਰਨ ਲੱਗਿਆ- ਕੀ ਪਤਾ ਓਸ ਵਚਾਰੇ ਨੂੰ ਕੀ ਦੁੱਖ ਸੀ? ਕਿਉਂ ਨਾ ਪੜ੍ਹ ਸਕਿਆ ਉਹ? ਕਿਉਂ ਨਾ ਪਿਆ ਉਹ ਕਿਸੇ ਕੰਮ 'ਚ? ਉਹਦੇ ਇਉਂ ਵਿਗੜ ਜਾਣ 'ਚ ਸ਼ਾਇਦ ਆਪਣਾ ਈ ਕਸੂਰ ਹੋਵੇ। ਤੂੰ ਉਹਨੂੰ ਬੇਹੱਦ ਪਿਆਰ ਕਰਦੀ ਸੀ। ਸ਼ਾਇਦ ਏਸੇ ਕਰਕੇ ਵਿਗੜਿਆ ਹੋਵੇ ਉਹ? ਇਹ ਤਾਂ ਆਪਣਾ ਈ ਕਸੂਰ ਸੀ।ਉਹਨੂੰ ਆਪਾਂ ਠੀਕ ਢੰਗ ਨਾਲ ਉਸਾਰ ਨਾ ਸਕੇ।'

ਤੇ ਫੇਰ ਅਜਿਹੇ ਦਿਨ ਵੀ ਆ ਗਏ, ਜਦੋਂ ਉਹਦੀਆਂ ਧੀਆਂ ਘਰ ਆਉਂਦੀਆਂ। ਕੋਈ ਧੀ ਆਪਣਾ ਮੁੰਡਾ ਉਹਨਾਂ ਨੂੰ ਦੇਣ ਲਈ ਆਖਦੀ, ਪਰ ਬੁੱਧ ਰਾਮ ਬੜਾ ਰੁੱਖਾ ਹੋ ਕੇ ਜਵਾਬ ਦਿੰਦਾ- 'ਜਦੋਂ ਅਸੀਂ ਆਪਣੇ ਦਾ ਕੋਈ ਸੁੱਖ ਨਾ ਲੈ ਸਕੇ, ਬਗ਼ਾਨੀ ਔਲਾਦ ਕਿੱਥੋਂ ਪੰਘੂੜੇ ਝੁਟਾਅ ਦੂ ਸਾਨੂੰ?'

ਬੁੱਧ ਰਾਮ ਸਕੂਲੋਂ ਆਉਂਦਾ ਤੇ ਬੱਸ ਸਟੈਂਡ ਉੱਤੇ ਜਾ ਕੇ ਘੰਟਾ-ਘੰਟਾ ਖੜ੍ਹਾ ਲੋਕਾਂ ਵੱਲ ਖ਼ਾਲੀ-ਖ਼ਾਲੀ ਅੱਖਾਂ ਨਾਲ ਝਾਕਦਾ ਰਹਿੰਦਾ। ਕਿਸੇ-ਕਿਸੇ ਦਿਨ ਉਹਨੂੰ ਉਹਦਾ ਕੋਈ ਪੁਰਾਣਾ ਵਿਦਿਆਰਥੀ ਮਿਲ ਜਾਂਦਾ ਤਾਂ ਉਹ ਮੁੰਡੇ ਨੂੰ ਘੁੱਟ ਕੇ ਹਿੱਕ ਨਾਲ ਲਾਉਂਦਾ। ਢਾਬੇ 'ਤੇ ਜਾ ਕੇ ਉਹਨੂੰ ਚਾਹ ਪਿਆਉਂਦਾ। ਉਹਦੇ ਨਾਲ ਉਹਦੀਆਂ ਸਾਰੀਆਂ ਗੱਲਾਂ ਕਰਦਾ। ਮੁੰਡਾ ਆਪਣੀ ਉੱਨਤੀ ਬਾਰੇ ਦੱਸਦਾ ਤਾਂ ਬੁੱਧ ਰਾਮ ਦੇ ਚਿਹਰੇ ਉੱਤੇ ਲਾਲੀ ਆ ਜਾਂਦੀ। ਉਹਨੂੰ ਸੱਚਮੁੱਚ ਲੱਗਦਾ ਕਿ ਉਹ ਉਸਦਾ ਆਪਣਾ ਪੁੱਤ ਹੈ। ਬਾਜ਼ਾਰ ਵਿੱਚ ਉਹ ਆਪਣੇ ਕਿਸੇ ਵਿਦਿਆਰਥੀ ਦੀ ਪਿੱਠ ਪਛਾਣ ਕੇ ਉਹਦੇ ਮੋਢੇ ਉੱਤੇ ਜਾ ਹੱਥ ਧਰਦਾ ਤੇ ਥਾਂ ਦੀ ਥਾਂ ਖੜ੍ਹਾ ਕੇ ਉਹਦਾ ਹਾਲ-ਚਾਲ ਪੁੱਛਣ ਲੱਗਦਾ।

ਹੁਣ ਬੁੱਧ ਰਾਮ ਆਪਣੇ ਸਾਥੀ ਅਧਿਆਪਕਾਂ ਵਿੱਚ ਬੈਠ ਕੇ ਆਪਣੇ ਪੁਰਾਣੇ ਵਿਦਿਆਰਥੀਆਂ ਦੀਆਂ ਗੱਲਾਂ ਕਰਦਾ ਉਹ ਜੋ, ਹੁਣ ਰਾਮਪੁਰੇ ਐਸ.ਡੀ.ਐਮ. ਐ ਨਾ, ਉਹ ਮੇਰਾ ਵਿਦਿਆਰਥੀ ਐ। ਖ਼ਾਲਸਾ ਕਾਲਜ, ਲੁਧਿਆਣੇ ਦਾ ਭਰਪੂਰ ਸਿੰਘ ਜਿਹੜਾ

ਔਲਾਦ

53