ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/57

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਗੁਰਦੇਵ ਸਿੰਘ ਘਰ ਨਹੀਂ ਸੀ। ਬਾਹਰੋਂ ਆਇਆ ਤਾਂ 'ਹੈਪੀ' ਦੀ ਐਨੀ ਭੈੜੀ ਹਾਲਤ ਦੇਖ ਕੇ ਮਾਂ ਤੋਂ ਉਹਦੇ ਬਾਰੇ ਪੁੱਛਣ ਲੱਗਿਆ। ਉਹਨੇ ਦੇਖਿਆ, ਸ਼ਰਨਪਾਲ ਕਿਧਰੇ ਨੇੜੇ-ਤੇੜੇ ਵੀ ਨਹੀਂ ਸੀ। ਪਰ੍ਹਾਂ ਕਿਧਰੇ ਪਤਾ ਨਹੀਂ ਕਿੱਥੇ ਬੈਠੀ ਸੀ। ਉਹਨੂੰ ਉਹਦੇ ਉੱਤੇ ਗੁੱਸਾ ਆਇਆ। ਉਹਦਾ ਦਿਲ ਕੀਤਾ, ਲਫੇੜਿਆਂ ਨਾਲ ਉਹ ਆਪਣੀ ਤੀਵੀਂ ਦਾ ਮੂੰਹ ਭੰਨ ਦੇਵੇ। ਮੁੰਡੇ ਦੀ ਇਹ ਹਾਲਤ ਹੈ ਤੇ ਉਸ ਨੂੰ ਕੋਈ ਖ਼ਿਆਲ ਹੀ ਨਹੀਂ। ਕਿੰਨੀ ਨਿਰਦਈ ਔਰਤ ਹੈ। ਅਜਿਹੀ ਗੰਦੀ ਔਰਤ ਨੂੰ ਕੀ ਪਤਾ ਹੈ ਕਿ ਔਲਾਦ ਕੀ ਹੁੰਦੀ ਹੈ। ਵਿਆਹ ਤੋਂ ਚਾਰ ਸਾਲ ਬਾਅਦ ਮਸਾਂ ਕਿਤੇ ਜਾ ਕੇ ਇਹ ਜੁਆਕ ਹੋਇਆ। ਇਕੋਂ ਟਿੰਘ ਤਾਂ ਹੈ। ਮੁੜ ਕੇ ਕੋਈ ਜਵਾਕ ਨਹੀਂ। ਇਹੋ ਤਾਂ ਇਕ ਚਰਾਗ ਹੈ ਘਰ ਦਾ।

ਗੁਰਦੇਵ ਸਿੰਘ ਨੂੰ ਗੁੱਸਾ ਚੜ੍ਹ ਰਿਹਾ ਸੀ। ਢਿੱਡੋਂ ਕੱਢੀ ਅੱਗ ਨੂੰ ਵੀ ਕੋਈ ਇਸ ਤਰ੍ਹਾਂ ਵਸਾਰ ਕੇ ਰੱਖਦਾ ਹੁੰਦਾ ਹੈ, ਪਰ ਛੇਤੀ ਹੀ ਉਹਦਾ ਗੁੱਸਾ ਠੰਡਾ ਹੋਣ ਲੱਗਿਆ ਉਹਨੂੰ ਪਿਛਲਾ ਸਾਰਾ ਸਮਾਂ ਯਾਦ ਆ ਗਿਆ। ਜਦ ਤੋਂ ਉਹ ਵਿਆਹੀ ਆਈ ਸੀ, ਇੱਕ ਦਿਨ ਵੀ ਉਹਨੇ ਉਹਨੂੰ ਸਿੱਧੇ ਮੂੰਹ ਨਾਲ ਨਹੀਂ 'ਬੁਲਾਇਆ-ਚਲਾਇਆ' ਸੀ। ਹੁਣ ਤੱਕ ਵੀ ਉਹਦੀ ਮਾਂ ਹੀ ਉਹਨੂੰ ਥਾਲੀ ਵਿੱਚ ਰੋਟੀ ਪਾ ਕੇ ਦਿੰਦੀ। ਕੱਪੜੇ ਵੀ ਮਾਂ ਧੋਂਦੀ। ਸ਼ਰਨਪਾਲ ਤਾਂ ਮੁੱਢ ਤੋਂ ਹੀ ਚੁੱਪ-ਚਾਪ ਰਹੀ ਸੀ। ਕਦੇ ਲੜੀ-ਝਗੜੀ ਵੀ ਨਹੀਂ ਸੀ, ਗੁਰਦੇਵ ਸਿੰਘ ਨਾਲ। ਕਦੇ ਬਿੰਦ-ਝੱਟ ਬੈਠ ਕੇ ਵੀ ਉਹ ਪਿਆਰ ਦੀਆਂ ਗੱਲਾਂ ਨਹੀਂ ਕਰਦੀ ਸੀ।

ਗੁਰਦੇਵ ਸਿੰਘ ਘਰ ਦੇ ਕਿਸੇ ਮਸਲੇ ਵਿੱਚ ਗੁੱਸੇ ਹੁੰਦਾ ਤਾਂ ਰੁੱਸ ਕੇ ਬੈਠ ਜਾਂਦਾ। ਰੋਟੀ ਹੀ ਨਾ ਖਾਂਦਾ। ਘਰ ਦੇ ਸਭ ਜਣੇ ਰੋਟੀ ਖਾ ਚੁੱਕੇ ਹੁੰਦੇ। ਗੁਰਦੇਵ ਸਿੰਘ ਦੀ ਮਾਂ ਉਹਨੂੰ ਰੋਟੀ ਖਾਣ ਲਈ ਕਈ ਵਾਰ ਆਖਦੀ, ਪਰ ਉਹਦਾ ਗੁੱਸਾ ਓਵੇਂ ਹੀ ਕਾਇਮ ਰਹਿੰਦਾ। ਉਹਦਾ ਅੰਦਰੋਂ ਕਿਤੋਂ ਦਿਲ ਕਰਦਾ, ਸ਼ਰਨਪਾਲ ਥਾਲੀ ਵਿੱਚ ਰੋਟੀ ਪਾ ਕੇ ਲਿਆਵੇ ਤੇ ਉਹਦੀਆਂ ਮਿੰਨਤਾਂ ਜਿਹੀਆਂ ਕਰੇ। ਉਹਨੂੰ ਛੇੜੇ। ਹਾਸੀ ਮਜ਼ਾਕ ਵਿੱਚ ਹੀ ਇੱਕ ਬੁਰਕੀ ਤੋੜ ਕੇ ਉਹਦੇ ਮੂੰਹ ਵਿੱਚ ਪਾ ਦੇਵੇ ਤੇ ਫੇਰ ਸਾਰੀ ਰੋਟੀ ਉਹ ਖਾ ਲਵੇ, ਪਰ ਸ਼ਰਨਪਾਲ ਤਾਂ ਨੇੜੇ ਵੀ ਨਹੀਂ ਆਉਂਦੀ ਸੀ। ਉਹਨੂੰ ਤਾਂ ਜਿਵੇਂ ਯਾਦ ਵੀ ਰਹਿੰਦਾ ਨਹੀਂ ਸੀ ਕਿ ਖ਼ੁਦ ਰੋਟੀ ਖਾਣ ਵੇਲੇ ਉਹ ਆਪਣੇ ਪਤੀ ਦੀ ਰੋਟੀ ਖਾਧੀ, ਨਾ ਖਾਧੀ ਦੀ ਗੱਲ ਮਨ ਵਿੱਚ ਲਿਆਵੇ। ਰੋਟੀ ਖਾਂਦੀ, ਭਾਂਡਾ ਰੀਂਡਾ ਸਾਂਭਦੀ ਤੇ ਮੰਜੇ ਉੱਤੇ ਜਾ ਪੈਂਦੀ।

ਗੁਰਦੇਵ ਸਿੰਘ ਸੋਚਦਾ ਰਹਿੰਦਾ, ਕੀ ਸ਼ਰਨਪਾਲ ਦੀਆਂ ਪੇਕੇ-ਪਿੰਡ ਸਹੇਲੀਆਂ ਨਹੀਂ ਸਨ? ਕੁਝ ਸਹੇਲੀਆਂ ਉਸ ਨਾਲੋਂ ਪਹਿਲਾਂ ਵਿਆਹੀਆਂ ਵੀ ਗਈਆਂ ਹੋਣਗੀਆਂ। ਵਿਆਹ ਬਾਅਦ ਪੇਕੇ-ਪਿੰਡ ਆ ਕੇ ਕੁੜੀਆਂ ਆਪਣੀਆਂ ਸਹੇਲੀਆਂ ਨੂੰ 'ਗੱਲਾਂ' ਸੁਣਾਉਂਦੀਆਂ ਹੁੰਦੀਆਂ ਹਨ। ਕੀ ਕਿਸੇ ਤੋਂ ਸ਼ਰਨਪਾਲ ਨੇ ਕਦੀ ਨਹੀਂ ਸੁਣਿਆ ਹੋਵੇਗਾ ਕਿ ਨਵੇਂ ਵਿਆਹੇ ਮੁੰਡੇ ਕੁੜੀ ਦਾ ਭਖਵਾਂ ਪਿਆਰ ਤੇ ਅੰਨ੍ਹਾ ਲਾਡ-ਚਾਅ ਕੀ ਹੁੰਦਾ ਹੈ ਜਾਂ ਕੀ ਉਹਨੇ ਕਦੇ ਐਥੇ ਸਹੁਰੇ-ਪਿੰਡ ਹੋਰਨਾ ਤੀਵੀਂਆਂ ਤੋਂ ਆਪਣੇ ਬੰਦਿਆਂ ਦੀਆਂ ਗੱਲਾਂ ਕਦੇ ਨਹੀਂ ਸੁਣੀਆਂ? ਆਪਣੇ ਬੰਦਿਆਂ ਨਾਲ ਉਹ ਕਿਵੇਂ ਲੜਦੀਆਂ

ਡਰ

57