ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/62

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਅੰਦਰੇ ਚਾਹ-ਦੁੱਧ। ਟੱਟੀ-ਪਿਸ਼ਾਬ ਉਹ ਘਰ ਹੀ ਵਿਹੜੇ ਵਿੱਚ ਇੱਕ ਖੂੰਜੇ ਕਰ ਲੈਂਦਾ। ਰਮਦਿੱਤਾ ਉਹਦਾ ਸਭ ਕਰਦਾ।

ਏਦਾਂ ਹੀ ਬਹੁਤ ਦਿਨ ਲੰਘ ਗਏ। ਗੁੰਡਿਆਂ ਲੁਟੇਰਿਆਂ ਦੇ ਜਥੇ ਆਉਂਦੇ ਤੇ ਪਿੰਡ ਦੀਆਂ ਗਲੀਆਂ ਵਿੱਚ ਹੋਕਰੇ-ਲਲਕਾਰੇ ਮਾਰਦੇ ਫਿਰਦੇ- 'ਕਿਸੇ ਦੇ ਘਰ ਕੋਈ ਸੁੱਲਾ ਲੁਕਿਆ ਬੈਠੈ ਤਾਂ ਕੱਢ ਦਿਓ ਬਾਹਰ ਉਹਨੂੰ, ਨਹੀਂ ਤਾਂ ਘਰ ਨੂੰ ਅੱਗ ਲਾ ਦਿਆਂਗੇ।' ਉਹਨਾਂ ਨੇ ਕਈ ਘਰਾਂ ਦੀਆਂ ਤਲਾਸ਼ੀਆਂ ਲਈਆਂ ਸਨ, ਪਰ ਲੋਕ ਬੜੇ ਰਹਿਮ ਦਿਲ ਤੇ ਦ੍ਰਿੜ੍ਹ ਇਰਾਦੇ ਵਾਲੇ ਸਨ। ਜੀਹਨੇ ਕਿਸੇ ਨੇ ਕੋਈ ਲੁਕੋਅ ਕੇ ਰੱਖ ਲਿਆ, ਬਸ ਰੱਖ ਲਿਆ। ਬਾਹਰ ਹਵਾ ਨਹੀਂ ਕੱਢੀ। ਇੱਕ ਦਿਨ ਮਿਲਟਰੀ ਦਾ ਟਰੱਕ ਵੀ ਆਇਆ ਸੀ। ਉਹਨਾਂ ਨੂੰ ਕੋਈ ਨਹੀਂ ਮਿਲਿਆ।

ਕਈ ਮਹੀਨੇ ਲੰਘ ਗਏ ਤਾਂ ਪਿੰਡ ਵਿੱਚ ਹੌਲ਼ੀ-ਹੌਲ਼ੀ ਘੁਸਰ ਮੁਸਰ ਹੋਣ ਲੱਗੀ ਕਿ ਜੰਗੇ ਪਹਿਲਵਾਨ ਨੇ ਘੁਮਿਆਰਾਂ ਦੀ ਨੂੰਹ ਬਚਾ ਕੇ ਰੱਖ ਲਈ ਹੈ। ਬਚਨੇ ਫ਼ੌਜੀ ਕੋਲ ਇੱਕ ਅਠਾਰਾਂ-ਵੀਹ ਸਾਲ ਦੀ ਕੁੜੀ ਹੈ, ਪਤਾ ਨਹੀਂ ਕੌਣ ਹੈ। ਕੋਈ ਕਹਿੰਦਾ ਸੀ, ਏਸੇ ਪਿੰਡ ਦੀ ਤੇ ਗੁਲਜ਼ਾਰ ਸੱਕੇ ਦੀ ਪੋਤੀ ਹੈ। ਕੋਈ ਕਹਿੰਦਾ ਸੀ, ਇਹ ਉਹ ਨਹੀਂ, ਕਿਸੇ ਹੋਰ ਪਿੰਡ ਦੀ ਕੁੜੀ ਹੈ। ਰਮਦਿੱਤੇ ਕੋਲ ਇੱਕ ਮੁੰਡਾ ਹੈ, ਢਾਈ-ਤਿੰਨ ਸਾਲ ਦਾ।

ਰਮਦਿੱਤੇ ਦਾ ਇੱਕ ਬੁੱਢਾ ਬਾਪ ਸੀ ਤੇ ਇੱਕ ਉਹ ਆਪ। ਹੋਰ ਉਹਨਾਂ ਦੇ ਘਰ ਵਿੱਚ ਕੋਈ ਨਹੀਂ ਸੀ। ਰਮਦਿੱਤੇ ਦੀ ਮਾਂ ਉਹਨੂੰ ਦਸ ਕੁ ਸਾਲਾਂ ਦਾ ਹੀ ਛੱਡ ਕੇ ਮਰ ਗਈ ਸੀ। ਰਮਦਿੱਤੇ ਦੇ ਪਿਓ ਤੋਂ ਚੰਗੀ ਤਰ੍ਹਾਂ ਵਾਹੀ ਦਾ ਕੰਮ ਨਹੀਂ ਹੁੰਦਾ ਸੀ। ਉਹਦੀ ਨਿਗਾਹ ਕਮਜ਼ੋਰ ਸੀ ਤੇ ਉਹ ਲੱਤਾਂ ਦਾ ਆਰੀ ਸੀ। ਉਹਨਾਂ ਕੋਲ ਦਸ ਘੁਮਾਂ ਜ਼ਮੀਨ ਸੀ। ਹਿੱਸੇ ਠੇਕੇ ਉੱਤੇ ਦੇ ਦਿੰਦੇ ਤੇ ਬੈਠੇ ਖਾਈ ਜਾਂਦੇ। ਹੁਣ ਸੰਤਾਲੀ ਵੇਲੇ ਰਮਦਿੱਤੇ ਦੀ ਉਮਰ ਚਾਲੀ ਤੋਂ ਉੱਤੇ ਹੋ ਚੁੱਕੀ ਸੀ। ਉਹਦਾ ਪਿਓ ਅੱਸੀਆਂ ਨੂੰ ਢੁੱਕਿਆ ਹੋਇਆ ਸੀ। ਪਿਓ ਵਾਂਗ ਰਮਦਿੱਤਾ ਵੀ ਹੱਡ ਰੱਖ ਸੀ। ਏਸੇ ਕਰਕੇ ਤਾਂ ਉਹਨੂੰ ਕੋਈ ਸਾਕ ਨਹੀਂ ਹੋਇਆ ਸੀ। ਉਹਨੇ ਇੱਕ ਮੱਲ ਦੀ ਤੀਵੀਂ ਲਿਆਂਦੀ ਸੀ। ਉਹ ਖਾ ਪੀ ਕੇ ਤੁਰਦੀ ਬਣੀ ਸੀ। ਪਿਓ ਵਾਂਗ ਰਮਦਿੱਤੇ ਨੇ ਵੀ ਐਨਕ ਲਵਾ ਲਈ।

ਸੰਤਾਲੀ ਤੋਂ ਪੰਜਾਂ ਸੱਤਾਂ ਸਾਲਾਂ ਬਾਅਦ ਦਿੱਤੇ ਦਾ ਪਿਓ ਮਰ ਗਿਆ। ਫੇਰ ਉਹ ਸੀ ਤੇ ਉਹਦਾ ਪੁੱਤਾਂ ਵਾਂਗ ਪਾਲਿਆ ਕੈਲੁ। ਕੈਲੁ ਨੂੰ ਜਦੋਂ ਉਹਨੇ ਕਿਸੇ ਕਤੂਰੇ ਜਾਂ ਬਲੂੰਗੜੇ ਵਾਂਗ ਘਰ ਚੁੱਕ ਕੇ ਲਿਆਂਦਾ ਸੀ, ਉਸ ਵੇਲੇ ਉਹਦਾ ਨਾਉਂ ਕੋਈ ਨਹੀਂ ਸੀ। ਮੁੰਡੇ ਦਾ ਰੰਗ ਪੱਕਾ ਸੀ। ਕਦੇ ਉਹ ਉਹਨੂੰ ਕਾਲੂ ਕਹਿੰਦਾ, ਕਦੇ ਕੈਲੂ ਤੇ ਕਦੇ ਕੈਲੂ ਤੋਂ ਕਰਨੈਲ ਸਿੰਘ ਬਣਾ ਲੈਂਦਾ।

ਕੈਲੂ ਤੇਰਾਂ-ਚੌਦਾਂ ਸਾਲ ਦਾ ਹੋਇਆ ਤਾਂ ਘਰ ਦਾ ਸਾਰਾ ਕੰਮ ਕਰਨ ਲੱਗਿਆ। ਮ੍ਹੈਸ ਦੀ ਦੇਖਭਾਲ ਕਰਦਾ। ਸਫ਼ਾਈ ਪੱਖੋਂ ਘਰ ਨੂੰ ਟਿਚਨ ਬਣਾ ਕੇ ਰੱਖਦਾ। ਕੋਠੇ ਦੀ ਛੱਤ ਨੂੰ ਮਿੱਟੀ ਲਾਉਂਦਾ, ਸਬਾਤ ਵਿੱਚ ਤਲੀ ਫੇਰਦਾ ਤੇ ਕੰਧਾਂ ਉੱਤੇ ਪਾਂਡੂ ਦਾ ਪੋਚਾ ਦੇ ਲੈਂਦਾ। ਲੀੜਾ-ਕੱਪੜਾ ਸਭ ਧੋਅ-ਸੰਵਾਰ ਕੇ ਰੱਖਦਾ। ਰੋਟੀ-ਟੁੱਕ ਦਾ ਕੰਮ ਵੀ ਓਹੀ ਕਰਦਾ। ਸਭ ਤੋਂ ਵੱਡੀ ਗੱਲ, ਉਹ ਰਮਦਿੱਤੇ ਦੀ ਪੂਰੀ ਟਹਿਲ ਸੇਵਾ ਕਰਦਾ। ਰਮਦਿੱਤੇ ਲਈ ਟਹਿਲ ਸੇਵਾ ਹੁਣ ਹੋਰ ਵੀ ਜ਼ਰੂਰੀ ਹੋ ਗਈ ਸੀ, ਕਿਉਂਕਿ ਉਹਦੀ ਨਿਗਾਹ ਨਹੀਂ ਰਹੀ ਸੀ। ਘਟਦੀ ਗਈ, ਘਟਦੀ ਗਈ ਤੇ ਇੱਕ ਦਿਨ ਉਹ ਬੁੱਥ ਬਣ ਕੇ ਬੈਠ ਗਿਆ।

62

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ