ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/70

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੂੰ ਫੜਾ ਦਿੰਦਾ ਹੈ। ਉਹ ਨਿੱਤ ਏਦਾਂ ਹੀ ਕਰਦਾ ਹੈ। ਇੱਕ ਰੁਪਿਆ ਜੇਬ ਵਿੱਚ ਪਾ ਕੇ ਰੱਖੇਗਾ। ਐਨ ਜਦੋਂ ਉਹ ਰਿਕਸ਼ਾ ਵਿੱਚ ਚੜ੍ਹਨ ਲਈ ਤਿਆਰ ਹੋਵੇ, ਉਹਨੂੰ ਦੇ ਦਿੰਦਾ ਹੈ। ਇਹ ਵੀ ਕਹੇਗਾ- "ਕੋਈ ਖੱਟੀ ਚੀਜ਼ ਨਹੀਂ ਖਾਣੀ, ਇਮਲੀ ਬਿਲਕੁਲ ਨਹੀਂ।"

ਸਕੂਲ-ਰਿਕਸ਼ਾ ਚਲੀ ਗਈ ਹੈ। ਦੁਕਾਨ 'ਤੇ ਆ ਕੇ ਉਹ ਸੁਰਜੀਤ ਕੌਰ ਵੱਲ ਝਾਕ ਕੇ ਮੁਸਕਰਾਇਆ ਹੈ। ਕਹਿੰਦਾ ਹੈ- "ਬੱਚੀ ਕਿੰਨਾ ਘਲ ਮਿਲ ਗਈ ਹੈ ਸਾਡੇ ਨਾਲ। ਕਿੰਨੀ ਜ਼ਿੱਦ ਕਰਦੀ ਹੈ। ਜਿਵੇਂ ਅਸੀਂ ਇਹਦੇ ਅਸਲੀ ਮਾਂ-ਬਾਪ ਹੋਈਏ।"

"ਹੁਣ ਤਾਂ ਅਸੀਂ ਹੀ ਅਸਲੀ ਮਾਂ-ਬਾਪ ਹਾਂ। ਉਹ ਤਾਂ ਨਕਲੀ ਸੀ ਜਿਹੜੇ ਇਹਨੂੰ ਜੰਮ ਕੇ ਸੁੱਟ ਗਏ।" ਸੁਰਜੀਤ ਕੌਰ ਘਰ ਅੰਦਰ ਜਾਂਦੀ ਕਹਿ ਗਈ ਹੈ।

ਮਕਾਨ ਦੇ ਸੱਜੇ ਹੱਥ ਇੱਕ ਕਮਰੇ ਵਿੱਚ ਦੁਕਾਨ ਹੈ। ਖੱਬੇ ਹੱਥ ਦਾ ਕਮਰਾ ਬੈਠਣ-ਉੱਠਣ ਲਈ ਹੈ। ਦੋਨਾਂ ਕਮਰਿਆਂ ਵਿਚਕਾਰ ਕਮਰੇ ਜਿੰਨੀ ਚੌੜੀ ਹੀ ਗੈਲਰੀ ਹੈ। ਗੈਲਰੀ ਦੇ ਮਹਿਰਾਬੀ ਦਰਵਾਜ਼ੇ ਨੂੰ ਲੋਹੇ ਦਾ ਗੇਟ ਲੱਗਿਆ ਹੋਇਆ ਹੈ। ਮਹਿਰਾਬੀ ਦਰਵਾਜ਼ੇ ਉੱਤੇ ਸੀਮਿੰਟ ਦੇ ਬਣੇ ਪੰਜਾਬੀ ਅੱਖਰਾਂ ਵਿੱਚ ਲਿਖਿਆ ਹੋਇਆ ਹੈ- "ਸੁਰਨੰਦ ਭਵਨ"

'ਸਰ ਸੁਰਜੀਤ ਕੌਰ ਦਾ ਤੇ 'ਨੰਦ' ਨੰਦ ਸਿੰਘ ਦਾ!

ਨੰਦ ਸਿੰਘ ਨੇ ਜਦੋਂ ਇਹ ਮਕਾਨ ਬਣਾਇਆ ਸੀ, ਉਹਨੂੰ ਬੜੀਆਂ ਆਸਾਂ ਸਨ, ਇੱਕ ਭਰਪੂਰ ਜੀਵਨ ਜਿਉਣ ਦੀਆਂ। ਉਹਨਾਂ ਦੇ ਵਿਆਹ ਨੂੰ ਚਾਰ-ਪੰਜ ਸਾਲ ਹੀ ਹੋਏ ਸਨ। ਬੱਚਾ ਕੋਈ ਨਹੀਂ ਸੀ। ਪਰ ਲੇਡੀ-ਡਾਕਟਰ ਕਹਿ ਰਹੀ ਸੀ, ਬੱਚਾ ਹੋਵੇਗਾ ਜ਼ਰੂਰ। ਮਾਮੂਲੀ ਨੁਕਸ ਹੈ। ਇਲਾਜ ਜਾਰੀ ਰੱਖੋ।

ਵਿਹੜਾ ਛੱਡ ਕੇ ਪਿਛਲੇ ਪਾਸੇ ਦੋ ਵੱਡੇ ਕਮਰੇ ਹਨ। ਵਿਹੜੇ ਦੇ ਇੱਕ ਪਾਸੇ ਰਸੋਈ ਹੈ, ਗੁਸਲਖਾਨਾ ਹੈ ਤੇ ਨਾਲ ਹੀ ਫਲੱਸ਼। ਪਿਛਲੇ ਇੱਕ ਕਮਰੇ ਉੱਤੇ ਚੁਬਾਰਾ ਵੀ ਪਾ ਲਿਆ ਸੀ।

ਨੰਦ ਸਿੰਘ ਹੋਰੀਂ ਤਿੰਨ ਭਰਾ ਹਨ। ਉਹ ਸਭ ਤੋਂ ਵੱਡਾ ਹੈ। ਵਿਚਕਾਰਲਾ ਜਰਨੈਲ ਸਿੰਘ ਉਹਤੋਂ ਦੋ ਸਾਲ ਛੋਟਾ ਹੈ ਤੇ ਦਰਵਾਰਾ ਸਿੰਘ ਜਰਨੈਲ ਤੋਂ ਦੋ ਸਾਲ ਦੀ ਵਿੱਥ ਉੱਤੇ। ਕੋਈ ਵੀ ਨਹੀਂ ਸੀ ਵਿਆਹਿਆ, ਜਦੋਂ ਉਹਨਾਂ ਦੇ ਮਾਂ-ਬਾਪ ਨਾ ਰਹੇ। ਤਿੰਨਾਂ ਨੇ ਖ਼ੁਦ ਕਮਾਈ ਕੀਤੀ ਤੇ ਆਪਣੇ ਵਿਆਹ ਕਰਾਏ। ਨੰਦ ਸਿੰਘ ਕਹਿੰਦਾ ਹੁੰਦਾ-"ਮਾਪੇ ਤਾਂ ਜੰਮਣ ਵਾਲੇ ਸੀ, ਅਸੀਂ ਤਿੰਨਾਂ ਭਾਈਆਂ ਨੇ ਆਪਣੇ ਸਿਰ ਆਪ ਗੁੰਦੇ। ਮਕਾਨ ਆਪ ਬਣਾਏ, ਆਪਣੇ ਵਿਆਹ ਕਰਾਏ। ਪਿਓ ਤਾਂ ਦੋ ਕੋਠੜੀਆਂ ਛੱਡ ਗਿਆ ਸੀ ਬੱਸ।"

ਉਹਨਾਂ ਦਾ ਬਾਪ ਸਬਜ਼ੀ ਵੇਚਣ ਦਾ ਕੰਮ ਕਰਦਾ ਹੁੰਦਾ। ਪਹਿਲਾਂ ਰੇੜ੍ਹੀ ਸੀ, ਫੇਰ ਦੁਕਾਨ ਬਣਾ ਲਈ। ਨੰਦ ਸਿੰਘ ਨੇ ਵੀ ਇਹੋ ਕੰਮ ਕੀਤਾ। ਜਰਨੈਲ ਕੱਪੜਾ ਵੇਚਦਾ ਤੇ ਦਰਬਾਰੇ ਦੀ ਫ਼ਲਾਂ ਦੀ ਦੁਕਾਨ ਸੀ।

ਨੰਦ ਸਿੰਘ ਨੇ ਬਹੁਤ ਕਮਾਇਆ। ਐਡਾ ਵਧੀਆ ਮਕਾਨ ਬਣਾਇਆ। ਪਰ ਉਹਦਾ ਵਿਹੜਾ ਸੱਖਣਾ ਸੀ। ਇਹੀ ਇੱਕ ਘਾਟਾ ਸੀ। ਉਹਦੀ ਤਮਾਮ ਜ਼ਿੰਦਗੀ ਨਿਰਉਤਸ਼ਾਹ ਹੋ ਕੇ ਰਹਿ ਗਈ। ਸਬਜ਼ੀ ਦਾ ਕੰਮ ਛੱਡ ਦਿੱਤਾ। ਚੁਬਾਰਾ ਤੇ ਹੇਠਲਾ ਖੱਬੇ ਹੱਥ

70

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ