ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/76

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਰਬਾਰਾ ਸਿੰਘ ਵੀ ਘਰ ਸੀ। ਸੁਰਜੀਤ ਕੌਰ ਦੀ ਗੱਲ ਸੁਣ ਕੇ ਉਹ ਸਗੋਂ ਖੁਦ ਸੋਚਣ ਲੱਗ ਪਿਆ- ਇਹ ਕੀ ਹੋ ਗਿਆ ਬਈ ਜਰਨੈਲ ਦੇ ਦਿਮਾਗ਼ ਨੂੰ? ਸੋਹਣਾ ਖਾਂਦਾ-ਪੀਦੈ, ਪੜ੍ਹੀ ਜਾਂਦੈ, ਪਲੀ ਜਾਂਦੈ। ਫੇਰ ਉਹਨੇ ਦਿਮਾਗ਼ ਲੜਾਇਆ- ਵਿਚੋਂ ਕੋਈ ਹੋਰ ਗੱਲ ਹੋਣੀ ਐ? ਜਰਨੈਲ ਦੇ ਪੱਠੇ ਦਿਮਾਗ਼ ਦਾ ਕੀ ਪਤੈ? ਰੱਜੀ ਉਹਦਾ ਵੀ ਉਤਲਾ ਪੱਟ ਐ। ਤੀਵੀਂ-ਆਦਮੀ ਜ਼ਰੂਰ ਕਿਸੇ ਦਿਮਾਗ਼ੀ-ਘੁੰਡੀ ਦਾ ਸ਼ਿਕਾਰ ਨੇ। ਉਹ ਬੋਲਿਆ-"ਭਾਬੀ, ਤੁਹਾਡੀਆਂ ਤੁਸੀਂ ਜਾਣੋ ਜਾਂ ਉਹ ਜਾਣਨ, ਤੁਹਾਡੇ ਖਰੇ-ਪਿਆਰੇ ਦਿਉਰ-ਦਰਾਣੀ। ਸਾਡਾ ਏਸ ਮਾਮਲੇ ਨਾਲ ਕੋਈ ਸਰੋਕਾਰ ਨਹੀਂ।" ਫੇਰ ਹੱਸਿਆ- ਲੈ ਲਿਆ ਪਤਾ ਹੁਣ? ਦੁਕਾਨ ਵੰਡਣ ਵੇਲੇ ਭਾਈ ਸਾਹਬ ਨੇ ਜਰਨੈਲ ਦਾ ਪੱਖ ਕੀਤਾ ਸੀ। ਮੈਨੂੰ ਤਾਂ ਔਹ ਮਾਰਿਆ, ਨੱਕ ਵਾਂਗ ਪੂੰਝ ਕੇ।" ਫੇਰ ਉਹਨੇ ਹੱਡ ਉੱਤੇ ਲੂਣ ਭੁੱਕਿਆ-"ਭਾਬੀ, ਸੁਆਦ ਆ ਗਿਆ।"

"ਹਾਹੋ, ਦੇਖੋ ਤਮਾਸ਼ਾ। ਸਾਡੇ ਕੁੱਛ ਹੈ ਨਹੀਂ, ਤਦੇ ਕਰਦੇ ਓ ਮਸ਼ਕਰੀਆਂ ਤੁਸੀਂ ਸਾਡੇ ਨਾਲ।" ਸੁਰਜੀਤ ਕੌਰ ਨੇ ਅੱਖਾਂ ਭਰ ਲਈਆਂ।

ਦਰਬਾਰਾ ਸਿੰਘ ਦੀ ਘਰਵਾਲੀ ਅਨੂਪ ਕੌਰ ਨੇ ਉਹਨੂੰ ਬੈਠਣ ਲਈ ਆਖਿਆ। ਪਰ ਉਹ ਬੈਠੀ ਨਹੀਂ।ਉਹਨੀ ਪੈਰੀਂ ਘਰ ਨੂੰ ਮੁੜਨ ਲੱਗੀ। ਦਰਬਾਰਾ ਸਿੰਘ ਉਹਦੇ ਅੱਗੇ ਜਾ ਖੜ੍ਹਾ ਤੇ ਕਹਿਣ ਲੱਗਿਆ-"ਭਾਬੀ, ਮੇਰੀ ਤਾਂ ਬੋਲ-ਚਾਲ ਹੀ ਨਹੀਂ ਜਰਨੈਲ ਨਾਲ। ਸਾਡਾ ਹੋਰ ਕੋਈ ਵੀ ਉਹਨਾਂ ਦੇ ਆਉਂਦਾ-ਜਾਂਦਾ ਨਹੀਂ। ਉਹਨਾਂ ਦੇ ਘਰ ਨਾਲੋਂ ਸਾਡੇ ਘਰ ਦੀ ਵਿੱਥ ਵੀ ਦੇਖ। ਨਾ ਉਹਨਾਂ ਦਾ ਕੋਈ ਏਧਰ ਆਵੇ ਨਾ ਸਾਡਾ ਕੋਈ ਓਧਰ ਜਾਵੇ। ਅਨੂਪ ਦਾ ਉੱਕਾ ਹੀ ਸੁਭਾਅ ਨਹੀਂ, ਬਈ ਰੱਜੀ ਕੋਲ ਜਾਂਦੀ ਫਿਰੇ। ਘਰ ਦੇ ਕੰਮਾਂ 'ਚ ਕਿੱਥੋਂ ਜਾਇਆ ਜਾਂਦੈ। ਤੁਸੀਂ ਭਰਜਾਈ, ਆਪਣਾ ਝਗੜਾ ਆਪੇ ਨਿਬੇੜੋ। ਅਸੀਂ ਤੁਹਾਡੇ ਕੋਲੋਂ ਕੁੱਛ ਨਹੀਂ ਲੈਣਾ ਤੇ ਨਾ ਜਰਨੈਲ ਤੋਂ ਲੈਣੇ ਕੁੱਛ।"

ਸੁਰਜੀਤ ਕੌਰ ਹੌਲੀ ਹੋ ਕੇ ਘਰ ਆ ਗਈ। ਹਰਅਵਤਾਰ ਸਕੂਲ ਜਾਣ ਦੇ ਆਹਰ ਵਿੱਚ ਸੀ। ਉਹਨੇ ਆਪਣਾ ਬੈਗ ਤਿਆਰ ਕੀਤਾ ਤੇ ਟਿਫਨ ਦੀ ਕਾਹਲ ਮਚਾ ਦਿੱਤੀ। ਸੁਰਜੀਤ ਕੌਰ ਦੇ ਅੰਦਰਲੇ ਯੁੱਧ ਦਾ ਉਹਨੂੰ ਕੋਈ ਪਤਾ ਨਹੀਂ ਸੀ। ਉਹ ਤਾਂ ਪਹਿਲਾਂ ਵਾਂਗ ਹੀ ਟੱਪ-ਨੱਚ ਰਿਹਾ ਸੀ। ਆਟਾ ਗੁੰਨ੍ਹਿਆ ਪਿਆ ਸੀ। ਗੈਸ ਜਲਾ ਕੇ ਉਹ ਜਲਦੀ-ਜਲਦੀ ਪਰੌਂਠੇ ਲਾਹੁਣ ਲੱਗੀ। ਹਰਅਵਤਾਰ ਦਾ ਤਿੱਖਾ ਬੋਲ-"ਟਿਫਨ ਨਹੀਂ ਦੇਣਾ ਤਾਂ ਮੈਂ ਚੱਲਿਆ ਸਕੂਲੇ।"

"ਜਾਂਦਾ ਹੈਂ ਤਾਂ ਜਾਹ ਫੇਰ। ਮੈਂ ਕੋਈ ਮਸ਼ੀਨ ਆਂ? ਟਿਫਨ ਤਿਆਰ ਹੁੰਦਾ ਹੀ ਤਿਆਰ ਹੋਵੇਗਾ।" ਉਹਦੇ ਮੂੰਹ ਰੁੱਖਾ ਜਵਾਬ ਨਿੱਕਲ ਗਿਆ।

ਚਾਬੀ ਮੁੱਕੇ ਖਿੜੌਣੇ ਵਾਂਗ ਹਰਅਵਤਾਰ ਥਾਂ ਦੀ ਥਾਂ ਖੜ੍ਹਾ ਰਹਿ ਗਿਆ। -"ਇਹ ਕੀ? ਤਾਈ ਇਸ ਤਰ੍ਹਾਂ ਤਾਂ ਕਦੇ ਨਹੀਂ ਬੋਲਦੀ ਸੀ। ਪੁੱਚ-ਪੁੱਚ ਕਰਨ ਵਾਲੀ ਤਾਈ।"

ਤਾਈ ਦੀ ਇਸ ਅਚਾਨਕ ਤਬਦੀਲੀ ਤੋਂ ਸਹਿਮ ਕੇ ਮੁੰਡਾ ਡਰ ਗਿਆ। ਚੁੱਪ-ਚਾਪ ਕੁਰਸੀ ਉੱਤੇ ਬੈਠਾ ਉਹ ਬੈਗ ਨੂੰ ਦੁਬਾਰਾ ਖੋਲ੍ਹ ਕੇ ਕਿਤਾਬਾਂ-ਕਾਪੀਆਂ ਦੇਖਣ ਲੱਗ ਪਿਆ।

ਜਰਨੈਲ ਸਿੰਘ ਸਕੂਲ ਜਾਂਦੇ ਹਰਅਵਤਾਰ ਨੂੰ ਦੋ ਵਾਰੀ ਕਹਿ ਚੁੱਕਿਆ ਸੀ ਕਿ ਉਹ ਤਾਏ-ਘਰ ਰਹਿਣਾ ਛੱਡ ਦੇਵੇ। ਆਪਣੇ ਘਰ ਆ ਜਾਏ। ਆਖਿਆ ਸੀ-"ਉਹ

76

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ