ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/92

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਫ਼ੜੀ ਤੇ ਉਹਦਾ ਚਿਹਰਾ ਆਪਣੇ ਸਾਹਮਣੇ ਕਰ ਲਿਆ। ਪੁੱਛਣ ਲੱਗਿਆ, 'ਤੇਰਾ ਜੀ ਨ੍ਹੀਂ ਲੱਗਦਾ, ਐਥੇ, ਅਸੂ?'

ਆਸ਼ਾ ਨੇ ਪਰਲ-ਪਰਲ ਹੰਝੂਆਂ ਦੀਆਂ ਧਾਰਾਂ ਵਗਾ ਦਿੱਤੀਆਂ।

ਉਹਦੀਆਂ ਅੱਖਾਂ ਦਾ ਸਾਰਾ ਪਾਣੀ ਜਦ ਮੁੱਕ ਗਿਆ ਤਾਂ ਉਹ ਆਪਣੇ ਆਪ ਹੀ ਬੋਲ ਉੱਠੀ, 'ਥੋਡੇ ਵਰਗਾ ਹਸਬੈਂਡ ਮਸਾਂ ਮਿਲਦੈ ਕਿਸੇ ਨੂੰ। ਮੈਂ ਤਾਂ ਇੱਕ ਲਾਹਨਤ ਆਂ, ਥੋਨੂੰ ਆ ਚਿੰਬੜੀ। ਜਦੋਂ ਤੁਸੀਂ ਮੇਰੇ ਨੇੜੇ ਔਨੇ ਓਂ, ਮੈਨੂੰ ਪਤਾ ਨ੍ਹੀਂ ਕੀ ਹੋ ਜਾਂਦੈ। ਮੈਨੂੰ ਤਾਂ ਆਪ ਕੁੱਛ ਪਤਾ ਨ੍ਹੀਂ ਲੱਗਦਾ, ਮੈਂ ਕੀ ਕਰਾਂ?'

'ਦਿਲ ਦੀ ਘੁੰਡੀ ਦੱਸ। ਤੇਰੇ ਮਨ 'ਚ ਕੋਈ ਗੱਲ ਹੋਣੀ ਐ?'

'ਮਨ 'ਚ ਤਾਂ ਕੋਈ ਗੱਲ ਨ੍ਹੀਂ।'

'ਫੇਰ?'

'ਮੈਨੂੰ ਤਾਂ ਆਪ ਪਤਾ ਨ੍ਹੀਂ।'

ਓਸੇ ਸ਼ਾਮ ਉਹਨੇ ਆਸ਼ਾ ਨੂੰ ਸਕੂਟਰ ਦੇ ਮਗਰ ਬਿਠਾਇਆ ਤੇ ਉਹਨੂੰ ਇੱਕ ਲੇਡੀ ਡਾਕਟਰ ਕੋਲ ਲੈ ਗਿਆ। ਆਪ ਤਾਂ ਉਹ ਬਾਹਰ ਬੈਂਚ ਉੱਤੇ ਬੈਠਾ ਰਿਹਾ। ਲੇਡੀ ਡਾਕਟਰ ਪਰਦੇ ਅੰਦਰ ਉਹਨੂੰ ਪਤਾ ਨਹੀਂ ਕੀ ਪੁੱਛਦੀ-ਵੇਖਦੀ ਰਹੀ। ਤੇ ਫੇਰ ਵਾਪਸ ਆ ਕੇ ਲੇਡੀ ਡਾਕਟਰ ਨੇ ਹੇਮ ਚੰਦ ਨੂੰ ਆਖਿਆ ਕਿ ਉਹ ਅੱਧਾ ਘੰਟਾ ਸ਼ਹਿਰ ਵਿੱਚ ਫਿਰ ਤੁਰ ਆਵੇ। ਓਦੋਂ ਤੱਕ ਉਹ ਉਸ ਨੂੰ ਹੋਰ ਦੇਖ ਪੁੱਛ ਲਵੇਗੀ।

ਉਹ ਵਾਪਸ ਕਲੀਨਿਕ ਆਇਆ ਤਾਂ ਆਸ਼ਾ ਬਾਹਰ ਬੈਂਚ ਉੱਤੇ ਬੈਠੀ ਸੀ ਤੇ ਬਹੁਤ ਖ਼ੁਸ਼ ਸੀ। ਹੇਮ ਚੰਦ ਨੇ ਲੇਡੀ ਡਾਕਟਰ ਨੂੰ ਮੂੰਹ ਮੰਗੀ ਫੀਸ ਦਿੱਤੀ। ਉਹ ਕਹਿੰਦੀ, 'ਜਾਓ ਮਿਸਟਰ, ਅੱਜ ਤੋਂ ਇਹ ਬਿਲਕੁਲ ਠੀਕ ਐ।ਓ. ਕੇ।' ਆਸ਼ਾ ਨੂੰ ਮਨੋਵਿਗਿਆਨਕ ਤੌਰ ਉੱਤੇ ਤਿਆਰ ਕੀਤਾ ਗਿਆ ਸੀ। ਲੇਡੀ ਡਾਕਟਰ ਨੇ ਉਹਨੂੰ ਹਮਦਰਦੀ ਅਤੇ ਉਤਸ਼ਾਹ ਹੀ ਦਿੱਤਾ।

ਸ਼ਰਾਬ ਪੀਣੀ ਤਾਂ ਜਿਵੇਂ ਉਸ ਨੂੰ ਯਾਦ ਹੀ ਨਾ ਰਹਿ ਗਈ ਹੋਵੇ। ਆਸ਼ਾ ਨੂੰ ਖ਼ੁਸ਼-ਖ਼ੁਸ਼ ਦੇਖ ਕੇ ਵੱਡੀ ਭਰਜਾਈ ਨੂੰ ਸਿਖ਼ਰ ਦਾ ਚਾਅ ਚੜ੍ਹ ਗਿਆ। ਇਸ ਤਰ੍ਹਾਂ ਦਾ ਖਿੜਿਆ ਚਿਹਰਾ ਤਾਂ ਉਹਨੇ ਪਿਛਲੇ ਸਾਰੇ ਦਿਨਾਂ ਵਿੱਚ ਆਸ਼ਾ ਦਾ ਕਦੇ ਦੇਖਿਆ ਨਹੀਂ ਸੀ। ਵੱਡਾ ਭਾਈ ਬਿਨ ਪੀਤਿਆਂ ਹੀ ਖੀਵਾ ਹੋਇਆ ਫ਼ਿਰਦਾ ਸੀ। ਉਸ ਸ਼ਾਮ ਘਰ ਵਿੱਚ ਚੰਗੇ-ਚੰਗੇ ਪਕਵਾਨ ਪੱਕੇ। ਸਭ ਨੇ ਇਕੱਠੇ ਬੈਠ ਕੇ ਰੋਟੀ ਖਾਧੀ। ਵੱਡੀ ਭਰਜਾਈ ਆਸ਼ਾ ਨੂੰ ਛੇੜਦੀ ਤਾਂ ਉਹ ਅੱਗੋਂ ਬਣਦਾ-ਫਬਦਾ ਜਵਾਬ ਕਰਦੀ। ਹੇਮ ਚੰਦ ਦੇ ਨਿੱਕੇ-ਨਿੱਕੇ ਭਤੀਜਿਆਂ ਭਤੀਜੇ ਵਾਰੀ-ਵਾਰੀ ਆਸ਼ਾ ਦੀ ਗੋਦੀ ਵਿੱਚ ਬੈਠਣ ਦਾ ਦਾਅ ਲਾ ਜਾਂਦੇ। ਉਹ ਸਭ ਨੂੰ ਇਕੋ ਜਿਹਾ ਪਿਆਰ ਦਿੰਦੀ।

ਤੇ ਫਿਰ ਰੋਟੀ ਟੁੱਕ ਦਾ ਸਾਰਾ ਕੰਮ ਮੁੱਕ ਗਿਆ। ਭਰਜਾਈ ਨੇ ਸੋਚਿਆ, ਬਰਤਨ ਹਣ ਤੜਕੇ ਹੀ ਮਾਂਜ ਧੋ ਲਏ ਜਾਣਗੇ। ਦੁੱਧ ਗਰਮ ਹੋਇਆ, ਸਭ ਨੇ ਪੀ ਲਿਆ। ਹੇਮ ਚੰਦ ਪਾਨ ਖਾਣ ਦੇ ਬਹਾਨੇ ਬਾਹਰ ਗਿਆ। ਸੋਚਿਆ ਹੋਵੇਗਾ, ਮੁੜਦੇ ਨੂੰ ਜਵਾਕ ਸੌਂ ਜਾਣਗੇ।

ਇੱਕ ਘੰਟੇ ਬਾਅਦ ਘਰ ਵਿੱਚ ਇੱਕ ਉੱਚੀ ਭਿਆਨਕ ਚੀਕ ਸੁਣਾਈ ਦਿੱਤੀ। ਭਰਾ ਭਰਜਾਈ ਬੁੜ੍ਹਕ ਕੇ ਉੱਠੇ। ਜਵਾਕ ਵੀ ਜਾਗ ਪਏ। ਭਰਜਾਈ ਭੱਜ ਕੇ ਉਨ੍ਹਾਂ ਦੇ

92

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ