ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/94

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਰਹੀ। ਨਾ ਬੋਲਦੀ, ਨਾ ਰੋਂਦੀ। ਇਸ ਦੌਰਾਨ ਸ਼ੇਖਰ ਇੱਕ ਵਾਰੀ ਵੀ ਉਨ੍ਹਾਂ ਦੇ ਘਰ ਨਹੀਂ ਆਇਆ। ਮਾਂ ਹੈਰਾਨ ਸੀ।ਉਹ ਆਇਆ ਕਿਉਂ ਨਹੀਂ? ਉਹਦਾ ਤਾਂ ਇਸ ਘਰ ਨਾਲ ਮੋਹ ਹੀ ਬੜਾ ਸੀ, ਅਜਿਹੇ ਮੌਕੇ 'ਤੇ ਉਹਨੂੰ ਆਉਣਾ ਚਾਹੀਦਾ ਸੀ। ਹੇਮ ਚੰਦ ਦੀ ਮੌਤ ਦਾ ਪਤਾ ਲੱਗ ਹੀ ਗਿਆ ਹੋਵੇਗਾ ਉਹਨੂੰ, ਹੁਣ ਨਹੀਂ ਆਵੇਗਾ ਤਾਂ ਕਦੋਂ ਆਵੇਗਾ? ਚੰਦਰਾ, ਦੋ ਲਫ਼ਜਾਂ ਦਾ ਦੁੱਖ-ਸੁੱਖ ਤਾਂ ਕਰ ਜਾਂਦਾ।

ਤੀਜੇ ਦਿਨ ਆਸ਼ਾ ਨੇ ਮਾਂ ਨੂੰ ਕਿਹਾ ਕਿ ਉਹ ਉਸ ਨੂੰ ਉਹਦੀ ਮਾਸੀ ਦੇ ਪਿੰਡ ਛੱਡ ਆਵੇ, ਏਥੇ ਉਹਦਾ ਦਿਲ ਨਹੀਂ ਲੱਗਦਾ। ਉਹਦਾ ਚਿੱਤ ਕੁਝ ਠੀਕ ਹੋਇਆ ਤਾਂ ਉਹ ਮਹੀਨਾ-ਵੀਹ ਦਿਨ ਲਾ ਕੇ ਆ ਜਾਵੇਗੀ।

ਮਾਸੀ ਦਾ ਪਿੰਡ ਉਸ ਸ਼ਹਿਰ ਤੋਂ ਪੰਜਾਹ-ਸੱਠ ਮੀਲ ਦੂਰ ਸੀ। ਮਾਂ-ਧੀ ਨੇ ਘਰ ਨੂੰ ਜਿੰਦਾ ਲਾਇਆ 'ਤੇ ਦੁਪਹਿਰੇ ਜਿਹੇ ਬੱਸ ਫ਼ੜ ਲਈ। ਦੋ ਦਿਨ ਮਾਂ ਵੀ ਉੱਥੇ ਹੀ ਰਹੀ। ਸਾਰੀ-ਸਾਰੀ ਰਾਤ ਬੈਠੀਆਂ ਦੋਵੇਂ ਭੈਣਾਂ ਦੁੱਖ-ਸੁੱਖ ਕਰਦੀਆਂ ਰਹਿੰਦੀਆਂ, ਆਸ਼ਾ ਦੇ ਭਵਿੱਖ ਬਾਰੇ ਸੋਚਦੀਆਂ।

ਇੱਕ ਮਹੀਨੇ ਬਾਅਦ ਆਸ਼ਾ ਮਾਂ ਕੋਲ ਵਾਪਸ ਆ ਗਈ। ਉਦੋਂ ਤੱਕ ਲੋਕ ਅਫ਼ਸੋਸ ਲਈ ਸਭ ਆ ਚੁੱਕੇ ਸਨ। ਮਾਂ ਨੇ ਦੱਸਿਆ, ਸ਼ੇਖਰ ਦੋ ਵਾਰੀ ਆ ਕੇ ਮੁੜ ਗਿਆ ਹੈ, ਰੋਂਦਾ ਸੀ।

ਹਫ਼ਤੇ ਕੁ ਬਾਅਦ ਇੱਕ ਦਿਨ ਸ਼ੇਖਰ ਘਰ ਆਇਆ। ਆਸ਼ਾ ਕੋਈ ਨਾਵਲ ਪੜ੍ਹ ਰਹੀ ਸੀ। ਸ਼ੇਖਰ ਨੂੰ ਦੇਖ ਕੇ ਮੁਸਕਰਾਈ। ਉਹ ਝੂਠਾ ਜਿਹਾ ਪੈ ਗਿਆ। ਉਹ ਉਹਦੇ ਕੋਲ ਕੁਰਸੀ ਉੱਤੇ ਦਸ ਮਿੰਟ ਚੁੱਪ ਚਾਪ ਬੈਠਾ ਰਿਹਾ। ਮਾਂ ਨੇ ਚਾਹ ਬਣਾਈ, ਤਿੰਨਾਂ ਨੇ ਚਾਹ ਪੀ ਲਈ। ਆਸ਼ਾ ਨੇ ਇਸ ਦੌਰਾਨ ਸ਼ੇਖਰ ਨਾਲ ਕੋਈ ਗੱਲ ਨਹੀਂ ਕੀਤੀ। ਚਾਹ ਦੀਆਂ ਨਿੱਕੀਆਂ-ਨਿੱਕੀਆਂ ਘੁੱਟਾਂ ਭਰਦੀ ਵੀ ਉਹ ਨਾਵਲ ਪੜ੍ਹ੍ਦੀ ਰਹੀ। ਤੇ ਫੇਰ ਮਾਂ ਉੱਥੋਂ ਉੱਠ ਖੜ੍ਹੀ। ਰਸੋਈ ਵਿੱਚ ਜਾ ਕੇ ਕੋਈ ਕੰਮ ਧੰਦਾ ਕਰਨ ਲੱਗੀ। ਸ਼ੇਖਰ ਨੇ ਆਸ਼ਾ ਦੇ ਹੱਥਾਂ ਵਿਚੋਂ ਨਾਵਲ ਫ਼ੜਿਆ ਤੇ ਉਹਨੂੰ ਨਿੱਕੇ ਮੇਜ਼ ਉੱਤੇ ਉਵੇਂ ਜਿਵੇਂ ਮੂਧਾ ਧਰ ਦਿੱਤਾ। ਸਫ਼ਾ ਖੁੱਲ੍ਹੇ ਦਾ ਖੁੱਲ੍ਹਾ। ਉਹਨੇ ਅੱਖਾਂ ਵਿੱਚ ਪਾਣੀ ਭਰ ਲਿਆ। ਆਸ਼ਾ ਉਹਦੇ ਵੱਲ ਇੱਕ ਟਕ ਤੱਕ ਰਹੀ ਸੀ।

ਉਹ ਬੋਲਿਆ-'ਆਸ਼ੂ, ਮੈਂ ਗੁਨਾਹਗਾਰ ਆਂ। ਪਰ ਮੈਂ ਤੈਨੂੰ ਹੁਣ ਵੀ ਅਪਣਾ ਸਕਦਾ।'

'ਨਹੀਂ।' ਉਹ ਚੀਕ ਮਾਰਨ ਵਾਂਗ ਬੋਲੀ।

'ਕਿਉਂ?' ਸ਼ੇਖਰ ਜਿਵੇਂ ਕੰਬ ਰਿਹਾ ਹੋਵੇ।

'ਮੇਰਾ ਹਸਬੈਂਡ ਕਿੰਨਾ ਚੰਗਾ ਸੀ। ਤੇਰੇ ਇੱਕ ਮਨਹੂਸ ਖ਼ਿਆਲ ਨੇ ਉਹਨੂੰ ਮੇਰੇ ਨੇੜੇ ਨਾ ਔਣ ਦਿੱਤਾ। ਉਹ ਏਸੇ ਨਮੋਸ਼ੀ ਦਾ ਮਾਰਿਆ ਸ਼ਰਾਬ ਪੀਣ ਲੱਗਿਆ ਤੇ ਜਾਨ ਮੁਕਾ ਲੀ। ਤੇਰੇ ਇੱਕ ਮਨਹੂਸ ਖ਼ਿਆਲ ਨੇ ਇਹ ਸਭ ਕਰਵਾਇਐ।' ਉਹ ਦਮ ਰੱਖ ਕੇ ਬੋਲ ਰਹੀ ਸੀ।

ਧੀ ਦੀ ਐਨੀ ਤਿੱਖੀ ਆਵਾਜ਼ ਸੁਣ ਕੇ ਮਾਂ ਉਨ੍ਹਾਂ ਕੋਲ ਆ ਖੜ੍ਹੀ।

ਸ਼ੇਖਰ ਗਿੜਗਿੜਾਇਆ-'ਉਹ ਤਾਂ ਜੋ ਹੋਣਾ ਸੀ, ਮਿੱਟੀ ਪਾ ਦੇ। ਮੈਂ ਤੈਨੂੰ ਹੁਣ ਅਪਣਾ ਲੈਨਾਂ।'

94

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ