ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/102

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਕਸਰ

ਰਾਜਿੰਦਰ ਸਿੰਘ ਦੇ ਸਕੂਟਰ ਦੀ ਇੱਕ ਟਰੱਕ ਨਾਲ ਟੱਕਰ ਹੋ ਗਈ ਸੀ। ਸਕੂਟਰ ਤਾਂ ਜਮ੍ਹਾਂ ਚਿੱਥਿਆ ਗਿਆ, ਪਰ ਰਾਜਿੰਦਰ ਬਚ ਗਿਆ। ਉਹ ਦੇ ਖੱਬੇ ਪੱਟ ਦੀ ਹੱਡੀ ਟੁੱਟ ਗਈ ਤੇ ਖੱਬੀ ਹੀ ਬਾਂਹ ਕੂਹਣੀਓਂ ਥੱਲੇ ਤਿੰਨ ਥਾਂ ਤੋਂ ਕਰੈੱਕ ਸੀ। ਮੱਥੇ ਤੇ ਨੱਕ 'ਤੇ ਡੂੰਘੀਆਂ ਝਰੀਟਾਂ ਸਨ। ਹੁਣ ਉਹ ਦੀ ਲੱਤ ਤੇ ਬਾਂਹ 'ਤੇ ਪਲੱਸਤਰ ਚੜ੍ਹੇ ਹੋਏ ਸਨ। ਮੂੰਹ ਮੱਥੇ ਦੇ ਜ਼ਖ਼ਮ ਠੀਕ ਹੋ ਚੁੱਕੇ ਸਨ। ਉਹ ਘਰੇ ਹੀ ਲੱਕੜ ਦੇ ਤਖ਼ਤਪੋਸ਼ 'ਤੇ ਪਿਆ ਰਹਿੰਦਾ। ਟੱਟੀ ਪਿਸ਼ਾਬ ਬਿਸਤਰੇ 'ਤੇ ਕਰਦਾ। ਉਹ ਦਾ ਸੱਜਾ ਹੱਥ ਕਾਇਮ ਸੀ। ਇਹੀ ਇੱਕ ਹੱਥ ਉਹ ਦੇ ਸਾਰੇ ਸਰੀਰ ਨੂੰ ਸੰਭਾਲਦਾ।

ਮੀਆਂ ਬੀਵੀ ਦੋਵੇਂ ਮੁਲਾਜ਼ਮ ਸਨ। ਉਹ ਸਥਾਨਕ ਬਿਜਲੀ ਬੋਰਡ ਦੇ ਦਫ਼ਤਰ ਵਿਚ ਯੂ. ਡੀ. ਸੀ. ਲੱਗਿਆ ਹੋਇਆ ਸੀ ਤੇ ਕਮਲੇਸ਼ ਕੌਰ ਸਕੂਲ ਅਧਿਆਪਕਾ। ਪਿੰਡ ਦੇ ਹਾਈ ਸਕੂਲ ਵਿਚ। ਇਹ ਪਿੰਡ ਉੱਥੋਂ ਦਸ ਬਾਰਾਂ ਕਿਲੋਮੀਟਰ ਸੀ। ਉਹ ਬੱਸ 'ਤੇ ਜਾਂਦੀ। ਉਨ੍ਹਾਂ ਦੇ ਦੋ ਬੱਚੇ ਸਨ, ਦੋਵੇਂ ਸਕੂਲ ਜਾਂਦੇ। ਮੁੰਡਾ ਅੱਠਵੀਂ ਜਮਾਤ ਵਿਚ ਪੜ੍ਹਦਾ ਸੀ ਤੇ ਕੁੜੀ ਛੇਵੀਂ ਵਿਚ। ਉਹ ਇੱਥੋਂ ਦੇ ਸਕੂਲਾਂ ਵਿਚ ਹੀ ਸਨ। ਅੱਡ ਅੱਡ ਸਕੂਲਾਂ ਵਿਚ। ਉਨ੍ਹਾਂ ਦੇ ਘਰ ਤੋਂ ਦੋਵੇਂ ਸਕੂਲ ਦੂਰ ਪੈਂਦੇ ਸਨ। ਇਸ ਕਰਕੇ ਦੋਵੇਂ ਬੱਚੇ ਸਾਈਕਲਾਂ 'ਤੇ ਸਕੂਲ ਜਾਂਦੇ। ਦੁਪਹਿਰ ਦੀ ਰੋਟੀ ਟਿਫ਼ਨਾਂ ਵਿਚ ਪਾ ਕੇ ਨਾਲ ਲੈ ਜਾਂਦੇ। ਸਾਢੇ ਅੱਠ ਪੌਣੇ ਨੌਂ ਸਵੇਰੇ ਘਰੋਂ ਨਿਕਲਦੇ ਤੇ ਸ਼ਾਮ ਦੇ ਸਾਢੇ ਚਾਰ ਤੱਕ ਵਾਪਸ ਆ ਜਾਂਦੇ।

ਇੱਕ ਹਫ਼ਤਾ ਤਾਂ ਕਮਲੇਸ਼ ਛੁੱਟੀ ਲੈ ਕੇ ਘਰ ਬੈਠੀ ਰਹੀ, ਪਰ ਉਹ ਕਿੰਨੇ ਕੁ ਦਿਨ ਸਕੂਲੋਂ ਗ਼ੈਰ ਹਾਜ਼ਰ ਰਹਿ ਸਕਦੀ ਸੀ। ਪਲੱਸਤਰਾਂ ਨੇ ਤਾਂ ਕਦੋਂ ਜਾ ਕੇ ਖੁੱਲ੍ਹਣਾ ਸੀ। ਇੱਕ ਹਫ਼ਤਾ ਹਸਪਤਾਲ ਵਿਚ ਵੀ ਲੱਗ ਗਿਆ ਸੀ। ਉਹ ਦੀਆਂ ਇਤਫ਼ਾਕੀਆ ਛੁੱਟੀਆਂ ਸਾਰੀਆਂ ਖ਼ਤਮ ਹੋ ਚੁੱਕੀਆਂ ਸਨ। ਐਨੇ ਦਿਨ ਮੁੰਡਾ ਕੁੜੀ ਵੀ ਬਾਪ ਕੋਲ ਨਹੀਂ ਬੈਠ ਸਕਦੇ ਸਨ। ਦੋ ਹਫ਼ਤੇ ਉਨ੍ਹਾਂ ਦੇ ਵੀ ਖ਼ਰਾਬ ਹੋ ਗਏ ਸਨ। ਸਾਲਾਨਾ ਪ੍ਰੀਖਿਆ ਨੇੜੇ ਸੀ। ਉਨ੍ਹਾਂ ਦੀ ਪੜ੍ਹਾਈ ਪਿੱਛੇ ਪੈ ਰਹੀ ਸੀ।

ਕਮਲੇਸ਼ ਸਵੇਰੇ ਸਦੇਹਾਂ ਹੀ ਉੱਠਦੀ। ਸਾਰਿਆਂ ਨੂੰ ਚਾਹ ਪਿਆ ਕੇ ਫੇਰ ਰੋਟੀ ਤਿਆਰ ਕਰਦੀ। ਮੁੰਡੇ ਕੁੜੀ ਦੇ ਟਿਫ਼ਨ ਤਿਆਰ ਕਰਦੀ। ਆਪਣਾ ਟਿਫ਼ਨ ਬਣਾ ਲੈਂਦੀ। ਰਾਜਿੰਦਰ ਲਈ ਚਾਰ ਫੁਲਕੇ ਤੇ ਸਬਜ਼ੀ ਦੀ ਕੌਲੀ ਥਰਮੋਵੇਅਰ ਵਿਚ ਬੰਦ ਕਰਕੇ ਰੱਖ ਦਿੰਦੀ। ਅੰਬ ਦਾ ਅਚਾਰ ਤੇ ਦਹੀਂ ਨਾਲ ਪਰੌਠਿਆਂ ਦਾ ਨਾਸ਼ਤਾ ਉਹ ਸਾਰੇ ਕਰ ਲੈਂਦੇ।

102
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ