ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/111

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਨਾ ਦੱਸਣ ਵਾਲਾ ਸੁੱਖ

ਸਲੋਚਨਾ ਦੀ ਫਗਵਾੜੇ ਤੋਂ ਚਿੱਠੀ ਸੀ ਕਿ ਉਹ ਦੋ ਮਹੀਨੇ ਲਈ ਪੰਜਾਬ ਆਈ ਹੋਈ ਹੈ। ਬਾਕੀ ਤਾਂ ਸਭ ਰਿਸ਼ਤੇਦਾਰੀਆਂ ਵਿਚ ਹੋ ਆਈ, ਬੱਸ ਇੱਕ ਉਹ ਰਹਿ ਗਿਆ। ਅਗਲੇ ਬੁੱਧਵਾਰ ਉਹ ਰਾਮ ਨਗਰ ਹੋਵੇਗੀ। ਉਸੇ ਦਿਨ ਉਹਨੇ ਰਾਤ ਦੀ ਟਰੇਨ ਦਿੱਲੀ ਜਾਣਾ ਹੈ। ਅਗਲੇ ਦਿਨ ਦਿੱਲੀਓਂ ਹੀ ਫੇਰ ਉਹ ਦੀ ਫਲਾਈਟ ਹੈ। ਰਾਮ ਨਗਰ ਤੋਂ ਦਿੱਲੀ ਤੱਕ ਟਰੇਨ ਵਿਚ ਉਹ ਇਕੱਲੀ ਹੋਵੇਗੀ। ਲਿਖਿਆ ਸੀ ਕਿ ਉਹ ਬੁੱਧਵਾਰ ਦੀ ਸ਼ਾਮ ਅੱਠ ਵਜੇ ਤੱਕ ਜ਼ਰੂਰ ਹੀ ਰਾਮ ਨਗਰ ਦੇ ਰੇਲਵੇ ਸਟਸ਼ਨ 'ਤੇ ਪਹੁੰਚ ਜਾਵੇ ਦਿੱਲੀ ਤੱਕ ਉਹ ਇਕੱਠੇ ਸਫ਼ਰ ਕਰਨਗੇ।

ਸਲੋਚਨਾ, ਕਿੰਨਾ ਪਿਆਰਾ ਨਾਉਂ ਹੈ। ਇਹ ਖ਼ੁਦ ਵੀ ਕਿੰਨੀ ਪਿਆਰੀ ਸੀ। ਉਹ ਉਹ ਨੂੰ ਦਿਲੋਂ ਚਾਹੁੰਦਾ ਸੀ। ਪਟਿਆਲੇ ਬੀ. ਐੱਡ. ਵਿਚ ਇਕੱਠੇ ਪੜ੍ਹੇ ਸਨ। ਥੋੜ੍ਹੇ ਦਿਨਾਂ ਵਿਚ ਹੀ ਉਹ ਕਿੰਨੇ ਘੁਲ ਮਿਲ ਗਏ ਸਨ। ਉਹ ਚਾਹੁੰਦਾ ਸੀ, ਸਲੋਚਨਾ ਨਾਲ ਵਿਆਹ ਕਰਵਾ ਲਵੇ। ਉਨ੍ਹਾਂ ਦੀ ਜ਼ਿੰਦਗੀ ਕਿੰਨੀ ਖੁਸ਼ਗਵਾਰ ਬਣ ਜਾਵੇਗੀ।

ਪਰ ਕਹਿਰ ਰੱਬ ਦਾ, ਕਨੇਡਾ ਤੋਂ ਇੱਕ ਮੁੰਡਾ ਏਧਰ ਆਇਆ ਸਲੋਚਨਾ ਨੂੰ ਪਸੰਦ ਕਰਕੇ ਲੈ ਗਿਆ। ਉਹ ਦੀ ਵੱਡੀ ਭੈਣ ਦੇ ਸਹੁਰਿਆਂ ਵਿਚੋਂ ਸੀ, ਉਹ ਮੁੰਡਾ। ਉਸ ਨੇ ਬੀ. ਐੱਡ. ਫੇਰ ਕਰਨੀ ਸੀ, ਵਿਚੇ ਗਈ। ਜਗਦੇਵ ਦੀ ਹਸਰਤ ਦਿਲ ਵਿਚ ਰਹਿ ਗਈ। ਮੌਕੇ ਦੇ ਮੌਕੇ ਵਿਆਹ ਦੀ ਗੱਲ ਕੀ ਤੋਰਦਾ ਤੇ ਫੇਰ ਉਹ ਦੇ ਲਈ ਕਨੇਡਾ ਦੀ ਖਿੱਚ ਵੱਖਰੀ ਗੱਲ ਸੀ। ਪਰ ਆਖ਼ਰੀ ਦਿਨ ਜਾਣ ਵੇਲੇ ਉਹ ਕਹਿ ਕੇ ਗਈ ਸੀ-"ਮੈਂ ਤੈਨੂੰ ਚਿੱਠੀਆਂ ਲਿਖਿਆ ਕਰੂੰਗੀ। ਮੌਕਾ ਲੱਗੇ ਤੋਂ ਫੇਰ ਵੀ ਮਿਲਦੇ ਰਹਾਂਗੇ।"

ਫਗਵਾੜੇ ਉਹ ਦੇ ਸੱਸ ਸਹੁਰਾ ਰਹਿੰਦੇ ਸਨ। ਹੁਣ ਦੋ ਮਹੀਨੇ ਉਹ ਦਾ ਪੱਕਾ ਅੱਡਾ ਉੱਥੇ ਹੀ ਸੀ। ਦਸ ਬਾਰਾਂ ਸਾਲਾਂ ਬਾਅਦ ਆਈ ਸੀ। ਉਹ ਦੇ ਦੋ ਬੱਚੇ ਵੀ ਸਨ, ਜਿਨ੍ਹਾਂ ਨੂੰ ਇਸ ਵਾਰ ਉਹ ਨਾਲ ਨਹੀਂ ਸੀ ਲਿਆਈ। ਕਾਫ਼ੀ ਉਡਾਰ ਹੋਣਗੇ, ਏਸੇ ਕਰਕੇ ਉਹ ਓਧਰ ਮਾਂ ਬਗੈਰ ਆਪਣੇ ਬਾਪ ਕੋਲ ਰਹਿ ਪਏ ਸਨ।

ਵਿਆਹ ਤੋਂ ਬਾਅਦ ਉਹ ਪਹਿਲਾਂ ਵੀ ਪੰਜ ਪੰਜ ਸਾਲਾਂ ਪਿੱਛੋਂ ਦੋ ਵਾਰ ਪੰਜਾਬ ਆ ਚੁੱਕੀ ਸੀ, ਪਰ ਪਤਾ ਨਹੀਂ ਉਹ ਨੇ ਉਦੋਂ ਕਿਉਂ ਨਾ ਜਗਦੇਵ ਨੂੰ ਮਿਲਣ ਦੀ ਕੋਸ਼ਿਸ਼ ਕੀਤੀ। ਉਹ ਨੂੰ ਆਪ ਵੀ ਉਹ ਦੇ ਏਧਰ ਆਉਣ ਦਾ ਕੋਈ ਪਤਾ ਨਹੀਂ ਲੱਗਿਆ ਸੀ, ਨਹੀਂ ਤਾਂ ਉਹ ਖ਼ੁਦ ਜਾ ਕੇ ਉਹ ਨੂੰ ਮਿਲਣ ਆਉਂਦਾ-ਭਾਵੇਂ ਉਹ ਕਿਤੇ ਵੀ ਹੁੰਦੀ।

ਨਾ ਦੱਸਣ ਵਾਲਾ ਸੁੱਖ

111