ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/112

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਪਟਿਆਲੇ ਉਹ ਨੇ ਕਿਹਾ ਸੀ ਕਿ ਉਹ ਚਿੱਠੀਆਂ ਲਿਖਿਆ ਕਰੇਗੀ। ਪਰ ਕਨੇਡਾ ਜਾ ਕੇ ਉਹ ਨੇ ਇੱਕ ਚਿੱਠੀ ਲਿਖੀ। ਫੇਰ ਦੋ ਚਿੱਠੀਆਂ ਹੋਰ। ਜਦੋਂ ਉਹ ਪੰਜਾਬ ਆ ਕੇ ਮੁੜਦੀ ਤਾਂ ਉੱਧਰੋਂ ਚਿੱਠੀ ਲਿਖਦੀ। ਮਾਫ਼ੀ ਮੰਗਦੀ ਕਿ ਇਸ ਵਾਰ ਮਿਲਿਆ ਨਹੀਂ ਗਿਆ। ਅਗਲੀ ਵਾਰ ਅਜਿਹਾ ਨਹੀਂ ਹੋਵੇਗਾ ਤੇ ਹੁਣ ਉਹ ਦੀ ਇਹ ਚੌਥੀ ਚਿੱਠੀ ਸੀ-ਫਗਵਾੜੇ ਤੋਂ ਲਿਖੀ ਹੋਈ।

ਸਲੋਚਨਾ ਦੀ ਚਿੱਠੀ ਨੇ ਜਗਦੇਵ ਦੇ ਅੰਗ ਅੰਗ ਵਿਚ ਜਿਵੇਂ ਕੋਈ ਬਿਜਲੀ ਤਰਗਾ ਛੇੜ ਦਿੱਤੀਆਂ ਹੋਣ। ਉਸ ਪ੍ਰਤੀ ਸਭ ਸ਼ਿਕਵੇ ਸ਼ਿਕਾਇਤਾਂ ਕਾਫੂਰ ਹੋ ਗਏ। ਉਹ ਉਹ ਨੂੰ ਮਿਲਣ ਲਈ ਕਾਹਲਾ ਪੈ ਗਿਆ। ਉਸੇ ਵਕਤ ਸਫ਼ਰ ਦੀਆਂ ਤਿਆਰੀਆਂ ਕਰ ਦਿੱਤੀਆਂ। ਰਾਮ ਨਗਰ ਤੋਂ ਦਿੱਲੀ ਤੱਕ ਰੇਲ ਗੱਡੀ ਦਾ ਸਫ਼ਰ ਘੱਟੋ ਘੱਟ ਛੇ ਘੰਟੇ ਦਾ ਹੋਵੇਗਾ। ਛੇ ਘੰਟਿਆਂ ਵਿਚ ਉਹ ਜਹਾਨ ਭਰ ਦੀਆਂ ਗੱਲਾਂ ਕਰ ਲੈਣਗੇ। ਜਨਮਾਂ ਜਨਮਾਂ ਦੀ ਭੁੱਖ ਲਹਿ ਜਾਵੇਗੀ। ਸਲੋਚਨਾ ਅਦਬੀ ਮਿਜਾਜ਼ ਦੀ ਕੁੜੀ ਹੈ। ਉਹ ਦੇ ਨਾਲ ਇੱਕ ਥਾਂ ਨਿਸ਼ਚਤ ਬੈਠ ਕੇ ਗੱਲਾਂ ਕਰੀਏ ਤਾਂ ਲੱਗਦਾ, ਜਿਵੇਂ ਕੋਈ ਬਹੁਤ ਵੱਡੀ ਕਿਤਾਬ ਪੜ੍ਹ ਲਈ ਹੋਵੇ।

ਜਦੋਂ ਉਹ ਪਟਿਆਲੇ ਸਨ, ਉਹ ਦੀ ਉਮਰ ਸਿਰਫ਼ ਚੌਵੀ ਸਾਲ ਦੀ ਸੀ ਤੇ ਜਗਦੇਵ ਆਪ ਬੱਤੀ ਵਰਿਆਂ ਦਾ, ਪਰ ਉਨ੍ਹਾਂ ਨੇ ਕਦੇ ਇੱਕ ਦੂਜੇ ਨੂੰ ਉਮਰ ਨਹੀਂ ਸੀ ਪੁੱਛੀ। ਦੇਖਣ ਵਿਚ ਇੱਕੋ ਜਿਹੇ ਲੱਗਦੇ। ਮੁੰਡੇ ਕੁੜੀ ਦਾ ਅੱਠ ਸਾਲ ਦਾ ਫ਼ਰਕ ਕੋਈ ਖ਼ਾਸ ਫ਼ਰਕ ਨਹੀਂ ਹੁੰਦਾ।

ਉਨ੍ਹਾਂ ਗੱਲਾਂ ਨੂੰ ਵੀਹ ਬਾਈ ਸਾਲ ਗੁਜ਼ਰ ਗਏ। ਹੁਣ ਤਾਂ ਉਹ ਦੀ ਦਾੜ੍ਹੀ ਅੱਧੀ ਚਿੱਟੀ ਹੋਈ ਪਈ ਸੀ। ਦਾੜ੍ਹੀ ਨੂੰ ਉਹ ਕਲਰ ਕਰਕੇ ਰੱਖਦਾ। ਉਹ ਦੇ ਚਿਹਰੇ 'ਤੇ ਐਨੀਆਂ ਝੁਰੜੀਆਂ ਨਹੀਂ ਸਨ ਕਿ ਉਹ ਬੁੱਢਾ ਲੱਗਦਾ। ਉਹ ਦੀ ਆਪਣੀ ਔਰਤ ਉਸ ਤੋਂ ਤਿੰਨ ਕੁ ਵਰੇ ਛੋਟੀ ਸੀ, ਪਰ ਉਹ ਤਾਂ ਜਮ੍ਹਾਂ ਬੁੜ੍ਹੀ ਲੱਗਦੀ। ਜਗਦੇਵ ਸਿੰਘ ਦੇ ਚਾਰ ਬੱਚੇ ਸਨ, ਫੇਰ ਵੀ ਉਹ ਦੇ ਅੰਦਰ ਸਦਾ ਜਵਾਨ ਰਹਿਣ ਦੀ ਇੱਕ ਲਿੱਲ੍ਹ ਲੱਗੀ ਰਹਿੰਦੀ। ਇਸ ਅਹਿਸਾਸ ਵਿਚ ਆਪਣਾ ਹੀ ਇੱਕ ਸੁਆਦ ਸੀ, ਆਪਣੀ ਕਿਸਮ ਦਾ ਨਿਰਾਲਾ ਸੁਖਜੇ ਕਦੇ ਉਹ ਨੂੰ ਕੋਈ ਬਾਬਾ ਕਹਿ ਦਿੰਦਾ ਤਾਂ ਉਹ ਨੂੰ ਗੋਲੀ ਲੱਗਦੀ। ਉਹ ਮੱਚ ਕੇ ਰਹਿ ਜਾਂਦਾ। ਉਹ ਦਾ ਜੀਅ ਕਰਦਾ, ਉਹ ਅਗਲੇ ਦਾ ਮੂੰਹ ਨੋਚ ਲਵੇ।

ਜਗਦੇਵ ਸਿੰਘ ਨੇ ਸਕੂਲੋਂ ਦੋ ਦਿਨਾਂ ਦੀ ਛੁੱਟੀ ਲੈ ਲਈ। ਇੱਕ ਦਿਨ ਪੂਰਾ ਤਾਂ ਦਿੱਲੀ ਨਿਕਲ ਜਾਣਾ ਸੀ। ਦੂਜੇ ਦਿਨ ਸ਼ਾਮ ਤੱਕ ਕਿਤੇ ਜਾ ਕੇ ਉਹਨੇ ਵਾਪਸ ਆਪਣੇ ਸ਼ਹਿਰ ਪਰਤਾਪਗੜ੍ਹ ਮੁੜਨਾ ਸੀ। ਦਾੜ੍ਹੀ ਨੂੰ ਐਤਵਾਰ ਦਾ ਕਲਰ ਕੀਤਾ ਹੋਇਆ ਸੀ। ਸੋਮਵਾਰ ਉਹਨੇ ਕਈ ਵਾਰ ਸ਼ੀਸ਼ਾ ਦੇਖਿਆ, ਇੱਕ ਵੀ ਚਿੱਟਾ ਵਾਲ ਨਜ਼ਰ ਨਹੀਂ ਸੀ ਆਉਂਦਾ। ਮੰਗਲਵਾਰ ਵੀ ਦਾੜ੍ਹੀ ਦੀ ਕਲੱਤਣ ਉਵੇਂ ਦੀ ਉਵੇਂ ਕਾਇਮ ਸੀ। ਬੁੱਧਵਾਰ ਜਦੋਂ ਉਹਨੇ ਰਾਮਨਗਰ ਜਾਣ ਲਈ ਘਰੋਂ ਤੁਰਨਾ ਸੀ ਤਾਂ ਸ਼ੀਸ਼ਾ ਦੇਖ ਕੇ ਮਹਿਸੂਸ ਹੋਇਆ, ਜਿਵੇਂ ਵਾਲਾਂ ਦੀਆਂ ਜੜਾਂ ਕਿਤੋਂ ਕਿਤੋਂ ਚਿੱਟੀਆਂ ਨਿਕਲ ਆਈਆਂ ਹੋਣ। ਉਹ ਪਛਤਾਇਆ, ਕਿਉਂ ਨਾ ਕੱਲ੍ਹ ਸ਼ਾਮ ਉਹ ਨੇ ਦਾੜ੍ਹੀ ਦੁਬਾਰਾ ਕਲਰ ਕਰ ਲਈ। ਅੱਜ ਚੌਥੇ ਦਿਨ ਦੀ ਦਾੜ੍ਹੀ ਤਾਂ ਬੁੱਢਾ ਹੋਣ ਦੀ ਚੁਗਲੀ ਖਾਂਦੀ ਲੱਗਦੀ ਹੈ। ਸਲੋਚਨਾ

112

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ