ਦਾਸ ਤੋਂ ਜਗਦੇਵ ਸਿੰਘ ਬਣ ਗਿਆ। ਅਜਿਹਾ ਮਾਸਟਰ ਨੇ ਕਰ ਦਿੱਤਾ ਹੋਵੇਗਾ। ਬਚਪਨ ਵਿਚ ਉਹ ਦੇ ਸਿਰ ਦੇ ਵਾਲਾਂ ਦਾ ਜੂੜਾ ਕੀਤਾ ਹੁੰਦਾ ਤੇ ਉਹ ਪੋਚਵੀਂ ਚੁੰਝਦਾਰ ਪੱਗ ਬੰਨ੍ਹਦਾ ਬਾਦਾਮੀ ਰੰਗ ਦੀ ਚਿੱਟਾ ਕੁੜਤਾ ਪਜਾਮਾ ਪਾ ਕੇ ਸਕੂਲ ਜਾਂਦਾ। ਉਹ ਤਾਂ ਬਸਤਾ ਫੱਟੀ ਢਾਕ ਲਾ ਕੇ ਤੁਰਿਆ ਜਾਂਦਾ ਸੋਹਣਾ ਹੀ ਬੜਾ ਲੱਗਦਾ, ਗੋਲ ਮਟੋਲ ਜਿਹਾ।
ਦਾਨਪੁਰ ਕੈਂਚੀਆਂ ਤੋਂ ਅਗਲਾ ਅੱਡਾ ਆ ਚੁੱਕਿਆ ਸੀ ਤੇ ਉਹ ਔਰਤ ਏਥੇ ਉਤਰੀ ਨਹੀਂ ਸੀ। ਜਗਦੇਵ ਸਿੰਘ ਨੇ ਉਹ ਨੂੰ ਕੁਝ ਨਹੀਂ ਪੁੱਛਿਆ। ਪਤਾ ਨਹੀਂ, ਉਹ ਨੇ ਕਿੱਥੇ ਉਤਰਨਾ ਸੀ ਤੇ ਉਹ ਕਿਹੜੇ ਪਿੰਡ ਦੀ ਸੀ। ਬੜੀ ਜ਼ਾਲਮ ਔਰਤ ਸੀ। ਬਾਬਾ ਕਹਿ ਕੇ ਉਹ ਨੇ ਉਹਦਾ ਸਲੋਚਨਾ ਨੂੰ ਮਿਲਣ ਦਾ ਸਾਰਾ ਚਾਅ ਮੱਠਾ ਪਾ ਦਿੱਤਾ ਸੀ।
ਜਗਦੇਵ ਸਿੰਘ ਨੇ ਦਿਮਾਗ 'ਤੇ ਜ਼ੋਰ ਪਾਇਆ, ਉਹਦੇ ਬਾਬਾ ਕਹਿਣ ਦੇ ਦੋ ਕਾਰਨ ਹੋ ਸਕਦੇ ਹਨ। ਇੱਕ ਤਾਂ ਇਹ ਕਿ ਉਹ ਵਾਕਿਆ ਹੀ ਬਾਬਾ ਹੋ ਗਿਆ ਹੈ। ਉਹ ਦੀ ਦਾੜ੍ਹੀ ਦੇ ਚਿੱਟੇ ਕਰਚੇ ਤੇ ਅੱਖਾਂ ਥੱਲੇ ਬੜੇ ਗੂਹੜੇ ਤਾਂਬਈ ਗੋਲ ਘੇਰੇ ਉਹ ਨੂੰ ਦਿੱਸ ਗਏ ਹੋਣਗੇ। ਜਾਂ ਫੇਰ ਉਹ ਘੁੰਮਣ ਦੀ ਹੀ ਹੈ ਤੇ ਉਹਨੂੰ ਜਾਣਦੀ ਹੈ। ਉਹ ਨਹੀਂ ਜਾਣਦਾ ਉਹ ਨੂੰ। ਘੁੰਮਣ ਵਿਚ ਤਾਂ ਉਹ ਹਰ ਮਰਦ ਔਰਤ ਦਾ ਬਾਬਾ ਹੈ। ਉਹ ਦੇ ਮਾਂ ਬਾਪ ਜੀਉਂਦੇ ਹਨ। ਉਹ ਦੇ ਦੋ ਭਰਾਂ ਉੱਥੇ ਹੀ ਹਨ ਤੇ ਖੇਤੀ ਦਾ ਕੰਮ ਕਰਦੇ ਹਨ। ਅਗਾਂਹ ਭਤੀਜੇ ਭਤੀਜੀਆਂ ਹਨ। ਸਾਰਾ ਪਰਿਵਾਰ ਹੈ। ਉਹ ਇਕੱਲਾ ਹੀ ਸ਼ਹਿਰ ਜਾ ਵਸਿਆ ਹੈ। ਹੁਣ ਜਦੋਂ ਕਦੇ ਉਹ ਪਿੰਡ ਜਾਂਦਾ ਹੈ, ਸਾਲ ਬਾਅਦ ਜਾਵੇ ਜਾਂ ਛੇ ਮਹੀਨਿਆਂ ਪਿੱਛੋਂ ਸਭ ਉਹਨੂੰ ਬਾਬਾ ਕਹਿੰਦੇ ਹਨ ਤੇ ਮਹਾਰਾਜ ਬੁਲਾਉਂਦੇ ਹਨ। ਆਪਣੇ ਪਿੰਡ ਬਾਬਾ ਅਖਵਾਉਣ ਨਾਲ ਉਹਨੂੰ ਕੋਈ ਖਿੱਝ ਨਹੀਂ ਚੜ੍ਹਦੀ।
ਉਹਦਾ ਜੀਅ ਕੀਤਾ ਕਿ ਉਹ ਉਸ ਔਰਤ ਨੂੰ ਪੁੱਛ ਲਵੇ-ਉਹ ਕਿੱਥੋਂ ਦੀ ਹੈ। ਉਹ ਨੇ ਸੋਚਿਆ ਕਿ ਉਹ ਜੇ ਘੁੰਮਣ ਦੀ ਹੋਈ ਤਾਂ ਬੁਰਾ ਮਨਾਏਗੀ। ਆਖੇਗੀ-"ਲੈ ਸ਼ਹਿਰ ਜਾ ਕੇ ਹੁਣ ਪਿੰਡ ਨੂੰ ਈ ਭੁੱਲ ਗਿਆ।" ਉਹ ਨੇ ਕੁਝ ਨਹੀਂ ਪੁੱਛਿਆ। ਹੁਣ ਉਹ ਸਹਿਜ ਮਤੇ ਨਾਲ ਉਸ ਔਰਤ ਵੱਲ ਝਾਕ ਰਿਹਾ ਸੀ। ਉਸ ਔਰਤ ਵਿਚੋਂ ਉਹ ਨੂੰ ਦੋ ਔਰਤਾਂ ਦਿੱਸਣ ਲੱਗੀਆਂ। ਇੱਕ ਔਰਤ-ਘੁੰਮਣ ਦੀ, ਬੜੀ ਸਾਉ। ਇੱਕ ਔਰਤ-ਕਿਤੋਂ ਦੀ ਵੀ, ਬੜੀ ਜ਼ਾਲਮ, ਬਾਬਾ ਕਹਿਕੇ ਉਹ ਦਾ ਛੱਡਿਆ ਹੀ ਕੱਖ ਨਹੀਂ।
ਅਗਲਾ ਅੱਡਾ ਹੁਣ ਘੁੰਮਣ ਦਾ ਆਉਣਾ ਸੀ। ਉਹ ਦੜ ਵੱਟ ਕੇ ਬੈਠਾ ਰਿਹਾ। ਉਹ ਦੀ ਹੈਸੀਅਤ ਦਾ ਹੁਣ ਫ਼ੈਸਲਾ ਹੋਣ ਵਾਲਾ ਸੀ। ਜੇ ਤਾਂ ਇਹ ਔਰਤ ਘੁੰਮਣ ਉਤਰ ਗਈ, ਫੇਰ ਤਾਂ ਕੋਈ ਗੱਲ ਨਹੀਂ, ਜੇ ਬੈਠੀ ਰਹੀ ਤਾਂ ਉਹ ਮਾਰਿਆ ਜਾਵੇਗਾ।
ਘੁੰਮਣ ਨੇੜੇ ਆਇਆ ਤਾਂ ਉਸ ਔਰਤ ਨੇ ਆਪਣਾ ਘੁੰਡ ਸੰਵਾਰ ਕੇ ਕੱਢ ਲਿਆ। ਖੜ੍ਹੀ ਹੋਈ ਤੇ ਆਪਣੀ ਕੁੜਤੀ ਸਲਵਾਰ ਦੇ ਵਲ ਕੱਢੇ। ਬੱਸ ਰੁਕੀ ਤੇ ਉਹ ਥੱਲੇ ਉੱਤਰ ਗਈ।
ਜਗਦੇਵ ਸਿੰਘ ਦੇ ਕੱਖ ਰਹਿ ਗਏ। ਹੁਣ ਉਹ ਇੱਕ ਨਾ ਦੱਸਣ ਵਾਲੇ ਸੁੱਖ ਦਾ ਅਹਿਸਾਸ ਮਾਣ ਰਿਹਾ ਸੀ। ਉਹ ਨੂੰ ਰਾਮਨਗਰ ਜਾਣਾ ਸਾਰਥਕ ਲੱਗਿਆ।
114
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ