ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/115

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਾਇਦਾਦ

ਉਸ ਦਿਨ ਤੀਜਾ ਸ਼ਰਾਧ ਸੀ, ਗੱਜਣ ਸਿੰਘ ਦੇ ਬਾਪ ਦਾ ਸ਼ਰਾਧ। ਤੜਕੇ ਸਦੇਹਾਂ ਹੀ ਬੁੱਧ ਰਾਮ ਨੇ ਚਾਹ ਪੀਤੀ ਤੇ ਡਾਂਗ ਫੜ ਕੇ ਸੱਥ ਵਿਚ ਹਥਾਈ ਦੇ ਖੁੰਢ 'ਤੇ ਜਾ ਬੈਠਾ। ਉਹ ਖੰਘੂਰਾ ਮਾਰਦਾ, ਥੁੱਕਦਾ ਤੇ ਮੁੱਛਾਂ ਨੂੰ ਤਾਓ ਦਿੰਦਾ, ਇਸ ਤਰ੍ਹਾਂ ਦੀ ਉਡੀਕ ਵਿਚ ਬੈਠਾ ਸੀ, ਜਿਵੇਂ ਹੁਣੇ ਕੋਈ ਬਿੱਲੀ ਜਾਂ ਕੁੱਤਾ ਏਥੋਂ ਦੀ ਲੰਘੇਗਾ ਤੇ ਉਹ ਉਹ ਦਾ ਸਿਰ ਚਿੱਪ ਦੇਵੇਗਾ।

ਮੋਘੇਦਾਰ ਕਾਹਲੇ ਕਦਮੀਂ ਉਹਦੇ ਵੱਲ ਆ ਰਿਹਾ ਸੀ, ਦੂਰੋਂ ਹੀ ਬੋਲਦਾ, ਹਾਕਾਂ ਮਾਰਦਾ-"ਓਏ ਬੁੱਧ ਰਾਮਾਂ, ਵੀਹ ਮਿੰਟ ਰਹਿ 'ਗੇ, ਥੋਡੇ ਕੋਈ ਆਇਆ ਈ ਨਾ। ਫੇਰ ਕਹੇਂਗਾ, ਖੁੰਝ ਗਿਆ ਪਾਣੀ! ਆਜਾ ਕਹੀ ਲੈ ਕੇ, ਝੱਟ ਦੇਣੇ। ਪੰਜ ਮਿੰਟ ਪਹਿਲਾਂ ਡੱਕਰੂੰ ਤੈਨੂੰ। ਵੱਢ ਲੀਂ ਆਵਦਾ ਜਾ ਕੇ, ਸੁਣ ਲਿਆ ਮਖਾਂ?" ਕੁੜਤੇ ਦੇ ਕਾਜ ਵਿਚ ਕਾਲੀ ਡੋਰੀ ਪਾ ਕੇ ਬੰਨ੍ਹੀ ਜੇਬ੍ਹੀ-ਘੜੀ ਦੀ ਡੱਬੀ ਉਹ ਨੇ ਬੰਦ ਕੀਤੀ ਤੇ ਉਹਨੀ ਪੈਰੀਂ ਮੁੜ ਗਿਆ।

ਉਹ ਨੇ ਮੋਘੇਦਾਰ ਦੀ ਗੱਲ ਸੁਣੀ ਤਾਂ ਬਹੁਤ ਧਿਆਨ ਨਾਲ, ਉਹ ਨੂੰ ਪਤਾ ਵੀ ਸੀ ਕਿ ਅੱਜ ਨਿਆਈਂ ਵਿਚ ਪਾਣੀ ਮਿਲਣਾ ਹੈ, ਮੱਕੀ ਮੁਰਝਾਈ ਹੋਈ ਉਦਾਸ ਖੜ੍ਹੀ ਹੈ, ਆਖ਼ਰੀ ਪਾਣੀ ਹੈ, ਛੱਲੀਆਂ ਮੋਟੀਆਂ ਹੋ ਜਾਣਗੀਆਂ, ਪਰ ਉਹ ਦੀ ਨਿਗਾਹ ਤਾਂ ਗੱਜਣ ਸਿੰਘ ਦੇ ਬਾਰ 'ਤੇ ਟਿਕੀ ਹੋਈ ਸੀ। ਦੂਜੇ ਅਗਵਾੜੋਂ ਕੋਈ ਥਾਲੀ ਲੈ ਕੇ ਆਵੇਗਾ ਤੇ ਉਹ ਉਹ ਦਾ ਸਿਰ ਚਿੱਪ ਦੇਵੇਗਾ।

ਮੋਘੇਦਾਰ ਪਿਛਾਂਹ ਮੂੰਹ ਮੋੜ ਕੇ ਤੁਰਿਆ ਜਾਂਦਾ ਵੀ ਬੋਲਦਾ ਰਿਹਾ ਸੀ-"ਲੈ ਹੁਣ ਆਵਦਾ ਪੜ੍ਹਿਆ ਵਿਚਾਰੀਂ। ਬੈਠੈ ਘੁੱਗੂ ਜ੍ਹਾ ਬਣਿਆ।"

'ਘੁੱਗੂ ਜ੍ਹਾ ਬਣਿਆ' ਸੁਣ ਕੇ ਮੋਘੇਦਾਰ ਦੀ ਗੱਲ 'ਤੇ ਮੁਸਕਰਾਇਆ। ਜਿਵੇਂ ਉਹ ਉਹ ਨੂੰ ਮਿੱਠੀ ਚਹੇਡ ਕਰ ਗਿਆ ਹੋਵੇ।

ਗੱਜਣ ਸਿੰਘ ਦੇ ਘਰੋਂ ਉਨ੍ਹਾਂ ਦੀ ਛੋਟੀ ਕੁੜੀ ਬਾਹਰ ਆਈ ਤੇ ਹਥਾਈ ਵੱਲ ਝਾਕ ਅੰਦਰ ਹੀ ਮੁੜ ਗਈ। ਤੇ ਫੇਰ ਕੁੜੀ ਦੀ ਮਾਂ ਨੇ ਦੇਲ੍ਹੀਆਂ ਵਿਚ ਖੜ੍ਹ ਕੇ ਬੁੱਧ ਰਾਮ ਨੂੰ ਦੇਖਿਆ।

"ਤੂੰ ਹੁਣ ਐਥੇ ਬੈਠਾ ਕੀ ਕਰੇਂਗਾ? ਮੋਘੇਦਾਰ ਆਇਆ ਸੀ, ਜਾਣਾ ਨ੍ਹੀਂ?" ਬੁੱਧ ਰਾਮ ਦੀ ਘਰ ਵਾਲੀ ਲੱਛਮੀ ਆਖ ਰਹੀ ਸੀ।

"ਨਿਆਈਂ ਦਾ ਪਾਣੀ ਤਾਂ ਠੀਕ ਹੈ, ਉਹ ਵੀ ਕਰਦੇ ਆਂ ਕੋਈ ਬੰਦੋਬਸਤ। ਪਰ ਐਧਰ ਨਾ ਨੱਕਾ ਵੱਢਿਆ ਜਾਵੇ ਕਿਤੇ। ਅੱਜ ਦੋ ਹੱਥ ਕਰ ਈ ਲੈਣ ਦੇ ਮੈਨੂੰ। ਉਹ ਸਾਲਾ ਸਮਝਦਾ ਕੀਹ ਐ। ਉਹ ਦਾ ਮਤਲਬ ਕੀ, ਮੇਰੇ 'ਗਵਾੜ ਆਉਣ ਦਾ?"

ਜਾਇਦਾਦ

115