"ਹਾਂ ਨਾਨੀ ਉਹ ਨੇ ਵੀ ਮੈਨੂੰ ਪਛਾਣ ਲਿਆ। ਤਾਂ ਹੀ ਤਾਂ ਉਹ ਗੱਲਾਂ ਕਰਦਾ ਸੀ।"
"ਕੀ ਗੱਲਾਂ ਕਰਦਾ ਸੀ?"
"ਮੈਂ ਈ ਉਹ ਨੂੰ ਆਖਦੀ ਸੀ, ਬਈ ਤੂੰ ਮੰਗਦਾ ਕਾਹਨੂੰ ਫਿਰਦੈਂ, ਕੋਈ ਕੰਮ ਕਰਿਆ ਕਰ। ਕੋਈ ਨੌਕਰੀ ਕਰ। ਹੁਣ ਤਾਂ ਜੁਆਨ ਹੋਇਆ ਫਿਰਦੈ।"
"ਨੌਕਰੀ ਇਨ੍ਹਾਂ ਲੋਕਾਂ ਨੂੰ ਕੌਣ ਦੇਵੇ, ਧੀਏ। ਕੰਮ ਆਵਦਾ ਇਹ ਕਰੀ ਜਾਂਦੇ ਨੇ। ਮੰਗਣਾ ਤੇ ਖਾਣਾ। ਇਨ੍ਹਾਂ ਨੇ ਤਾਂ ਪੁੱਤ, ਏਥੇ ਈ ਰਹਿਣੈ, ਗਰੀਬਾਂ ਨੇ।"
ਸਰਦੀਆਂ ਦੇ ਦਿਨ ਸਨ। ਸਵੇਰ ਦਾ ਵੇਲਾ। ਪਰਮਜੀਤ ਨੇ ਪਲੇਟ ਵਿਚ ਦੋ ਰੋਟੀਆਂ ਰੱਖੀਆਂ ਤੇ ਕੌਲੀ ਵਿਚ ਆਲੂ ਗੋਭੀ ਦੀ ਸਬਜ਼ੀ ਪਾ ਕੇ ਮਾਮੇ ਦੇ ਮੂਹਰੇ ਮੇਜ਼ 'ਤੇ ਰੱਖ ਆਈ। ਕੱਪੜੇ ਪਹਿਨ ਕੇ ਸ਼ੀਸ਼ੇ ਅੱਗੇ ਖੜ੍ਹਾ ਉਹ ਆਪਣੀ ਟਾਈ ਠੀਕ ਕਰ ਰਿਹਾ ਸੀ। ਫੇਰ ਉਹ ਨੇ ਕੋਟ ਦੀ ਉਤਲੀ ਜੇਬ ਵਿਚੋਂ ਨਿੱਕਾ ਜਿਹਾ ਕੰਘਾ ਕੱਢ ਕੇ ਸਿਰ ਦੇ ਵਾਲ ਸੰਵਾਰੇ। ਮਨ ਵਿਚ ਦਫ਼ਤਰ ਜਾਣ ਦੀ ਕਾਹਲ ਸੀ।
ਕੁੜੀ ਪੁੱਛਣ ਲੱਗੀ-"ਮਾਮਾ ਜੀ, ਜਿਵੇਂ ਮੇਰਾ ਅਸਲੀ ਨਾਉਂ ਤਾਂ ਪਰਮਜੀਤ ਐ, ਪਰ ਮੈਨੂੰ ਪੰਮੀ ਕਹਿੰਦੇ ਨੇ, ਮਾਂਘੂ ਦਾ ਅਸਲੀ ਨਾਉਂ ਕੀ ਹੋਵੇਗਾ ਭਲਾ?"
"ਕਮਾਲ ਐ, ਤੂੰ ਹਾਲੇ ਤੱਕ ਓਸ ਮੰਗਤੇ ਬਾਰੇ ਈ ਸੋਚੀ ਜਾਨੀ ਐਂ?" ਉਹ ਹੱਥਲੀ ਬੁਰਕੀ ਮੂੰਹ ਕੋਲ ਰੋਕ ਕੇ ਕੁੜੀ ਵੱਲ ਹੈਰਾਨੀ ਨਾਲ ਝਾਕਿਆ।
ਉਹ ਸ਼ਰਮਾ ਗਈ। ਪਰ ਫੇਰ ਮੁਸ਼ਕਰਾ ਕੇ ਆਪ ਹੀ ਦੱਸਣ ਲੱਗੀ-ਮਾਂਘੂ ਮਾਂਗੂ ਤੋਂ ਵਿਗੜ ਕੇ ਬਣਿਆ ਹੋਵੇਗਾ। ਮਾਂਗੂ ਜਾਣੀ ਮੰਗੂ, ਮੰਗਤ ਤੋਂ ਮੰਗੂ। ਅਸਲ ਨਾਉਂ ਮੰਗਤ ਹੋਵੇ, ਪਰ ਮਾਮਾ ਜੀ ਇਹ ਨੂੰ ਮੰਗਤ ਰਾਏ ਤਾਂ ਕਦੇ ਕਿਸੇ ਨੇ ਨਹੀਂ ਆਖਿਆ ਹੋਣਾ।"
"ਮੰਗਤਿਆਂ ਦੇ ਕੋਈ ਅਸਲੀ ਨਾਉਂ ਨ੍ਹੀ ਹੁੰਦੇ। ਇਹ ਤਾਂ ਬਸ ਮਾਂਘੂ-ਸ਼ਾਂਘੂ ਜੇ ਈ ਹੁੰਦੇ ਐ।" ਉਹ ਨੇ ਫੇਰ ਕੁੜੀ ਵੱਲ ਨਜ਼ਰ ਗਹਿਰਾ ਕੇ ਦੇਖਿਆ-ਪਰ ਤੂੰ ਓਹ ਮੰਗਤੇ ਬਾਰੇ ਸੋਚਦੀ ਹੀ ਕਿਉਂ ਐ? ਕੀ ਲੈਣੈ ਤੂੰ ਉਹਤੋਂ? ਸਾਡਾ ਇਨ੍ਹਾਂ ਲੋਕਾਂ ਨਾਲ ਕੀ ਸਰੋਕਾਰ ਐ? ਆਪਾਂ ਤਾਂ ਐਨਾ ਈ ਕਹਿ ਸਕਦੇ ਆਂ, ਬਈ ਇਹ ਗ਼ਰੀਬ ਲੋਕ ਨੇ ਵਿਚਾਰੇ। ਹੋਰ ਆਪਾਂ ਕੁਝ ਨ੍ਹੀ ਕਰ ਸਕਦੇ ਇਨ੍ਹਾਂ ਦਾ। ਤੂੰ ਤਾਂ...!"
"ਮੈਂ ਕੀ, ਮਾਮਾ ਜੀ?"
"ਤੂੰ ਓਸ ਮੰਗਤੇ ਦਾ ਭਾਸ਼ਾ ਵਿਗਿਆਨ ਲਿਖਣ ਲੱਗ ਪਈ ਐ। ਵੱਡੀ ਆ 'ਗੀ ਤੂੰ ਪੀ. ਐੱਚ. ਡੀ. ਕਰਨ ਵਾਲੀ।" ਉਹ ਛਣਕਦੀ ਹਾਸੀ ਹੱਸਿਆ।
ਉਹ ਮੁਸ਼ਕਰਾਈ ਹੀ। ਫੇਰ ਚੁੱਪ ਚਾਪ ਮਾਂਘੂ ਬਾਰੇ ਸੋਚਣ ਲੱਗੀ। ਉਹ ਏਥੇ ਰਹਿ ਕੇ ਜਦੋਂ ਸਕੂਲ ਵਿਚ ਪੜ੍ਹਦੀ ਹੁੰਦੀ, ਮਾਂਘੂ ਛੋਟੀ ਉਮਰ ਦਾ ਸੀ। ਪਹਿਲੇ ਦਿਨ ਜਦੋਂ ਉਹ ਨੇ ਉਹ ਨੂੰ ਗਲੀ ਵਿਚ ਦੇਖਿਆ, ਉਹ ਨੇ ਤੇੜ ਚਾਦਰਾ ਬੰਨ੍ਹਿਆ ਹੋਇਆ, ਗਲ ਕਲੀਆਂ ਵਾਲਾ ਕੁੜਤਾ ਤੇ ਉੱਤੋਂ ਦੀ ਗੋਟੇ ਲੱਗੀ ਕਾਲੀ ਬਾਸਕਟ ਸਿਰ 'ਤੇ ਤੁਰਲੇ ਵਾਲੀ ਪੱਗ ਸੀ। ਪੈਰਾ ਵਿਚ ਖਲ ਧੌੜੀ ਜੁੱਤੀ। ਇਹ ਸਾਰੀ ਪੌਸ਼ਾਕ ਚਾਹੇ ਮੈਲੀ ਕੁਚੈਲੀ ਸੀ, ਪਰ ਉਹ ਦੇ ਗਿੱਠੂ ਜਿਹੇ ਕੱਦ 'ਤੇ ਫਬਦੀ ਬੜੀ ਸੀ। ਭੰਗੜਾ ਡਰੈੱਸ ਵਿਚ ਉਹ
120
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ