ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/122

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਚਾਹੀ। ਮਾਂਘੂ ਨੇ ਰੋਟੀ ਲੈਣ ਤੋਂ ਇਨਕਾਰ ਕਰ ਦਿੱਤਾ। ਕਹਿੰਦਾ-"ਇਹਨੂੰ ਤਾਂ ਕੁੱਤਾ ਵੀ ਨਹੀਂ ਖਾਂਦਾ, ਬੀਬੀ ਸੱਜਰੀ ਰੋਟੀ ਦੇਹ।"

"ਚੱਲ, ਕੁੱਤਾ ਹਰਾਮਜ਼ਾਦਾ ਨਾ ਹੋਵੇ ਤਾਂ।" ਕੁੜੀ ਨੂੰ ਰੋਟੀ ਕੁੱਤੇ ਵੱਲ ਵਗਾਹ ਮਾਰੀ। ਕੁੱਤੇ ਨੇ ਰੋਟੀ ਨੂੰ ਮੂੰਹ ਤਾਂ ਲਾਇਆ, ਪਰ ਖਾਧੀ ਨਹੀਂ।

"ਗਾਲਾਂ ਕਾਹਨੂੰ ਦਿੰਨੀ ਐ, ਬੀਬੀ ਜੇ ਮੈਂ ਮੋੜ ਕੇ ਕੱਢਾਂ ਤੈਨੂੰ ਗਾਲ, ਫੇਰ ਦੱਸ।"

ਕੁੜੀ ਨੇ ਮੂੰਹ ਚਿੜਾ ਕੇ ਉਹਦੀ ਨਕਲ ਲਾਹੀ।

ਉਹ ਕੁੜੀ ਵੱਲ ਬੁੱਲ੍ਹ ਕੱਢ ਕੇ ਤੁਰ ਗਿਆ।

ਗੁੱਸੇ ਵਿਚ ਕੁੜੀ ਨੇ ਗੇਟ ਬੰਦ ਕਰ ਲਿਆ।

ਫੇਰ ਉਹ ਉਨ੍ਹਾਂ ਦੇ ਬਾਰ ਅੱਗੇ ਆ ਕੇ ਨਹੀਂ ਖੜ੍ਹਦਾ ਸੀ। ਇੱਕ ਦਿਨ ਪਰਮਜੀਤ ਦੀ ਨਾਨੀ ਨੇ ਉਹ ਨੂੰ ਪੁੱਛਿਆ-ਤੂੰ ਹੁਣ ਸਾਡਿਓਂ ਕਿਉਂ ਨ੍ਹੀ ਲੈ ਕੇ ਜਾਂਦਾ ਰੋਟੀ, ਵੇ ਮੰਡਿਆ?"

"ਥੋਡੀ ਕੁੜੀ ਤਾਂ ਮੈਨੂੰ ਕੁੱਤਾ ਹਰਾਮਜ਼ਾਦਾ ਆਖਦੀ ਐ। ਬੇਇਜ਼ਤੀ ਕਰਦੀ ਐ ਮੇਰੀ।"

"ਕਿਉਂ ਨੀ ਪੰਮੀਏ, ਕਿਉਂ ਕਿਹਾ ਤੂੰ ਮੁੰਡੇ ਨੂੰ ਕੁੱਤਾ ਹਰਾਮਜ਼ਾਦਾ?" ਬੁੜ੍ਹੀ ਨੇ ਫੋਕਾ ਗੁੱਸਾ ਦਿਖਾਇਆ।

ਕੁੜੀ ਹੱਸਣ ਲੱਗੀ ਤੇ ਫੇਰ ਉਹ ਨੇ ਕਿਹਾ-"ਚੰਗਾ, ਹੁਣ ਪਾਵਾਂ ਤੈਨੂੰ ਸੱਜਰੀ ਰੋਟੀ?"

ਸੱਜਰੀ ਹੈ ਤਾਂ ਦੇਹ। ਉਹਨੇ ਮੰਗਤਿਆਂ ਵਾਲੀ ਆਵਾਜ਼ ਵਿਚ ਕਿਹਾ।

"ਅੱਛਾ, ਪਹਿਲਾਂ ਬਾਘੀ ਪਾ ਕੇ ਸੁਣਾਅ ਸਾਨੂੰ।" ਕੁੜੀ ਨੇ ਸ਼ਰਤ ਰੱਖ ਦਿੱਤੀ।

ਮਾਂਘੂ ਦੀ ਸ਼ਰਤ-"ਬਾਘੀ ਸੁਣਨੀ ਐਂ ਤਾਂ ਇੱਕ ਆਟੇ ਦੀ ਬਾਟੀ ਦੇਹ।"

"ਕਿਉਂ ਵੇ?" ਬੁੜ੍ਹੀ ਦੀ ਤਿਉੜੀ।

"ਸੁੱਕਾ ਈ ਕੌਣ ਮੂੰਹ ਦੁਖਣ ਲਾਵੇ, ਬੀਬੀ,।" ਉਹ ਜਿਵੇਂ ਲੋਭੀ ਕਲਾਕਾਰ ਬਣ ਬੈਠਾ ਹੋਵੇ।

"ਚੰਗਾ ਵੇ, ਆਟਾ ਵੀ ਲੈ ਜਾ ਤੇ ਰੋਟੀ ਵੀ। ਸੁਣਾਅ ਬਾਘੀ।" ਬੁੜ੍ਹੀ ਨੇ ਉਹ ਨੂੰ ਪੁਚਕਾਰਿਆ।

ਬਾਘੀ ਦੇ ਬੋਲ ਕੱਢਦਾ ਕੱਢਦਾ ਉਹ ਵਿਚ ਦੀ ਦੋ ਬਿੱਲੀਆਂ ਜਿਹੀਆਂ ਬੁਲਾਉਂਦਾ ਸੀ, ਬੜਾ ਸੋਹਣਾ ਲੱਗਦਾ ਤੇ ਫੇਰ ਅਖ਼ੀਰ ਵਿਚ ਉਹ ਨੇ ਮੂੰਹ ਵਿਚ ਹਵਾ ਭਰ ਕੇ ਗੱਲ੍ਹਾਂ ਫੁਲਾਈਆਂ ਤੇ ਇੱਕ ਗੱਲ੍ਹ 'ਤੇ ਮੁੱਕੀ ਮਾਰ ਕੇ ਇਸ ਤਰ੍ਹਾਂ ਦੀ ਆਵਾਜ਼ ਕੱਢੀ ਜਿਵੇਂ ਰਬੜ ਦਾ ਬੁਲਬੁਲਾ ਭੰਨ ਦਿੱਤਾ ਹੋਵੇ।

ਮਾਂਘੂ ਝਗੜਾ ਕਰਦਾ ਤੇ ਮੰਗ ਕੇ ਵੀ ਲੈ ਜਾਂਦਾ। ਗਲੀ ਦੇ ਮੁੰਡੇ ਕੁੜੀਆਂ ਨਾਲ ਉਹ ਬਰਾਬਰ ਦਾ ਬਣ ਕੇ ਰਹਿੰਦਾ।

ਪਰਮਜੀਤ ਦਾ ਮਾਮਾ ਦਫ਼ਤਰ ਤੁਰ ਗਿਆ। ਮਾਮੀ ਪੇਕੀਂ ਗਈ ਹੋਈ ਸੀ। ਨੂੰਹ ਨਹੀਂ ਸੀ, ਏਸੇ ਕਰਕੇ ਬੁੜ੍ਹੀ ਦੋਹਤੀ ਨੂੰ ਹਫ਼ਤੇ ਦਸ ਦਿਨਾਂ ਲਈ ਏਥੇ ਲੈ ਆਈ ਸੀ। ਪਰਮਜੀਤ ਬਚਪਨ ਵਿਚ ਏਥੇ ਹੁੰਦੀ ਸੀ। ਫੇਰ ਦਸਵੀਂ ਪਾਸ ਕਰਨ ਉਪਰੰਤ ਉਹ

122

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ