ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/126

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਡੀਕ ਰਹੇ ਸੀ। ਹੋਰ ਬੱਚੇ ਕਦੋਂ ਦੇ ਸਕੂਲ ਤੋਂ ਆ ਚੁੱਕੇ ਸਨ, ਉਹ ਨਹੀਂ ਆਏ। ਬੁੱਢਾ ਬਾਬਾ ਖ਼ਾਲੀ ਹੱਥ ਗਲ਼ੀ ਵਿਚ ਦੀ ਲੰਘਿਆ ਜਾ ਰਿਹਾ ਸੀ। ਨਾ ਬਸਤਾ, ਨਾ ਬੱਚੇ, ਮੈਂ ਘਰਵਾਲੀ ਵੱਲ ਝਾਕਿਆ। ਉਹ ਮੇਰੇ ਪ੍ਰਸ਼ਨ ਨੂੰ ਸਮਝ ਗਈ ਤੇ ਬੋਲੀ-'ਬੱਚੇ ਹੁਣ ਉਡਾਰ ਹੋ 'ਗੇ। ਖ਼ੁਦ ਈ ਚਲੇ ਜਾਂਦੇ ਨੇ ਸਕੂਲ। ਬਾਬਾ ਵਿਹਲਾ।'

'ਪਹਿਲਾਂ ਵੀ ਤਾਂ ਵਿਹਲਾ ਸੀ। ਪਹਿਲਾਂ ਕਿਹੜਾ ਮੂੰਗਲੀਆਂ ਫੇਰਦਾ ਸੀ ਏਹੇ।' ਮੈਂ ਹੱਸਿਆ।

'ਵਿਚਾਰਾ ਬੁੱਢਾ! ਉਹ ਦੇ ਮੂੰਹੋਂ ਨਿਕਲਿਆ। ਤੇ ਫੇਰ ਦੱਸਿਆ-'ਹੁਣ ਇਹ ਗਲੀ ਦੀਆਂ ਔਰਤਾਂ ਨਾਲ ਗੱਲਾਂ ਵੀ ਮਾਰ ਜਾਦੈ। ਨੇਕ ਬੰਦਾ ਐ। ਵਕਤ ਕੱਢਦਾ ਫਿਰਦੈ।'

ਇੱਕ ਦਿਨ ਦੁਪਹਿਰੇ ਜਿਹੇ ਮੈਂ ਅੰਦਰ ਕਮਰੇ ਵਿਚ ਬੈਠਾ ਕੋਈ ਕਿਤਾਬ ਪੜ੍ਹ ਰਿਹਾ ਸੀ, ਘਰਵਾਲੀ ਸਿਲਾਈ ਮਸ਼ੀਨ ਲੈ ਕੇ ਵਰਾਂਡੇ ਵਿਚ ਬੈਠੀ ਬੱਚਿਆਂ ਦੇ ਉੱਧੜੇ ਹੋਏ ਕੱਪੜਿਆਂ ਨੂੰ ਸਿਉਂ ਰਹੀ ਸੀ, ਕਿਸੇ ਨੇ ਬੈੱਲ ਵਜਾਈ। ਉਹ ਸਿਲਾਈ ਮਸ਼ੀਨ ਥਾਂ ਦੀ ਥਾਂ ਖੜ੍ਹੀ ਕਰਕੇ ਗੇਟ 'ਤੇ ਗਈ ਤੇ ਥੋੜ੍ਹੀ ਦੇਰ ਬਾਅਦ ਮੈਨੂੰ ਉਹ ਦੀ ਸਿਲਾਈ ਮਸ਼ੀਨ ਦੀ ਟੱਕ ਟੱਕ ਫੇਰ ਸੁਣਨ ਲੱਗੀ। ਮੈਂ ਉਡੀਕ ਰਿਹਾ ਸੀ-ਕੌਣ ਹੋਇਆ। ਇਹ ਦੁਪਹਿਰੇ ਦੁਪਹਿਰੇ? ਉੱਚਾ ਬੋਲ ਕੇ ਪੁੱਛਿਆ-'ਸ਼ੰਨੋ, ਕੀ ਗੱਲ ਸੀ?'

ਉਹ ਹੱਸਣ ਲੱਗੀ। ਬੋਲੀ-'ਬਾਬਾ।'

'ਕਿਹੜਾ ਬਾਬਾ?' ਮੈਂ ਫੇਰ ਪੁੱਛਿਆ।

'ਓਹੀ ਬਾਬਾ, ਬਸਤਿਆਂ ਵਾਲਾ।'

'ਕਿਉਂ, ਕੀ ਆਖਦਾ ਸੀ?'

'ਤੇਲ ਆ ਗਿਆ।' ਉਹ ਫੇਰ ਖਿੜ ਖਿੜ ਕਰਕੇ ਹੱਸਣ ਲੱਗੀ।'

'ਤੇਲ ਆ ਗਿਆ, ਕੀ ਮਤਲਬ?' ਮੈਂ ਹੈਰਾਨ ਸੀ, ਬਾਬੇ ਨਾਲ ਤੇਲ ਦਾ ਕੀ ਮਤਲਬ?

'ਕਿਹੜਾ ਤੇਲ?'

'ਮਿੱਟੀ ਦਾ ਤੇਲ।' ਉਹ ਨੇ ਦੱਸਿਆ।

'ਕਿਉਂ, ਏਸ ਬਾਬੇ ਦਾ ਹਿੱਸਾ ਐ ਕੋਈ ਤੇਲ ਦੇ ਡੀਪੂ 'ਚ?' ਮੈਂ ਕਿਤਾਬ ਪਰ੍ਹਾਂ ਰੱਖ ਦਿੱਤੀ।

ਉਹ ਸਿਲਾਈ ਮਸ਼ੀਨ ਛੱਡ ਕੇ ਖਿਝੀ ਖਿਝੀ ਮੇਰੇ ਕੋਲ ਅੰਦਰ ਆਈ ਤੇ ਕਹਿਣ ਲੱਗੀ-'ਤੁਸੀਂ ਸਵਾਲ ਬਹੁਤ ਕਰਦੇ ਓਂ। ਦਿਮਾਗ਼ ਖਾ ਲਿਆ ਮੇਰਾ। ਹਾਂ, ਦੱਸੋ, ਕੀ ਆਖਦੇ ਹੋਂ?'

'ਇਹ ਬਾਬਾ... ਮਿੱਟੀ ਦਾ ਤੇਲ ...'

ਉਹਦੀ ਖਿਝ ਫੇਰ ਹਾਸੀ ਵਿਚ ਬਦਲ ਗਈ। ਦੱਸਣ ਲੱਗੀ 'ਜਦੋਂ ਡੀਪੂ 'ਤੇ ਮਿੱਟੀ ਦਾ ਤੇਲ ਆਉਂਦੈ, ਇਹ ਬਾਬਾ ਗਲੀ ਦੀਆਂ ਸਾਰੀਆਂ ਜ਼ਨਾਨੀਆਂ ਨੂੰ ਦੱਸ ਦਿੰਦੈ। ਨਹੀਂ ਤਾਂ ਪਤਾ ਈ ਨ੍ਹੀ ਲੱਗਦਾ, ਕਦੋ ਤੇਲ ਆਉਂਦੈ ਤੇ ਕਦੋਂ ਵੰਡ ਵੀ ਦਿੱਤਾ ਜਾਂਦੈ। ਡੀਪੂ ਵਾਲਿਆਂ ਦਾ ਪਤਾ ਈ ਨ੍ਹੀ ਕਦੋਂ ਦੁਕਾਨ ਖੋਲ੍ਹਦੇ ਨੇ ਤੇ ਕਦੋਂ ਅਚਾਨਕ ਈ ਬੰਦ ਕਰ ਜਾਂਦੇ ਨੇ।'

126

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ