ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/128

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਸਾਖੀ ਵਾਲਾ ਪਿੰਡ

ਵਸਾਖੀ ਦਾ ਦਿਨ ਪੰਜਾਬ ਵਿਚ ਬਹੁਤ ਪਿਆਰਾ ਦਿਨ ਹੈ। ਜੱਟ ਦੀ ਫ਼ਸਲ ਪੱਕ ਜਾਂਦੀ ਹੈ ਤੇ ਉਹ ਆਪਣੇ ਲਹੂ ਮੁੜ੍ਹਕੇ ਦੀ ਕਮਾਈ ਨੂੰ ਦਾਤੀ ਪਾਉਂਦਾ ਹੈ। ਪਿੰਡ ਪਿੰਡ ਸ਼ਹਿਰ ਸ਼ਹਿਰ ਇਹ ਤਿਉਹਾਰ ਮਨਾਇਆ ਜਾਂਦਾ ਹੈ। ਮੇਲੇ ਲੱਗਦੇ ਹਨ। ਲੋਕ ਚਿਰ ਬਾਅਦ ਮਿਲਦੇ ਹਨ।

ਏਸ ਪਿੰਡ ਵਿਚ ਵੀ ਵਸਾਖੀ ਦਾ ਮੇਲਾ ਲੱਗਦਾ ਹੈ। ਮੇਲੇ ਨੂੰ ਦੇਖਣ ਦੂਰ ਦੂਰ ਤੋਂ ਗੱਭਰੂ ਤੇ ਅਧਖੜ ਬੰਦੇ ਆਉਂਦੇ ਹਨ। ਮੇਲੇ ਨੂੰ ਦੇਖਣ ਦੂਰ ਦੂਰ ਤੋਂ ਮੁਟਿਆਰਾਂ ਤੇ ਅਧਖੜ ਤੀਵੀਂਆਂ ਆਉਂਦੀਆਂ ਹਨ। ਪੂਰੇ ਇੱਕ ਸਾਲ ਬਾਅਦ ਆਪਣੇ ਪਿਆਰਿਆਂ ਨੂੰ ਮਿਲਣ ਦਾ ਇਹ ਇੱਕ ਵਧੀਆ ਬਹਾਨਾ ਹੈ। ਹਰ ਕੁੜੀ ਆਪਣੇ ਸੋਹਣੇ ਨੂੰ ਮਿਲਦੀ ਹੈ। ਹਰ ਨੌਜਵਾਨ ਆਪਣੀ ਸੋਹਣੀ ਨੂੰ ਮਿਲਦਾ ਹੈ।

ਇਹ ਪਿੰਡ ਨਹੀਂ, ਇੱਕ ਛੋਟਾ ਜਿਹਾ ਸ਼ਹਿਰ ਹੈ। ਬਿਜਲੀ ਹੈ, ਸੜਕਾਂ ਚਾਰ ਚੁਫੇਰਿਓਂ ਪੈਂਦੀਆਂ ਹਨ, ਜਿਹੜੀ ਚੀਜ਼ ਨਾਲ ਦੇ ਵੱਡੇ ਸ਼ਹਿਰੋਂ ਮਿਲਦੀ ਹੈ, ਉਹ ਇੱਥੋਂ ਵੀ ਮਿਲ ਜਾਂਦੀ ਹੈ ਤੇ ਹੋਰ ਸ਼ਹਿਰ ਕੀ ਹੁੰਦਾ ਹੈ? ਪੁਲਿਸ ਥਾਣਾ, ਵੱਡਾ ਹਸਪਤਾਲ, ਡੰਗਰ ਹਸਪਤਾਲ, ਗਰਲਜ਼ ਮਾਡਲ ਸਕੂਲ ਤੇ ਬੇਸਿਕ ਟ੍ਰੇਨਿੰਗ ਕਾਲਜ ਦੀਆਂ ਬਿਲਡਿੰਗਾਂ ਕੋਲੋ ਕੋਲ ਹਨ। ਗੌਰਮਿੰਟ ਸਕੂਲ ਏਥੇ ਕੋਈ ਨਹੀਂ, ਕਿਉਂਕਿ ਖਾਲਸਾ ਹਾਈ ਸਕੂਲ ਚੱਲਦਾ ਹੈ, ਜੋ ਪਿੰਡ ਦੀ ਆਬਾਦੀ ਤੇ ਨੇੜੇ ਦੇ ਤਿੰਨ ਚਾਰ ਪਿੰਡਾਂ ਲਈ ਕਾਫ਼ੀ ਹੈ।

ਏਥੋਂ ਦੇ ਬੇਸਿਕ ਟ੍ਰੇਨਿੰਗ ਕਾਲਜ ਦੀ ਬਿਲਡਿੰਗ ਸਭ ਤੋਂ ਚੰਗੀ ਇਮਾਰਤ ਹੈ। ਖੁੱਲ੍ਹੇ ਖੁੱਲ੍ਹੇ ਕਮਰੇ, ਖੁੱਲ੍ਹੇ ਖੁੱਲ੍ਹੇ ਮੈਦਾਨ ਤੇ ਖੁੱਲ੍ਹੇ ਖੁੱਲ੍ਹੇ ਪ੍ਰੋਫ਼ੈਸਰਾਂ ਦੇ ਸੁਭਾਅ। ਸਾਂਝੀ ਵਿੱਦਿਆ ਹੈ। ਨੌਜਵਾਨ ਮੁੰਡੇ ਕੁੜੀਆਂ ਵਿਚ ਖੁੱਲ੍ਹ ਦਾ ਮਾਹੌਲ ਠਾਠਾਂ ਮਾਰਦਾ ਹੈ।

ਇਸ ਕਾਲਜ ਵਿਚ ਪ੍ਰੋ:ਨਿਰਮਲ ਸਿੰਘ ਸਾਈਕਾਲੌਜੀ ਪੜ੍ਹਾਉਂਦਾ ਸੀ। ਸੁਭਾਉ ਊਸ ਦਾ ਬੜਾ ਖੁੱਲ੍ਹਾ, ਪਰ ਉਸ ਨੂੰ ਚੁੱਪ ਰਹਿਣ ਦੀ ਆਦਤ ਸੀ। ਕਿਸੇ ਨੇ ਬੁਲਾਇਆ ਤਾਂ ਬੋਲ ਪਿਆ, ਨਹੀਂ ਤਾਂ ਆਪਣੀਆਂ ਹੀ ਸੋਚਾਂ ਵਿਚ ਮਸਤ। ਉਹ ਪੰਜਾਬੀ ਵਿਚ ਕਵਿਤਾ ਵੀ ਲਿਖਦਾ ਸੀ ਜਦ ਕਦੀ ਕਵਿਤਾ ਪੜ੍ਹਦਾ ਤਾਂ ਪ੍ਰੋਫੈਸਰ ਰੱਜ ਕੇ ਦਾਦ ਦਿੰਦੇ, ਇਕ ਦੋ ਲੇਡੀਜ ਪ੍ਰੋਫੈਸਰ ਦੰਦਾਂ ਵਿਚ ਚੁੰਨੀਆਂ ਦੇ ਲੜ ਦੱਬਦੀਆਂ ਤੇ ਅੱਖਾਂ ਵਿਚ ਮੁਸਕਰਾਹਟ ਖੇਡਦੀ ਤੇ ਵਿਦਿਆਰਥੀ ਆਪਣੇ ਕਾਲਜਿਆਂ ਤੇ ਹੱਥ ਰੱਖ ਲੈਂਦੇ। ਪ੍ਰੋ:ਨਿਰਮਲ ਸਿੰਘ ਦੀ ਬੜੀ ਇੱਜ਼ਤ ਸੀ, ਬੜਾ ਮਾਣ ਸੀ-ਕਾਲਜ ਵਿਚ ਵੀ ਤੇ ਪਿੰਡ ਵਿਚ ਵੀ। ਦੋ ਸਾਲ ਲਾ ਕੇ ਉਹ ਉੱਥੋਂ ਬਦਲ ਗਿਆ।

128

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ