ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/133

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਕਰਦੇ ਰਿਹਾ ਕਰਨਗੇ ਤੇ ਆਪਣੇ ਪਿਆਰ ਨੂੰ ਇੱਕ ਪਵਿੱਤਰ ਰਿਸ਼ਤਾ ਬਣਾਈ ਰੱਖਣਗੇ। ਕਿਸ਼ਨਾ ਨੇ ਨਿਸ਼ਾਨੀ ਵਜੋਂ ਨਿਰਮਲ ਸਿੰਘ ਨੂੰ ਇੱਕ ਰੁਮਾਲ ਦਿੱਤਾ। ਰੁਮਾਲ ਉਹ ਕਾਫ਼ੀ ਚੌੜਾ ਸੀ, ਜਿਸ ਨੂੰ ਮਖ਼ੌਲ ਵਜੋਂ ਨਿਰਮਲ ਸਿੰਘ ਤੌਲੀਏ ਵਰਗਾ ਰੁਮਾਲ ਕਹਿੰਦਾ ਹੁੰਦਾ। ਨਿਰਮਲ ਸਿੰਘ ਨੇ ਜਵਾਬ ਵਿਚ ਕ੍ਰਿਸ਼ਨਾ ਨੂੰ ਨਵਾਂ ਖਰੀਦਿਆ ਇੱਕ ਪੈੱਨ ਆਪਣੇ ਕੋਟ ਨਾਲੋਂ ਲਾਹ ਕੇ ਦੇ ਦਿੱਤਾ। ਐਨੇ ਨੂੰ ਮਦਨ ਮੋਹਨ ਵੱਡੇ ਵੱਡੇ ਕਰੀਰਾਂ ਦੀਆਂ ਜੜ੍ਹਾਂ ਵਿਚੋਂ ਇਕਬਾਲ ਨੂੰ ਕੱਢ ਲਿਆਇਆ। ਸਿਵਿਆਂ ਦੀ ਉਸ ਉਜਾੜ ਧਰਤੀ ਤੋਂ ਰਾਤ ਦੇ ਪੂਰੇ ਹਨੇਰੇ ਵਿਚ ਚਾਰ ਬੁੱਤ ਦੋ ਦੋ ਕਰਕੇ ਆਪੋ ਆਪਣੇ ਘਰੀਂ ਆ ਵੜੇ।

ਨਿਰਮਲ ਸਿੰਘ ਤੇ ਮਦਨ ਮੋਹਨ ਜਦ ਘਰ ਪਹੁੰਚੇ ਤਾਂ ਉਨ੍ਹਾਂ ਦੇ ਆਉਂਦਿਆਂ ਨੂੰ ਲੁਧਿਆਣੇ ਤੋਂ ਕਰਨੈਲ ਸਿੰਘ ਆਇਆ ਬੈਠਾ ਸੀ। ਉਹ ਵਸਾਖੀ ਵਾਲੇ ਪਿੰਡ ਦੇ ਕਾਲਜ ਵਿਚ ਡੀ. ਪੀ. ਈ. ਲੱਗਿਆ ਹੋਇਆ ਤੇ ਹੁਣ ਲੁਧਿਆਣੇ ਬੀ. ਐੱਡ. ਕਰਦਾ ਸੀ। ਉਹ ਕਹਿੰਦਾ ਹੁੰਦਾ ਡੀ. ਪੀ. ਈ. ਤਾਂ ਕਾਲਜ ਵਿਚ ਹੈੱਡ ਪੀਅਨ ਹੁੰਦਾ ਹੈ। ਏਸੇ ਕਰਕੇ ਉਹ ਬੀ. ਐੱਡ. ਦਾ ਕੋਰਸ ਕਰਨ ਚਲਿਆ ਗਿਆ ਸੀ। ਭਾਵੇਂ ਬੀ. ਐੱਡ. ਵਿਚ ਵਸਾਖੀ ਵਾਲੇ ਪਿੰਡ ਹੀ ਦਾਖ਼ਲ ਹੋ ਜਾਂਦਾ ਪਰ ਉਹ ਸੰਗਦਾ ਲੁਧਿਆਣੇ ਜਾ ਦਾਖ਼ਲ ਹੋਇਆ ਸੀ। ਆਪਣੇ ਸਾਥੀ ਪ੍ਰੋਫੈਸਰਾਂ ਦਾ ਉੱਥੇ ਰਹਿ ਕੇ ਉਹ ਕਿੰਨਾ ਕੁ ਆਗਿਆਕਾਰੀ ਹੁੰਦਾ? ਕਰਨੈਲ ਨੇ ਆਪਣੀ ਚੜ੍ਹਦੀ ਜਵਾਨੀ ਵਿਚ ਫ਼ਰੀਦਕੋਟ ਇਕ ਜੱਟਾਂ ਦੀ ਕੁੜੀ ਨੂੰ ਪਿਆਰ ਕੀਤਾ ਸੀ। ਦੋਵਾਂ ਦਾ ਪਿਆਰ ਬੇਅੰਤ ਸੀ। ਕਰਨੈਲ ਖੱਤਰੀਆਂ ਦਾ ਮੁੰਡਾ ਸੀ। ਜਿੱਦਣ ਉਸ ਕੁੜੀ ਨੂੰ ਪਤਾ ਲੱਗਿਆ, ਉਹ ਉਸੇ ਦਿਨ ਕਰਨੈਲ ਨੂੰ ਸਦਾ ਲਈ ਛੱਡ ਗਈ।

ਹੁਣ ਕਰਨੈਲ ਸਿੰਘ ਲੁਧਿਆਣੇ ਇੱਕ ਹੋਰ ਕੁੜੀ ਨੂੰ ਪਿਆਰ ਕਰਦਾ ਸੀ, ਜਿਹੜੀ ਉਸ ਨਾਲ ਬੀ. ਐੱਡ. ਵਿਚ ਹੀ ਪੜ੍ਹਦੀ ਸੀ। ਕੁੜੀ ਉਹ ਦਿੱਲੀ ਦੇ ਰਹਿਣ ਵਾਲੀ ਸੀ। ਸ਼ਸ਼ੀ ਕਾਂਤਾ ਨਾਉਂ ਤੇ ਕਰਨੈਲ ਸਿੰਘ ਦਾ ਸਭ ਕੁਝ ਉਸ ਕੁੜੀ ਨੈ ਮੋਹ ਲਿਆ ਸੀ। ਉਹ ਖ਼ਰਚ ਕਰਦਾ ਸੀ ਉਸ ਕੁੜੀ 'ਤੇ ਬੇਥਾਹ। ਨੰਗ ਹੋ ਗਿਆ ਸੀ ਤੇ ਅੱਜ ਮਦਨ ਮੋਹਨ ਤੋਂ ਦੋ ਸੌ ਰੁਪਿਆ ਹੱਥ ਉਧਾਰ ਫੜਨ ਆਇਆ ਸੀ।

ਰਾਤ ਨੂੰ ਤਿੰਨਾਂ ਨੇ ਸ਼ਰਾਬ ਪੀਤੀ ਤੇ ਉਲਟ ਸੁਲਟ ਗੱਲਾਂ ਕਰਕੇ ਸੌਂ ਗਏ। ਕਰਨੈਲ ਸਿੰਘ ਓਦਣ ਉਨ੍ਹਾਂ ਵਿਚ ਮੱਲੋ ਮੱਲੀ ਆ ਫਸਿਆ ਸੀ। ਨਾ ਉਹ ਨੂੰ ਇਕਬਾਲ ਦਾ ਪਤਾ ਸੀ, ਨਾ ਕ੍ਰਿਸ਼ਨਾ ਦਾ।

ਨਿਰਮਲ ਸਿੰਘ ਨੂੰ ਬੱਸ ਚੜ੍ਹਾਉਣ ਜਦ ਮਦਨ ਮੋਹਨ ਆਇਆ ਤਾਂ ਨਿਰਮਲ ਸਿੰਘ ਨੇ ਪੂਰਾ ਗੰਭੀਰ ਹੋ ਕੇ ਉਸ ਦਾ ਮੋਢਾ ਝੰਜੋੜਿਆ-'ਮਦਨ। ਤੇਰਾ ਤੇ ਮੇਰਾ ਲੋਕਾਂ ਵਿਚ ਸਤਿਕਾਰ ਬਹੁਤ ਐ। ਇਨ੍ਹਾਂ ਛੋਕਰੀਆਂ ਦੇ ਮਗਰ ਲੱਗ ਕੇ ਕਿਤੇ ਆਪਣੀ ਪੱਟੀ ਮੇਸ ਨਾ ਹੋ ਜੇ। ਕੁੜੀ ਦੇ ਪਿਆਰ ਨਾਲੋਂ ਇੱਜ਼ਤ ਦੀ ਗੱਲ ਸਾਹਮਣੇ ਰੱਖੀਂ। ਦੇਖੀਂ ਕਿਤੇ ਬਦਨਾਮ ਨਾ ਹੋ ਜੀ। ਮੈਂ ਤਾਂ ਇਨ੍ਹਾਂ ਕੁੜੀਆਂ ਦੇ ਛਿਨ ਭੰਗਰ ਇਸ਼ਕ 'ਤੇ ਧਾਰ ਵੀ ਨੀ ਮਾਰਦਾ, ਜੇ ਵਕਾਰ ਖ਼ਤਰੇ 'ਚ ਪੈਂਦਾ ਹੋਵੇ।'

ਕਈ ਦਿਨਾਂ ਬਾਅਦ ਮਦਨ ਮੋਹਨ ਦੀ ਇੱਕ ਚਿੱਠੀ ਨਿਰਮਲ ਸਿੰਘ ਨੂੰ ਆਈ, ਜਿਸ ਵਿਚ ਲਿਖਿਆ ਸੀ ਕਿ 'ਮੇਰੀਆਂ ਪਿਆਰ ਪੀਂਘਾਂ ਇਕਬਾਲ ਨਾਲ ਬਹੁਤ ਚੜ੍ਹ

ਵਸਾਖੀ ਵਾਲਾ ਪਿੰਡ

133