ਪ੍ਰੋ: ਨਿਰਮਲ ਸਿੰਘ ਸੋਚਦਾ ਸੀ-"ਕਿੱਥੋਂ ਸਿਆਪਾ ਖੜ੍ਹਾ ਕਰ ਲਿਆ।' ਪ੍ਰੋ: ਮਦਨ ਮੋਹਨ ਵਿਚਾਰ ਕਰਦਾ ਸੀ-'ਇਕਬਾਲ ਨਾਲ ਇਸ਼ਕ ਨਿਭਾਉਣਾ ਤਾਂ ਪੂਰੈ, ਪਰ ਬਦਨਾਮੀ ਜੇ ਹੋਗੀ ਤਾਂ ਮਰ ਜਾਵਾਂਗੇ।' ਇਕਬਾਲ ਦ੍ਰਿੜ੍ਹ ਸੀ। ਚਾਹੁੰਦੀ ਸੀ ਕਿ ਗੱਲ ਨਿਭਦੀ ਰਹੇ, ਪਰ ਪੂਰੀ ਡਰੀ ਹੋਈ ਸੀ। ਕ੍ਰਿਸ਼ਨਾ ਚੁੱਪ ਕਰਕੇ ਅੰਦਰ ਬੈਠ ਗਈ ਸੀ ਤੇ ਪੂਰੀ ਦਬਕੀ ਹੋਈ ਸੀ।
ਇਸ ਘੁੱਟੇ ਘੁੱਟੇ ਵਾਤਾਵਰਣ ਦੇ ਦਿਨਾਂ ਵਿਚ ਹੀ ਮਕੈਨਿਕ ਦੋਸਤ ਦੀ ਭੈਣ ਦਾ ਵਿਆਹ ਆ ਗਿਆ ਨਿਰਮਲ ਸਿੰਘ ਤੇ ਮਦਨ ਮੋਹਨ ਦੋਵੇਂ ਉੱਥੇ ਗਏ। ਸਾਰੀ ਗੱਲ ਉਨ੍ਹਾਂ ਨੇ ਉੱਥੋਂ ਦੇ ਘੱਗੇ ਜਿਹੇ ਬੋਲ ਵਾਲੇ ਇੱਕ ਡਰਾਈਵਰ ਕੋਲ ਕੀਤੀ। ਡਰਾਈਵਰ ਉਹ ਇਸ਼ਕ ਦੇ ਮਾਮਲੇ ਵਿਚ ਆਪਣੇ ਆਪ ਨੂੰ ਨਿਪੁੰਨ ਸਮਝਦਾ ਸੀ। ਕਿੰਨੀਆਂ ਹੀ ਤੀਵੀਂਆਂ ਉਸ ਨੇ ਲੱਤ ਥੱਲਿਓ ਦੀ ਲੰਘਾਈਆਂ ਸਨ। ਕਿੰਨੀ ਸਾਰੀ ਬਹਿਸ ਪਿੱਛੋਂ ਉਸ ਨੇ ਇੱਕੋ ਗੱਲ ਆਖੀ-'ਦੋਸਤੋ, ਪਿਆਰ ਕਰੋ, ਪਰ ਪਿਆਰ ਨੂੰ ਬਦਨਾਮ ਨਾ ਹੋਣ ਦਿਓ।'
ਕਾਲਜਾਂ ਵਿਚ ਛੁੱਟੀਆਂ ਹੋ ਗਈਆਂ। ਮਦਨ ਮੋਹਨ ਆਪਣੇ ਪਿੰਡ ਤੇ ਨਿਰਮਲ ਸਿੰਘ ਆਪਣੇ ਪਿੰਡ ਚਲਿਆ ਗਿਆ। ਨਿਰਮਲ ਸਿੰਘ ਦਾ ਪਿੰਡ ਰਾਮਪੁਰਾ ਫੂਲ ਕੋਲ ਸੀ। ਕ੍ਰਿਸ਼ਨਾ ਬਠਿੰਡੇ ਆਪਣੇ ਨਾਨਕੀਂ ਚਲੀ ਗਈ। ਇਕਬਾਲ ਵਸਾਖੀ ਵਾਲੇ ਪਿੰਡ ਹੀ ਰਹੀ।
ਮਿਲਣ ਵਾਸਤੇ ਮਦਨ ਮੋਹਨ, ਨਿਰਮਲ ਸਿੰਘ ਕੋਲ ਉਸ ਦੇ ਪਿੰਡ ਆਇਆ। ਸਾਰੀ ਰਾਤ ਉਹ ਗੱਲਾਂ ਕਰਦੇ ਰਹੇ ਕਿ ਏਸ ਇਸ਼ਕ ਨੂੰ ਕਿਸੇ ਥਾਂ ਸਿਰ ਲਾਇਆ ਜਾਵੇ। ਨਿਰਮਲ ਸਿੰਘ ਬਹੁਤ ਚਿੰਤਾਤੁਰ ਸੀ। ਮਦਨ ਮੋਹਨ ਇੰਨਾ ਨਹੀਂ ਸੀ। ਉਸ ਨੂੰ ਤਾਂ ਪੂਰਾ ਵਿਸ਼ਵਾਸ ਸੀ ਕਿ ਇਕਬਾਲ ਉਸ ਨਾਲ ਪੂਰਾ ਨਿਭੇਗੀ। ਦੂਜੇ ਦਿਨ ਕੁਦਰਤੀ ਹੀ ਕ੍ਰਿਸ਼ਨਾ ਦੀ ਚਿੱਠੀ ਡਾਕ ਵਿਚ ਆ ਗਈ, ਜਿਹੜੀ ਉਸ ਨੇ ਮੁੰਡਾ ਬਣ ਕੇ ਲਿਖੀ ਹੋਈ ਸੀ। ਉਸ ਚਿੱਠੀ ਵਿਚ ਕ੍ਰਿਸ਼ਨਾ ਨੇ ਨਿਰਮਲ ਸਿੰਘ ਨੂੰ ਬਠਿੰਡੇ ਬੁਲਾਇਆ ਸੀ ਤੇ ਕਿਹਾ ਸੀ ਕਿ ਉਹ ਉਸ ਨੂੰ ਉੱਥੇ ਆ ਕੇ ਕਿਵੇਂ ਨਾ ਕਿਵੇਂ ਚੋਰੀਓਂ ਮਿਲੇ।
ਉਹ ਵੀ ਕੁਦਰਤੀ ਦੋਵੇਂ ਇਕੱਠੇ ਹੋ ਗਏ ਸਨ। ਉਸੇ ਵੇਲੇ ਉਹ ਬਠਿੰਡੇ ਨੂੰ ਚੱਲ ਪਏ। ਦੋ ਤਿੰਨ ਘੰਟੇ ਛਿੱਤਰ ਤੁੜਾਉਣ ਤੋਂ ਬਾਅਦ ਅਖ਼ੀਰ ਇੱਕ ਗਿਆਨੀ ਜੀ ਘਰ ਮੁਲਾਕਾਤ ਦਾ ਪ੍ਰਬੰਧ ਬਣ ਗਿਆ। ਕ੍ਰਿਸ਼ਨਾ ਨਾਲ ਇੱਕ ਛੋਟਾ ਜਿਹਾ ਮੁੰਡਾ ਵੀ ਸੀ। ਮਦਨ ਮੋਹਨ ਤਾਂ ਉਸ ਮੁੰਡੇ ਨੂੰ ਪਰ੍ਹੇ ਬਹਿ ਕੇ ਅੰਗਰੇਜ਼ੀ ਪੜ੍ਹਾਉਂਦਾ ਰਿਹਾ ਤੇ ਨਿਰਮਲ ਸਿੰਘ ਕ੍ਰਿਸ਼ਨਾ ਨੂੰ ਅੰਦਰ ਕਮਰੇ ਵਿਚ ਬਿਠਾ ਕੇ ਘੁਸਰ ਮੁਸਰ ਕਰਦਾ ਰਿਹਾ।
ਨਿਰਮਲ ਸਿੰਘ ਗੱਲ ਨੂੰ ਕਿਸੇ ਰਾਹ ਪਾਉਣਾ ਚਾਹੁੰਦਾ ਸੀ, ਪਰ ਕ੍ਰਿਸ਼ਨਾ ਨੂੰ ਜਿਵੇਂ ਗੱਲਾਂ ਕਰਨ ਦਾ ਹੀ ਠਰਕ ਸੀ। ਆਪਣੀ ਗੱਲ ਨਾਲੋਂ ਉਹ ਇਕਬਾਲ ਦੀ ਗੱਲ ਬਹੁਤੀ ਕਰਦੀ ਸੀ। ਨਿਰਮਲ ਸਿੰਘ ਨੂੰ ਸਮਝ ਨਹੀਂ ਸੀ ਆਉਂਦੀ ਕਿ ਇਹ ਕਿਸ ਕਿਸਮ ਦੀ ਕੁੜੀ ਹੈ। ਅਖ਼ੀਰ ਨਿਰਮਲ ਸਿੰਘ ਨੇ ਕ੍ਰਿਸ਼ਨਾ ਨੂੰ ਕਿਹਾ ਕਿ ਪਿਆਰ ਵਿਚ ਲਿੰਗ ਸਬੰਧ ਦਾ ਭੇਤ ਐਵੇਂ ਹਊਆ ਹੈ ਤੇ ਮੈਂ ਚਾਹੁੰਦਾ ਹਾਂ ਕਿ ਤੇਰੇ ਸਰੀਰ ਦੇ ਚੰਦਨ ਨੂੰ ਸਪਰਸ਼ ਕਰਕੇ ਦੇਖਾਂ। ਕ੍ਰਿਸ਼ਨਾ ਚੁੱਪ ਬੈਠੀ ਰਹੀ। ਨਿਰਮਲ ਸਿੰਘ ਨੇ ਕ੍ਰਿਸ਼ਨਾ ਦੀ ਬਾਂਹ
136
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ