ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/137

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫੜ ਕੇ ਉਸ ਦੇ ਹੱਥ ਦੀ ਪਿੱਠ ਨੂੰ ਚੁੰਮ ਲਿਆ। ਕ੍ਰਿਸ਼ਨਾ ਨੇ ਇਕਦਮ ਹੱਥ ਛੁਡਾ ਕੇ ਆਪਣੇ ਹੱਥ ਦੀ ਗਿੱਲੀ ਪਿੱਠ ਨਿਰਮਲ ਸਿੰਘ ਦੇ ਮੋਢੇ ਨਾਲ ਪੂੰਝ ਦਿੱਤੀ ਤੇ ਕਿਹਾ-'ਮੈਨੂੰ ਕੀ ਪਤਾ ਸੀ ਕਿ ਤੁਸੀਂ ਐਹੋ ਜੇ ਓਂ? ਇਹ ਸਰੀਰ ਤਾਂ ਕਿਸੇ ਹੋਰ ਦੀ ਇਮਾਨਤ ਐ।' ਨਿਰਮਲ ਸਿੰਘ ਨੂੰ ਲੱਗਿਆ ਜਿਵੇਂ ਉਸ ਦੇ ਚਪੇੜ ਵੱਜੀ ਹੋਵੇ।

ਕ੍ਰਿਸ਼ਨਾ ਆਪਣੇ ਮਾਮੇ ਦੇ ਪੁੱਤ ਨੂੰ ਉਂਗਲੀ ਲਾ ਕੇ ਦਬਾ ਸੱਟ ਉੱਥੋਂ ਨਿਕਲ ਗਈ। ਮਦਨ ਮੋਹਨ ਤੇ ਨਿਰਮਲ ਸਿੰਘ ਦੋਵੇਂ ਚੁੱਪ ਬੈਠੇ ਰਹੇ। ਨਿਰਮਲ ਸਿੰਘ ਦੇ ਬੁੱਲ੍ਹਾਂ 'ਤੇ ਜਲੂਣ ਹੋ ਰਹੀ ਸੀ। ਮਦਨ ਮੋਹਨ ਨਮੋਸ਼ਿਆ ਪਿਆ ਸੀ। ਵਾਪਸ ਜਾਣ ਲਈ ਉਹ ਬੱਸ ਅੱਡੇ 'ਤੇ ਆਏ। ਉੱਥੇ ਉਨ੍ਹਾਂ ਨੂੰ ਕਮਲੇਸ਼ ਨਿਰਮਲ ਦਾ ਇੱਕ ਦੋਸਤ ਮਿਲ ਗਿਆ। ਬੜਾ ਗ਼ਮਗੀਨ। ਉਹ ਵੀ ਵਸਾਖੀ ਵਾਲੇ ਪਿੰਡ ਦਾ ਰਹਿਣ ਵਾਲਾ ਸੀ ਤੇ ਅੱਜ ਬਠਿੰਡੇ ਕਿਸੇ ਕੰਮ ਆਇਆ ਸੀ। ਉਸ ਦੇ ਹੱਥ ਵਿਚ ਕਾਗਜ਼ ਸਨ ਲਿਖੇ ਹੋਏ-ਸੱਤ ਅੱਠ। ਉਹ ਸਾਰੇ ਕਾਗਜ਼ ਉਸ ਨੇ ਨਿਰਮਲ ਸਿੰਘ ਨੂੰ ਦੇ ਕੇ ਕਿਹਾ-'ਪ੍ਰੋਫੈਸਰ ਸਾਹਿਬ, ਇਹ ਸਭ ਕੁਝ ਪੜ੍ਹ ਕੇ ਇਸ 'ਤੇ ਇੱਕ ਕਵਿਤਾ ਲਿਖ ਦਿਓ-ਮੈਨੂੰ ਸ਼ਾਂਤੀ ਮਿਲ ਜਾਵੇਗੀ।'

ਉਹ ਤਾਂ ਚਲਿਆ ਗਿਆ। ਬੱਸ ਵਿਚ ਬੈਠੇ ਰਾਹ ਵਿਚ ਨਿਰਮਲ ਸਿੰਘ ਨੇ ਉਹ ਕਾਗਜ਼ ਫਰੋਲੇ। ਸਾਰੀ ਗੱਲ ਦਾ ਨਿਚੋੜ ਇਹ ਸੀ ਕਿ ਵਸਾਖੀ ਵਾਲੇ ਪਿੰਡ ਦੀ ਹੀ ਇੱਕ ਕੁੜੀ 'ਸੰਧਿਆ' ਉਸ ਨੂੰ ਪਿਆਰ ਕਰਦੀ ਸੀ। ਕਈ ਸਾਲ ਕਰਦੀ ਰਹੀ। ਉਸ ਦੀ ਬੈਠਕ ਵਿਚ ਉਹ ਨਿਸੰਗ ਆ ਜਾਂਦੀ। ਕਈ ਵਾਰ ਮਹੱਲੇ ਦੀਆਂ ਕਾਂ-ਅੱਖ ਬੁੜ੍ਹੀਆਂ ਹੱਥੋਂ ਉਹ ਫੜੇ ਵੀ ਗਏ। ਰੌਲਾ ਪੈਂਦਾ, ਫੇਰ ਮਿਟ ਜਾਂਦਾ।

ਅਖ਼ੀਰ ਉਸ ਕੁੜੀ ਦੇ ਮਾਪਿਆਂ ਨੇ ਉਸ ਦਾ ਵਿਆਹ ਕਰ ਦਿੱਤਾ। ਇਹ ਸੱਤ ਅੱਠ ਕਾਗਜ਼ ਉਸ ਕੁੜੀ ਵੱਲੋਂ ਆਖ਼ਰੀ ਚਿੱਠੀ ਸੀ, ਜਿਸ ਵਿਚ ਉਸ ਨੇ ਸਾਰੀ ਪੁਰਾਣੀ ਤਥਾ ਦੁਹਰਾਈ ਸੀ ਤੇ ਅਖ਼ੀਰ ਵਿਚ ਲਿਖਿਆ ਸੀ ਕਿ ਜੋ ਸੁਆਦ ਉਸ ਨੂੰ ਉਸ ਦੇ ਪਤੀ ਨਾਲ ਰਹਿ ਕੇ ਆਉਂਦਾ ਹੈ, ਉਹ ਉਸ ਦੇ ਨਾਲ ਕਦੇ ਵੀ ਨਹੀਂ ਆਇਆ।

ਪੰਜ ਛੀ ਮਹੀਨੇ ਲੰਘ ਗਏ। ਨਿਰਮਲ ਸਿੰਘ ਹੁਣ ਨਾ ਕਦੇ ਵਸਾਖੀ ਵਾਲੇ ਪਿੰਡ ਜਾਂਦਾ ਸੀ ਤੇ ਨਾ ਹੀ ਮਦਨ ਮੋਹਨ ਕੋਲ ਉਸ ਦੇ ਪਿੰਡ। ਮਦਨ ਮੋਹਨ ਦੀ ਚਿੱਠੀ ਉਸ ਨੂੰ ਜ਼ਰੂਰ ਆ ਜਾਂਦੀ।

ਇੱਕ ਚਿੱਠੀ ਵਿਚ ਲਿਖਿਆ ਸੀ ਕਿ ਕਰਨੈਲ ਸਿੰਘ ਡੀ. ਪੀ. ਈ. ਉਸ ਦਾ ਪੂਰਾ ਭੇਤੀ ਹੋ ਗਿਆ ਹੈ ਤੇ ਇੱਕ ਸਭ ਤੋਂ ਵੱਡਾ ਹਮਦਰਦ। ਇੱਕ ਦਿਨ ਇਕਬਾਲ ਦੇ ਘਰ ਰਾਤ ਨੂੰ ਉਸ ਨੇ ਜਾਣ ਦੀ ਸਲਾਹ ਬਣਾਈ ਤੇ ਡੀ. ਪੀ. ਈ. ਕਹਿੰਦਾ ਹੈ ਕਿ 'ਮੈਂ ਦਰਵਾਜ਼ੇ 'ਤੇ ਖੜ੍ਹਾਂਗਾ। ਜਿਹੜਾ ਸਾਲਾ ਅੰਦਰ ਵੜੂ, ਮੇਰੀ ਜਾਨ ਲੈ ਕੇ ਈ ਅੰਦਰ ਵੜੂ।'

ਦੋ ਤਿੰਨ ਮਹੀਨਿਆਂ ਬਾਅਦ ਇੱਕ ਹੋਰ ਚਿੱਠੀ ਵਿਚ ਜ਼ਿਕਰ ਸੀ ਕਿ ਬੀ. ਡੀ. ਓ. ਸੁਖਦੇਵ ਸਿੰਘ ਤੇ ਕਮਲੇਸ਼ ਵੀ ਹੁਣ ਉਸ ਦੇ ਪੂਰੇ ਸੇਵਾਦਾਰ ਬਣ ਗਏ ਸਨ। ਸੁਖਦੇਵ ਸਿੰਘ ਉਸ ਨੂੰ ਸਕੀਮਾਂ ਬਣਾ ਬਣਾ ਦਿੰਦਾ ਹੈ। ਕਮਲੇਸ਼ ਦਾ ਘਰ ਇਕਬਾਲ ਦੇ ਘਰ ਦੇ ਬਿਲਕੁਲ ਨਾਲ ਹੈ। ਕਮਲੇਸ਼ ਉਸ ਦਾ ਇੱਕ ਵਧੀਆ ਕਾਸਦ ਹੈ। ਉਸੇ ਚਿੱਠੀ ਵਿਚ ਲਿਖਿਆ ਸੀ ਕਿ ਅੱਧੀ ਰਾਤ ਉਹ ਇਕਬਾਲ ਦੇ ਘਰ ਕਮਲੇਸ਼ ਦੇ ਘਰੋਂ ਪੌੜੀ ਲਾ

ਵਸਾਖੀ ਵਾਲਾ ਪਿੰਡ

137