ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/140

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਪੰਜਾਬ ਦਾ ਹੀ। ਰੇਲਵੇ ਕੁਆਟਰਾਂ ਵਿਚ ਉਹ ਨਾਲ ਨਾਲ ਰਹਿੰਦੇ ਸਨ। ਰੇਸ਼ਮ ਚਾਰ ਸਾਲ ਦਾ ਸੀ, ਜਦੋਂ ਉਹ ਦੀ ਮਾਂ ਮਰ ਗਈ। ਰੇਸ਼ਮ ਦੇ ਪਿਤਾ ਨੇ ਹੋਰ ਵਿਆਹ ਕਰਵਾ ਲਿਆ। ਫੇਰ ਉਹ ਦੀ ਏਥੋਂ ਬਦਲੀ ਹੋ ਗਈ ਸੀ, ਪਰ ਰੇਸ਼ਮ ਆਤਮਾ ਦੇਵੀ ਕੋਲ ਰਹਿ ਗਿਆ। ਆਪਣੇ ਪਿਤਾ ਤੇ ਮਤਰੇਈ ਮਾਂ ਨਾਲ ਗਿਆ ਹੀ ਨਹੀਂ। ਉਹ ਉਹ ਨੂੰ ਬਾਹੋਂ ਫੜ ਕੇ ਘੜੀਸ ਰਹੇ ਸਨ। ਪਰ ਉਹ ਜ਼ਮੀਨ 'ਤੇ ਲਿਟ ਗਿਆ, ਉੱਚੀ ਉੱਚੀ ਬੋਲਣ ਲੱਗਿਆ, ਅੱਖਾਂ ਵਿਚ ਲਹੂ ਦੇ ਹੰਝੂ ਵਗ ਰਹੇ ਸਨ। ਬੱਸ ਉਦੋਂ ਤੋਂ ਉਹ ਆਤਮਾ ਦੇਵੀ ਕੋਲ ਹੈ।

ਆਤਮਾ ਦੇਵੀ ਦਾ ਪਤੀ ਰਿਟਾਇਰ ਹੋਣ ਬਾਅਦ ਦੋ ਸਾਲ ਜਿਉਂਦਾ ਰਿਹਾ। ਰਿਟਾਇਰ ਹੋਣ ਤੋਂ ਚਾਰ ਸਾਲ ਪਹਿਲਾਂ ਉਹ ਨੇ ਏਥੇ ਨਵਾਂ ਪਲਾਟ ਲੈ ਕੇ ਮਕਾਨ ਬਣਾ ਲਿਆ ਸੀ। ਉਹ ਕਹਿੰਦਾ ਹੁੰਦਾ-ਜਦੋਂ ਸਾਰੀ ਉਮਰ ਤਾਂ ਇਸ ਸ਼ਹਿਰ ਵਿਚ ਕੱਢ ਦਿੱਤੀ, ਹੁਣ ਹਰਿਆਣੇ ਜਾ ਕੇ ਕੀ ਕਰਨਾ ਹੈ। ਇਸ ਸ਼ਹਿਰ ਦੇ ਲੋਕ ਹੀ ਹੁਣ ਉਹ ਦੇ ਸੰਗੀ ਸਾਥੀ ਹਨ। ਰਿਸ਼ਤੇਦਾਰਾਂ ਵਰਗੇ ਦੋਸਤ ਹਨ ਏਥੋਂ ਦੇ ਲੋਕ ਤਾਂ।

ਵਧੀਆ ਖੁੱਲ੍ਹਾ ਚੌੜਾ ਮਕਾਨ ਹੈ। ਤਿੰਨ ਵੱਡੇ ਕਮਰੇ, ਵਿਹੜੇ ਵਿਚ ਰਸੋਈ, ਸਟੋਰ, ਲੈਟਰਿਨ ਤੇ ਗੁਸਲਖ਼ਾਨਾ। ਤਿੰਨ ਕਮਰਿਆਂ ਦੇ ਅੱਗੇ ਇੱਕ ਲੰਮਾ ਵਰਾਂਡਾ। ਰਿਟਾਇਰ ਹੋਣ ਤੋਂ ਦੋ ਸਾਲ ਪਹਿਲਾਂ ਏਸ ਮਕਾਨ ਵਿਚ ਵੱਡੀ ਕੁੜੀ ਸ਼ਿਮਲਾ ਦਾ ਵਿਆਹ ਕੀਤਾ। ਪਰ ਉਹ ਨੂੰ ਪਤਾ ਨਹੀਂ ਕਾਹਦਾ ਗ਼ਮ ਖਾ ਗਿਆ। ਰਿਟਾਇਰ ਹੋ ਜਾਣ ਦਾ ਜਾਂ ਸ਼ਾਇਦ ਸ਼ਿਮਲਾ ਦਾ।

ਸ਼ਿਮਲਾ ਦੇ ਸਹੁਰੇ ਦਾ ਹੋਟਲ ਸੀ। ਬਹੁਤ ਆਮਦਨ ਸੀ। ਉਹ ਦੇ ਦੋ ਮੁੰਡੇ ਸਨ। ਵੱਡਾ ਤਾਂ ਹੋਟਲ 'ਤੇ ਹੀ ਬੈਠਦਾ। ਛੋਟਾ ਬੀ. ਏ. ਵਿਚ ਪੜ੍ਹਦਾ ਸੀ। ਏਧਰ ਸ਼ਿਮਲਾ ਬੀ. ਏ ਕਰ ਚੁੱਕੀ ਸੀ। ਬੱਸ ਸੰਜੋਗ ਭਿੜ ਗਏ। ਸ਼ਿਮਲਾ ਦਾ ਸਹੁਰਾ ਉਦੋਂ ਤਾਂ ਕਹਿੰਦਾ ਸੀ, ਉਹ ਆਪਣੇ ਮੁੰਡੇ ਨੂੰ ਪੜ੍ਹਾ ਕੇ ਕੋਈ ਅਫ਼ਸਰ ਬਣਾਏਗਾ। ਪਰ ਉਹ ਨੂੰ ਖ਼ੁਦ ਪਤਾ ਸੀ ਕਿ ਮੁੰਡਾ ਕਾਲਜ ਘਟ ਜਾਂਦਾ ਹੈ ਤੇ ਆਵਾਰਾਗਰਦੀ ਬਹੁਤੀ ਕਰਦਾ ਹੈ। ਅਫ਼ਸਰ ਤਾਂ ਕੀ, ਉਹ ਘਰ ਦੇ ਕੰਮ ਵਿਚ ਵੀ ਸ਼ਾਇਦ ਹੀ ਟਿਕ ਸਕੇ। ਮਾਂ ਨੇ ਉਹ ਨੂੰ ਵਿਆਹ ਲਿਆ। ਸੋਚਦੀ ਹੋਵੇਗੀ, ਬਹੂ ਘਰੇ ਆ ਗਈ ਤਾਂ ਉਹ ਸੁਧਰ ਜਾਏਗਾ। ਸ਼ਾਇਦ ਬਿਗਾਨੀ ਧੀ ਹੀ ਆਖੇ ਲਾ ਲਵੇ। ਹੋਰ ਨਹੀਂ ਤਾਂ ਹੋਟਲ ਦਾ ਕੰਮ ਹੀ ਸੰਭਾਲੇਗਾ। ਵੱਡਾ ਮੁੰਡਾ ਵੀ ਤਾਂ ਕਰਦਾ ਹੈ ਤੇ ਬਾਪ ਵਾਂਗ ਕਮਾਈ ਵੱਲ ਹੀ ਧਿਆਨ ਹੈ।

ਸ਼ਿਮਲਾ ਦੇ ਬਾਪ ਨੇ ਪਹਿਲੇ ਦਿਨਾਂ ਵਿਚ ਹੀ ਉਹਦਾ ਤੱਤ ਕੱਢ ਲਿਆ ਸੀ ਕਿ ਉਹ ਵਿਗੜਿਆ ਹੋਇਆ ਮੁੰਡਾ ਹੈ। ਆਪਣੇ ਬਾਪ ਦਾ ਘਰ ਤਾਂ ਖਰਾਬ ਕਰ ਹੀ ਰਿਹਾ ਹੈ, ਕਿਸੇ ਦਿਨ ਉਹਦਾ ਘਰ ਵੀ ਵੇਚ ਕੇ ਖਾ ਜਾਏਗਾ। ਹਰਾਮਜ਼ਾਦੇ ਦੀ ਟੌਰ ਤਾਂ ਦੇਖੋ ਕੋਈ, ਜਿਵੇਂ ਕੋਈ ਨਵਾਬ ਦਾ ਪੁੱਤ ਹੋਵੇ। ਪੈਂਟ ਦੀਆਂ ਜੇਬਾਂ ਵਿਚ ਰੁਮਾਲ, ਇੱਕ ਮੂੰਹ ਪੂੰਝਣ ਲਈ ਇੱਕ ਬੂਟ ਪੂੰਝਣ ਲਈ। ਘਰ ਵਿਚ ਮੇਜ਼ ਕੁਰਸੀ ਲਾ ਕੇ ਸ਼ਰਾਬ ਪੀਂਦਾ ਹੈ। ਨਿੱਕੀ ਜਿਹੀ ਗੱਲ 'ਤੇ ਵਿਗੜ ਉੱਠੇਗਾ ਪਲੇਟਾਂ ਕੌਲੀਆਂ ਵਿਹੜੇ ਵਿਚ ਵਗਾਹ ਮਾਰਦਾ ਹੈ। ਜੁਆਈ ਹੈ ਮਾਂਚੋ...ਨਹੀਂ ਤਾਂ ਅਜਿਹੇ ਸੂਰ 'ਤੇ ਗੋਲੀ ਠੰਡੀ ਕਰ ਦੇਵੇ ਅਗਲਾ। ਉੱਥੇ ਕੁੜੀ ਨੂੰ ਦੁਖੀ ਰੱਖਦਾ ਹੈ, ਏਥੇ ਕੁੜੀ ਦੀ ਮਾਂ ਨੂੰ। ਕਿਵੇਂ ਹੱਥ ਬੰਨ੍ਹੀ ਖੜ੍ਹੀ

140

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ