ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/142

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਤਮਾ ਦੇਵੀ ਗੁੰਮ ਸੁੰਮ ਬੈਠੀ ਹੋਈ ਹੈ। ਉਹਨੂੰ ਸ਼ਿਮਲਾ ਦੀ ਕੋਈ ਆਵਾਜ਼ ਨਹੀਂ ਸੁਣਦੀ।

ਖ਼ਾਸੀ ਦੇਰ ਬਾਅਦ ਰੇਸ਼ਮ ਬਾਹਰੋਂ ਕਿਧਰੋਂ ਆਇਆ ਹੈ। ਸਾਈਕਲ ਨੂੰ ਟਿਕਾਣੇ 'ਤੇ ਖੜ੍ਹਾ ਕਰਕੇ ਆਤਮਾ ਦੇਵੀ ਦੇ ਗੋਡੇ ਮੁੱਢ ਆ ਬੈਠਾ ਹੈ। ਕਹਿੰਦਾ ਹੈ-"ਰੋਟੀ ਖਾ ਚੁੱਕੇ ਮੰਮੀ, ਤੁਸੀਂ?"

ਆਤਮਾ ਦੇਵੀ ਦਾ ਜਵਾਬ ਉਡੀਕੇ ਬਗ਼ੈਰ ਉਹ ਨੇ ਰਸੋਈ ਖੋਲ੍ਹੀ ਹੈ। ਉਹ ਇਸ ਤਰ੍ਹਾਂ ਹੀ ਕਰਿਆ ਕਰਦਾ ਹੈ। ਭੁੱਖ ਲੱਗੀ ਹੋਵੇ ਤਾਂ ਕਿਸੇ ਨੂੰ ਉਡੀਕਦਾ ਨਹੀਂ। ਖ਼ੁਦ ਹੀ ਕੌਲੀ ਵਿਚ ਸਬਜ਼ੀ ਦੀਆਂ ਦੋ ਕੜਛੀਆਂ ਪਾਵੇਗਾ ਤੇ ਹੱਥ ਵਿਚ ਰੋਟੀਆਂ ਫੜ ਕੇ ਬੈਠ ਜਾਵੇਗਾ। ਫੇਰ ਵਿਚ ਦੀ ਬਿਮਲਾ ਨੂੰ ਹਾਕ ਮਾਰੇਗਾ-"ਬਿਮਲ...!" ਬਿਮਲਾ ਨੂੰ ਪਤਾ ਹੁੰਦਾ ਹੈ ਕਿ ਉਹ ਕਿਉਂ ਉਹਨੂੰ ਬੁਲਾ ਰਿਹਾ ਹੈ। ਉਹ ਅੱਗੋਂ ਹੋਰ ਉੱਚਾ ਬੋਲੇਗੀ-"ਮੰਮੀ... ਪਾਣੀ ਦੇ ਦੇ ਇਹਨੂੰ।"

ਆਤਮਾ ਦੇਵੀ ਖਿਝੇਗੀ-"ਰੋਟੀ ਲੈ ਕੇ ਬੈਠੈਂ, ਤਾਂ ਪਾਣੀ ਲੈਂਦੇ ਨੂੰ ਕੀ ਭਾਰ ਲੱਗਦਾ ਸੀ ਕੋਈ?"

"ਮੰਮੀ ਪਲੀਜ਼। ਉਹ ਫ਼ਿਲਮੀ ਨਖ਼ਰਾ ਕਰੇਗਾ।

ਆਤਮਾ ਦੇਵੀ ਪਾਣੀ ਦੇ ਗਲਾਸ ਨਾਲ ਇੱਕ ਰੋਟੀ ਵੀ ਹੋਰ ਲਿਆ ਦਿੰਦੀ ਹੈ। ਉਹ ਨੂੰ ਪਤਾ ਹੈ, ਉਹ ਦੀ ਭੁੱਖ ਦੋ ਰੋਟੀਆਂ ਨਾਲੋਂ ਵੱਧ ਹੈ। ਸਟੋਵ ਕੋਲ ਬੈਠ ਕੇ ਤੱਤੀ ਤੱਤੀ ਰੋਟੀ ਖਾ ਜਾਵੇਗਾ।

ਸੱਖਣੀ ਰਸੋਈ ਦੇਖ ਕੇ ਰੇਸ਼ਮ ਵਾਪਸ ਆਤਮਾ ਦੇਵੀ ਕੋਲ ਆ ਜਾਂਦਾ ਹੈ। ਉਹ ਪਹਿਲਾਂ ਰੋਂਦੀ ਹੈ, ਫੇਰ ਅੱਖਾਂ ਪੂੰਝ ਕੇ ਰੇਸ਼ਮ ਦੇ ਹੱਥ ਆਪਣੇ ਹੱਥਾਂ ਵਿਚ ਲੈ ਲੈਂਦੀ ਹੈ। ਉਹ ਹੈਰਾਨੀ ਭਰਿਆ ਹਾਸਾ ਹੱਸਦਾ ਹੈ। ਫੇਰ ਉਹ ਬਿਮਲਾ ਨੂੰ ਹਾਕ ਮਾਰਦੀ ਹੈ। ਮਾਂ ਦੀ ਫਟੀ ਫਟੀ ਆਵਾਜ਼ ਸੁਣ ਕੇ ਉਹ ਭੱਜ ਕੇ ਉਹਦੇ ਕੋਲ ਆਉਂਦੀ ਹੈ। ਮਾਂ ਦੇ ਹੱਥ ਵਿਚ ਰੇਸ਼ਮ ਦਾ ਹੱਥ ਦੇਖ ਕੇ ਹੈਰਾਨ ਹੁੰਦੀ ਹੈ। ਦੂਜੇ ਹੱਥ ਨਾਲ ਬਿਮਲਾ ਦਾ ਹੱਥ ਫੜ ਕੇ ਮਾਂ ਨੇ ਉਹਨੂੰ ਆਪਣੇ ਕੋਲ ਬਿਠਾ ਲਿਆ ਹੈ। ਬਿਮਲਾ ਤੇ ਰੇਸ਼ਮ ਮੁਸਕਰਾ ਰਹੇ ਹਨ। ਪਰ ਬੜੇ ਹੈਰਾਨ ਹਨ, ਜਿਵੇਂ ਮਾਂ ਨੂੰ ਕੋਈ ਪਾਗਲਪਨ ਚੜ੍ਹ ਰਿਹਾ ਹੋਵੇ।

"ਬਾਮ੍ਹਣ ਦਾ ਪੁੱਤ ਕੀ ਕੋਈ ਫੂਕਣੈ ਮੈਂ?' ਪਹਿਲੇ ਨੇ ਕਿਹੜੇ ਪੰਘੂੜੇ ਝੂਟਾ ਤੇ ਮੈਨੂੰ। ਸੂਲੀ 'ਤੇ ਟੰਗ ਰੱਖਿਐ ਮੇਰੀ ਧੀ ਨੂੰ। ਤਪਾ ਛੱਡੀ ਆਂ ਮੈਂ ਤਾਂ। ਮੈਨੂੰ ਤਾਂ ਪੁੱਤ ਤੂੰ ਚੰਗਾ।" ਆਤਮਾ ਦੇਵੀ ਨੇ ਬਿਮਲਾ ਦਾ ਹੱਥ ਰੇਸ਼ਮ ਦੇ ਹੱਥ ਵਿਚ ਦੇ ਦਿੱਤਾ ਹੈ।

ਹੁਣ ਬਿਮਲਾ ਤੇ ਰੇਸ਼ਮ ਦੀਆਂ ਅੱਖਾਂ ਵਿਚ ਪਾਣੀ ਹੈ, ਪਰ ਇਨ੍ਹਾਂ ਹੰਝੂਆਂ ਦਾ ਹੋਰ ਰੰਗ ਹੈ।  ਤੇ ਫੇਰ ਅੱਧੀ ਰਾਤ ਤੱਕ ਬੈਠੇ ਤਿੰਨੇ ਗੱਲਾਂ ਕਰਦੇ ਰਹਿੰਦੇ ਹਨ। ਭਵਿੱਖ ਦੀਆਂ ਯੋਜਨਾਵਾਂ ਦਾ ਕੋਈ ਅੰਤ ਸ਼ੁਮਾਰ ਨਹੀਂ। ਰੋਟੀ ਪੱਕੀ ਤਾਂ ਹੈ, ਪਰ ਖੁਸ਼ੀ ਐਨੀ ਕਿ ਉਹ ਤਿੰਨੇ ਹੀ ਥੋੜ੍ਹੀ ਥੋੜ੍ਹੀ ਖਾ ਸਕੇ ਹਨ।

ਰੇਸ਼ਮ ਨਾਈਆਂ ਦਾ ਮੁੰਡਾ ਹੈ। ♦

142

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ