ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/147

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਲ ਛੇ ਮਹੀਨੇ ਬਾਅਦ ਕਦੇ ਛੁੱਟੀ ਆਉਂਦਾ। ਉਹਦਾ ਇੱਕ ਛੋਟਾ ਭਰਾ ਵੀ ਸੀ, ਉਹ ਸਕੂਲ ਜਾਂਦਾ। ਉਹ ਆਪ ਬੀ. ਏ. ਦਾ ਸਟੂਡੈਂਟ ਸੀ। ਜਗਦੇਵ ਉੱਥੋਂ ਦੇ ਹੀ ਕਾਲਜ ਵਿਚ ਅੰਗਰੇਜ਼ੀ ਦਾ ਲੈਕਚਰਾਰ ਸੀ। ਗੁਆਂਢ ਮੱਥਾ ਹੋਣ ਕਰਕੇ ਉਹ ਉਹਦੇ ਕੋਲ ਕਦੇ ਕਦੇ ਅੰਗਰੇਜ਼ੀ ਪੜ੍ਹਨ ਚਲੀ ਜਾਂਦੀ। ਬੱਸ ਉੱਥੋਂ ਹੀ ਵਿਗੜੀ ਕਹਾਣੀ।

ਜਗਦੇਵ ਮੇਰਾ ਕਾਲਜ ਵੇਲੇ ਤੱਕ ਦਾ ਮਿੱਤਰ ਸੀ। ਅਸੀਂ ਸਕੂਲ ਤੋਂ ਲੈ ਕੇ ਬੀ. ਏ. ਤੱਕ ਇਕੱਠੇ ਪੜ੍ਹੇ ਸਾਂ। ਹੋਸਟਲ ਵਿਚ ਰਹਿੰਦੇ ਹੁੰਦੇ। ਮੈਂ ਬੀ. ਏ. ਕਰਕੇ ਘਰ ਆ ਗਿਆ ਸੀ। ਕੋਈ ਟ੍ਰੇਨਿੰਗ ਆਦਿ ਨਹੀਂ ਕੀਤੀ ਸੀ। ਉਂਝ ਕੋਈ ਨੌਕਰੀ ਮਿਲੀ ਨਾ। ਘਰ ਦੀ ਜ਼ਮੀਨ ਸੀ। ਬਾਪੂ ਖੇਤੀ ਦਾ ਕੰਮ ਕਰਦਾ। ਮੈਂ ਬਾਪੂ ਨਾਲ ਹੀ ਹੋ ਲਿਆ। ਉਹ ਖੇਤੀ ਛੱਡਣ ਨੂੰ ਫਿਰਦਾ ਸੀ। ਚਾਹੁੰਦਾ ਸੀ, ਮੈਂ ਕੋਈ ਅਫ਼ਸਰ ਬਣ ਜਾਵਾਂ। ਇਕੱਲਾ ਪੁੱਤ ਸੀ। ਦੋ ਤਿੰਨ ਡੰਡਿਆਂ ਵਰਗੇ ਜੁਆਕ ਹੋਣ, ਅਣਘੜ ਜਿਹੇ। ਬਾਕੀ ਜੱਗ ਦੀ ਕੋਈ ਸੁਰਤ ਨਾ ਹੋਵੇ ਉਨ੍ਹਾਂ ਨੂੰ। ਬਾਪੂ ਦਾ ਯਕੀਨ ਸੀ, ਖੇਤੀ ਦਾ ਕੰਮ ਇਕੱਲੇ ਅਕਹਿਰੇ ਬੰਦੇ ਦੇ ਕਰਨ ਦਾ ਨਹੀਂ, ਪਰ ਮੈਂ ਟਰੈਕਟਰ ਲੈ ਲਿਆ। ਫੇਰ ਬੋਰ ਕਰਕੇ ਖੇਤ ਵਿਚ ਇੰਜਣ ਲਾ ਲਿਆ। ਜ਼ਮੀਨ ਇੱਕ ਥਾਂ ਇਕੱਠੀ ਸੀ। ਇੱਕ ਸੀਰੀ ਰੱਖਦਾ, ਇੱਕ ਨੌਕਰ। ਖੇਤੀ ਦੀ ਬੰਬ ਬੁਲਾ ਦਿੱਤੀ। ਬਾਪੂ ਨੇ ਐਨੇ ਦਾਣੇ ਕਦੇ ਦੇਖੇ ਵੀ ਨਹੀਂ ਸੀ। ਫੇਰ ਉਹ ਆਖਦਾ ਹੁੰਦਾ 'ਕੱਲਾ ਮੁੰਡਾ ਸੀ, ਭਾਈ। ਇਹ ਨੌਕਰੀ 'ਤੇ ਜਾਂਦਾ ਤਾਂ ਜਿਮੀਂ ਕੌਣ ਸਾਂਭਦਾ। ਖੇਤੀ ਖ਼ਸਮਾਂ ਸੇਤੀ।'

ਚਾਹੇ ਮੈਂ ਖੇਤੀ ਦੇ ਕੰਮ ਵਿਚ ਬਹੁਤ ਰੁੱਝਿਆ ਰਹਿੰਦਾ, ਸਿਰ ਖੁਰਕਣ ਦੀ ਵਿਹਲ ਨਹੀਂ ਸੀ, ਪਰ ਜਦੋਂ ਕਦੇ ਕੋਈ ਪੁਰਾਣਾ ਯਾਰ ਮਿੱਤਰ ਘਰ ਆ ਜਾਂਦਾ ਤਾਂ ਹਥਲਾ ਕੰਮ ਛੱਡ ਕੇ ਉਹਦੇ ਕੋਲ ਬੈਠਦਾ, ਉਹ ਦੀ ਪੂਰੀ ਟਹਿਲ ਸੇਵਾ ਕਰਦਾ। ਪਿਛਲੇ ਸਮੇਂ ਦੀਆਂ ਊਟ ਪਟਾਂਗ ਗੱਲਾਂ ਮਾਰਦਾ। ਸ਼ਹਿਰ ਕਿਸੇ ਨੇ ਮਿਲ ਜਾਣਾ ਤੇ ਉਹਦੇ ਨਾਲ ਓਧਰ ਕਿਧਰੇ ਹੀ ਤੁਰ ਪੈਂਦਾ। ਯਾਰਾਂ ਮਿੱਤਰਾਂ ਨਾਲ ਰਲ ਕੇ ਆਵਾਰਗਰਦੀ ਕਰਨ ਦਾ ਇੱਕ ਵੱਖਰਾ ਹੀ ਨਸ਼ਾ ਹੁੰਦਾ ਹੈ, ਇੱਕ ਅਕਹਿ ਸੁਆਦ। ਜਗਦੇਵ ਉਨ੍ਹਾਂ ਯਾਰਾਂ ਵਿਚੋਂ ਇੱਕ ਸੀ, ਜੀਹਦੇ ਨਾਲ ਉੱਠ ਕੇ ਕਿਧਰੇ ਵੀ ਮੈਂ ਤੁਰ ਸਕਦਾ ਸੀ। ਇੱਕ ਮਿੱਤਰ ਸਾਡਾ ਹੋਰ ਸੀ, ਦੀਸਾ। ਜਗਦੀਸ ਬਾਣੀਆਂ ਦਾ ਮੁੰਡਾ ਸੀ। ਉਹ ਨੇ ਸਾਡੇ ਨਾਲ ਦਸਵੀਂ ਪਾਸ ਕੀਤੀ ਸੀ। ਉਹ ਕਾਲਜ ਨਹੀਂ ਗਿਆ ਸੀ। ਦਸਵੀਂ ਤੋਂ ਬਾਅਦ ਪਟਵਾਰ ਦਾ ਕੋਰਸ ਕੀਤਾ ਤੇ ਮਾਲ ਪਟਵਾਰੀ ਬਣ ਗਿਆ। ਜੱਟਾਂ ਤੋਂ ਅੰਨ੍ਹਾਂ ਪੈਸਾ ਵੱਢਦਾ। ਜ਼ਮੀਨ ਖਰੀਦ ਲਈ ਤੇ ਫੇਰ ਸ਼ਹਿਰ ਵਿਚ ਵਧੀਆ ਕੋਠੀ ਪਾਈ। ਉਹ ਯਾਰਾਂ ਦਾ ਯਾਰ ਸੀ। ਖ਼ਰਚ ਨੂੰ ਖੁੱਲ੍ਹਾ। ਆਵਾਰਾਗਰਦੀ ਦੇ ਮਾਮਲੇ ਵਿਚ ਸਭ ਦਾ ਉਤਲਾ ਪੱਟ।

ਸ਼ੰਕੁਤਲਾ ਦੀਆਂ ਗੱਲਾਂ ਤੁਰੀਆਂ ਹੀ ਸਨ ਕਿ ਪਿੱਛੋਂ ਦੀ ਮੇਰੇ ਮੌਰਾਂ 'ਤੇ ਜ਼ੋਰ ਦਾ ਧੱਫਾ ਪਿਆ। ਮੈਂ ਤਾਂ ਡਿੱਗ ਹੀ ਪੈਣਾ ਸੀ। ਮੁੜ ਕੇ ਦੇਖਿਆ, ਜਗਦੀਸ਼ ਸੀ। ਮੈਂ ਉਹਨੂੰ ਇੱਕ ਕਰਾਰੀ ਗਾਲ਼ ਕੱਢੀ ਤੇ ਕਿਹਾ, "ਕੰਜਰ ਦਿਆ ਕਰਿਆੜ੍ਹਾ , ਮਾਰ 'ਤਾ ਸੀ ਓਏ। ਮੈਂ ਸਮਝਿਆ, ਬੱਸ ਸਟੈਂਡ ਦੇ ਸ਼ੈੱਡਾਂ ਦਾ ਕੋਈ ਗਾਡਰ ਡਿੱਗ ਪਿਆ, ਮੇਰੇ 'ਤੇ। ਹੇਖਾਂ, ਹੱਥ ਦੇਖ ਸਾਲੇ ਦੇ, ਗਿਰਝਾਂ ਜਿੱਡੇ ਜਿੱਡੇ।' ਉਹ ਨੇ ਜਗਦੇਵ ਨੂੰ ਜੱਫ਼ੀ ਪਾਈ ਤੇ ਫੇਰ ਮੇਰੇ ਨਾਲ ਹੱਥ ਮਿਲਾ ਕੇ ਕਹਿੰਦਾ 'ਕੀ ਹਾਲ ਐ, ਜਗੀਰਦਾਰਾ?'

ਉਹ ਤਿੰਨ

147