ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/148

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

'ਹਾਹੋ, ਸਾਲਿਆ, ਵੱਢੀ ਜਾਨੈਂ ਲੋਕਾਂ ਨੂੰ। ਐਤਕੀਂ ਕਣਕ ਸਾਰੀ ਗੜਿਆਂ ਨੇ ਮਾਰ 'ਤੀ, ਪਿੱਛੇ ਨਰਮੇ ਨੂੰ ਅਮਰੀਕਨ ਸੁੰਡੀ ਚੱਟ 'ਗੀ ਸੀ। ਅਖੇ ਹੱਥ ਨਾ ਪੱਲੇ, ਬਜ਼ਾਰ ਖੜ੍ਹੀ ਹੱਲੇ। ਅਜੇ ਤੈਨੂੰ ਜਗੀਰਦਾਰ ਦੀਹਨੇ ਆਂ।' ਮੈਂ ਬੋਲ ਰਿਹਾ ਸੀ।

'ਓਏ ਕੋਈ ਨ੍ਹੀ ਬਾਈ, ਰੱਬ ਭਲੀ ਕਰੂ। ਅਗਲੀ ਫ਼ਸਲ ਚੰਗੀ ਹੋਜੂ। ਦਿਲ ਨਾ ਛੱਡ। ਦੁੱਖ ਤਕਲੀਫ਼ ਸਰੀਰਾਂ ਦੇ ਨਾਲ ਈ ਹੁੰਦੀ ਐ।' ਜਗਦੀਸ਼ ਇੱਕ ਤਰ੍ਹਾਂ ਨਾਲ ਮੈਨੂੰ ਧਰਵਾਸ ਦੇ ਗਿਆ। ਅਗਲੇ ਬਿੰਦ ਉਹ ਨੇ ਜਗਦੇਵ ਵੱਲ ਰੁੱਖ ਕੀਤਾ ਤੇ ਬੋਲਿਆ, 'ਕਿਉਂ ਪੁੱਤ ਦੇਬੂ, ਕੀ ਹਾਲ ਐ ਤੇਰੀ ਕੁੰਤੀ ਦਾ? ਦਿੰਦੀ ਐ ਨਜ਼ਾਰੇ?'

ਸੰਕੁਤਲਾ ਬਾਰੇ ਹੋ ਰਹੀ ਗੱਲ ਦੀ ਗੰਭੀਰਤਾ 'ਤੇ ਜਗਦੀਸ ਨੇ ਜਿਵੇਂ ਪੋਚਾ ਫੇਰ ਦਿੱਤਾ ਹੋਵੇ।

ਉਹ ਦੇ ਮਿਜਾਜ਼ ਵਿਚ ਸ਼ੋਖ਼ੀ ਸੀ। ਜਗਦੀਸ ਦਾ ਇਹ ਸੁਭਾਓ ਸੀ, ਉਹ ਹਰ ਗੱਲ ਨੂੰ ਪੇਤਲੀ ਨਜ਼ਰ ਨਾਲ ਦੇਖਦਾ। ਗਹਿਰਾਈ ਤੱਕ ਨਹੀਂ ਜਾਂਦਾ ਸੀ। ਇੰਝ ਉਹ ਦੀ ਕੋਈ ਗੰਭੀਰ ਗੱਲ ਵੀ ਮੁਲੰਮਾ ਹੀ ਲੱਗਦੀ।

'ਤੂੰ ਸੁਣਾਅ?' ਜਗਦੇਵ ਐਨਾ ਹੀ ਬੋਲਿਆ।

'ਅੱਜ ਫੇਰ ਚਲੀਏ ਕਿਧਰੇ?' ਜਗਦੀਸ ਚਾਂਭਲਿਆ ਲੱਗਦਾ ਸੀ।

'ਲੈ ਚੱਲ, ਜਿੱਥੇ ਲਿਜਾਣੈ।' ਜਗਦੇਵ ਆਪ ਚਾਹੁੰਦਾ ਹੋਵੇਗਾ।

'ਕਿਉਂ ਗੁਰੂ?' ਜਗਦੀਸ ਮੈਨੂੰ ਮੁਖਾਤਿਬ ਹੋਇਆ।

'ਯਾਰ, ਪਿੰਡ ਜਾਣ ਦੀ ਕਾਹਲ ਐ।' ਮੈ ਕਿਹਾ। ਅਸਲ ਵਿਚ ਮੈਂ ਉਨ੍ਹਾਂ ਦਿਨਾਂ ਵਿਚ ਬੁਝਿਆ ਬੁਝਿਆ ਸੀ। ਕਣਕ ਦਾ ਪੂਰਾ ਖੇਤ ਗੜਿਆਂ ਦੀ ਮਾਰ ਹੇਠ ਆ ਗਿਆ ਸੀ। ਕਿਧਰੇ ਵੀ ਜੀਅ ਨਹੀਂ ਲੱਗ ਰਿਹਾ ਸੀ।

'ਕਿਉਂ' ਪਿੰਡ ਕੀਹ ਐ, ਪਿੰਡ ਤਾਂ ਨਿੱਤ ਰਹਿਨੈ?' ਜਗਦੀਸ਼ ਖਹਿੜਾ ਕਰਨ ਲੱਗਿਆ।

ਇੱਕ ਗੱਲੋਂ ਮੈਂ ਮਨ ਬਣਾਇਆ, ਇਹ ਸਾਲੇ ਘਰ ਦੇ ਆਰਥਕ ਰੋਣੇ ਧੋਣੇ ਤਾਂ ਮੁੱਕਣੇ ਹੀ ਨਹੀਂ ਕਿਉਂ ਨਾ ਮਿੱਤਰਾਂ ਨਾਲ ਇੱਕ ਰਾਤ ਪਾਸੇ ਕਿਧਰੇ ਕੱਟ ਕੇ ਸਭ ਕੁਝ ਭੁਲਾ ਲਿਆ ਜਾਵੇ? ਮੈਂ ਪੋਲਾ ਜਿਹਾ ਬੋਲ ਕਢਿਆ-'ਚਲੋ ਫੇਰ, ਥੋਡੀ ਸਲਾਹ ਐ, ਦੱਸੋ?'

ਕਈ ਵਰ੍ਹੇ ਪਹਿਲਾਂ ਜਦੋਂ ਇਹ ਇੰਝ ਹੀ ਤਿੰਨੇ ਕਿਧਰੇ ਬਾਹਰ ਜਾ ਕੇ ਰਾਤ ਕੱਟਦੇ ਹੁੰਦੇ ਤਾਂ ਉਹ ਜਗ੍ਹਾ ਸਾਡੀ ਆਪਣੀ ਨਹੀਂ ਹੁੰਦੀ ਸੀ। ਮਤਲਬ ਨਾ ਸਾਡਾ ਪਿੰਡ, ਨਾ ਜਗਦੇਵ ਦਾ ਘਰ ਤੇ ਨਾ ਜਗਦੀਸ਼ ਦਾ। ਜਗਦੀਸ਼ ਦੇ ਘਰ ਤਾਂ ਮਾਹੌਲ ਵੀ ਅਜਿਹਾ ਨਹੀਂ ਸੀ। ਉਹਦੀ ਲਾਲੀ ਸ਼ਰਾਬ ਦਾ ਨਾਉਂ ਸੁਣੇ ਤੋਂ ਬੇਹੋਸ਼ ਹੋ ਜਾਂਦੀ। ਉਹਦੇ 'ਤੇ ਜਗਦੀਸ਼ ਦੇ ਯਾਰਾਂ ਮਿੱਤਰਾਂ ਦਾ ਭੈੜਾ ਪ੍ਰਭਾਵ ਪੈ ਚੁੱਕਿਆ ਸੀ। ਉਹ ਸਾਡੇ ਵਿਚ ਬੈਠ ਕੇ ਉਹ ਨੂੰ ਗਾਲ੍ਹਾਂ ਕੱਢਦਾ। ਘਰ ਜਾ ਕੇ ਉਹਤੋਂ ਡਰਦਾ। ਜਗਦੀਸ਼ ਦੇ ਸਾਲੇ ਤਕੜੇ ਵਪਾਰੀ ਸਨ। ਏਸੇ ਕਰਕੇ ਲਾਲੀ ਜਗਦੀਸ਼ 'ਤੇ ਰੋਅਬ ਰੱਖਦੀ।

ਸ਼ਹਿਰ ਤੋਂ ਵੀਹ ਮੀਲ ਦੂਰ ਮੇਰੀ ਮਾਸੀ ਦਾ ਪਿੰਡ ਸੀ। ਆਖ਼ਰੀ ਬੱਸ, ਬਹੁਤ ਘੱਟ ਸਵਾਰੀਆਂ ਸਨ। ਕਦੇ ਵੇਲਾ ਸੀ, ਆਖ਼ਰੀ ਬੱਸ ਦੇ ਉੱਤੇ ਵੀ ਬੰਦੇ ਬੈਠੇ ਹੁੰਦੇ। ਅੰਦਰ ਤਿਲ ਸੁੱਟਣ ਨੂੰ ਥਾਂ ਨਾ ਰਹਿੰਦੀ। ਹੁਣ ਇਹ ਆਖ਼ਰੀ ਬੱਸ ਤਾਂ ਲੱਗਦੀ ਹੀ ਨਹੀਂ ਸੀ।

148

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ