ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/170

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤਾਂ ਮੈਨੂੰ ਇਉਂ ਲੱਗਦਾ, ਜਿਵੇਂ ਉਸ ਦੇ ਸੰਘ ਵਿਚੋਂ ਮਸ੍ਹਾਂ ਹੀ ਆਵਾਜ਼ ਨਿਕਲਦੀ ਹੋਵੇ। ਉਸ ਦੀ ਜ਼ਬਾਨ ਥਿੜਕਦੀ ਜਿਹੀ ਲਗਦੀ।

ਲਹਿਲ ਵਾਲਾ ਮਕਾਨ ਤਾਂ ਉਸ ਨੇ ਕਦੋਂ ਦਾ ਛੱਡ ਦਿੱਤਾ ਸੀ। ਮਾਮੇ ਦੇ ਘਰ ਹੀ ਰਹਿੰਦੀ ਸੀ, ਮਾਡਲ ਟਾਊਨ ਵਿਚ। ਮੈਂ ਉਨ੍ਹਾਂ ਦੇ ਘਰ ਜਾਂਦਾ ਸੀ। ਉਸ ਦੇ ਮਾਮੇ ਨਾਲ, ਉਸ ਦੀ ਮਾਮੀ ਨਾਲ ਗੱਲਾਂ ਮਾਰ ਕੇ ਤੁਰ ਆਉਂਦਾ ਸੀ। ਵਿੰਦੂ ਸਧਾਰਨ ਜਿਹੀਆਂ ਗੱਲਾਂ ਕਰਦੀ। ਕਦੇ ਉਹ ਮੇਰੇ ਕਮਰੇ 'ਤੇ ਆ ਜਾਂਦੀ। ਰਾਘੋ ਮਾਜਰੇ ਵਿਚ ਮੇਰੇ ਕਮਰਾ ਸੀ। ਉਹ ਬਜ਼ਾਰ ਵਿਚ ਕੋਈ ਸ਼ਾਪਿੰਗ ਕਰਨ ਆਉਂਦੀ ਸੀ ਤਾਂ ਅਗਾਂਹ ਰਾਘੋ ਮਾਜਰੇ ਵਿਚ ਮੇਰਾ ਕਮਰੇ 'ਤੇ ਵੀ ਆ ਜਾਂਦੀ। ਮਹੀਨੇ ਵਿਚ ਬਸ ਇੱਕ ਔਧ ਵਾਰ ਹੀ। ਉਹ ਆਪ ਹੀ ਖਾਣ ਵਾਲੀਆਂ ਚੀਜ਼ਾਂ ਬਜ਼ਾਰੋਂ ਲੈ ਆਉਂਦੀ। ਕਮਰੇ ਵਿਚ ਸਟੋਵ ਜਲਾ ਕੇ ਆਪ ਹੀ ਚਾਹ ਬਣਾ ਲੈਂਦੀ ਤੇ ਫਿਰ ਖਾਣ ਦੀਆਂ ਚੀਜ਼ਾਂ ਲਿਫ਼ਾਫ਼ਿਆਂ ਵਿਚੋਂ ਕੱਢਕੇ ਪਲੇਟ ਵਿਚ ਮੇਜ਼ 'ਤੇ ਧਰ ਲੈਂਦੀ। ਮੈਨੂੰ ਚਾਹ ਪੀਣ ਲਈ ਕਹਿੰਦੀ।

ਮੇਰੇ ਮਨ ਵਿਚ ਉਸ ਦੀ ਬਹੁਤ ਇੱਜ਼ਤ ਸੀ। ਉਸ ਪ੍ਰਤੀ ਹੋਰ ਤਰ੍ਹਾਂ ਦਾ ਕੋਈ ਖਿਆਲ ਮੇਰੇ ਮਨ ਵਿਚ ਕਦੇ ਵੀ ਨਹੀਂ ਆਇਆ ਸੀ। ਉਹ ਵਿਆਹੀ ਹੋਈ ਸੀ। ਉਸ ਸਬੰਧੀ ਮੇਰਾ ਵਤੀਰਾ ਸਪਸ਼ਟ ਸੀ। ਮੇਰੇ ਵਿਆਹ ਦੀਆਂ ਉਹ ਗੱਲਾਂ ਕਰਿਆ ਕਰਦੀ। ਕਹਿੰਦੀ ਹੁੰਦੀ-'ਦਰਸ਼ਨ, ਏ-ਵਨ ਲੜਕੀ ਲੱਭ ਕੋਈ।

'ਇਹ ਕੰਮ ਮੈਂ ਤੇਰੇ ਤੇ ਛੱਡਦਾ, ਵਿੰਦੂ। ਮੈਨੂੰ ਕੁਛ ਸੁੱਝਦਾ ਨੀ।' ਮੈਂ ਆਖ ਦਿੰਦਾ।

ਐਤਵਾਰ ਦਾ ਦਿਨ ਸੀ। ਗਿਆਰਾਂ ਅਕਤੂਬਰ। ਸਿਰ ਦੇ ਵਾਲ ਧੋ ਕੇ ਮੈਂ ਸਵੇਰੇ ਦਸ ਕੁ ਵਜੇ ਕੋਸੀ ਕੋਸੀ ਧੁੱਪ ਵਿਚ ਬੈਠਾ ਸਾਂ। ਚਾਹ ਪੀ ਰਿਹਾ ਸਾਂ ਤੇ ਅਖ਼ਬਾਰ ਪੜ੍ਹ ਰਿਹਾ ਸਾਂ। ਉਹ ਆਈ ਸੀ ਤੇ ਖਹਿ ਕੇ ਮੇਰੇ ਨਾਲ ਮੰਜੇ ਤੇ ਬੈਠ ਗਈ ਸੀ। ਮੇਰਾ ਹੱਥ ਫੜ ਕੇ ਮੇਰੀ ਬਾਂਹ ਆਪਣੇ ਕਮਰ ਦੁਆਲੇ ਵਲਾ ਲਈ ਸੀ। ਮੈਂ ਠੰਡਾ ਠੰਡਾ ਰਿਹਾ ਸਾਂ। ਉਹ ਰੋਣ ਲੱਗ ਪਈ ਸੀ। ਆਖ਼ਰ ਗੱਲ ਤਾਂ ਦੱਸ, ਵਿੰਦੂ। ਕੀ ਹੋ ਗਿਆ ਅੱਜ ਤੈਨੂੰ? ਮੈਂ ਹੈਰਾਨੀ ਨਾਲ ਪੁੱਛਿਆ ਸੀ। ਉਹ ਤਾਂ ਬਸ ਰੋ ਹੀ ਰਹੀ ਸੀ। ਉਸ ਨੇ ਮੈਨੂੰ ਆਪਣੀ ਵੱਖੀ ਨਾਲ ਲਾ ਕੇ ਪੋਲਾ ਜਿਹਾ ਘੁਟਿਆ ਸੀ। ਉਸ ਦਾ ਸਾਹ ਤੇਜ਼ ਤੇਜ਼ ਚੱਲ ਰਿਹਾ ਸੀ। ਪਿੰਡਾ ਭਖਿਆ ਹੋਇਆ। ਮੈਂ ਵੀ ਪੰਘਰ ਗਿਆ ਸਾਂ। ਤੇ ਫਿਰ ਮੈਂ ਉਸ ਨੂੰ ਚੁੰਮ ਲਿਆ ਸੀ। ਮੈਂ ਹੋਰ ਚਾਹ ਬਣਾਈ ਸੀ। ਅਸੀਂ ਚਾਹ ਪੀਂਦੇ ਰਹੇ ਸਾਂ ਤੇ ਉੱਖੜੀਆਂ ਉੱਖੜੀਆਂ ਗੱਲਾਂ ਕਰਦੇ ਰਹੇ ਸਾਂ। ਵਿੰਦੂ ਦਾ ਅਸਤਿੱਤਵ ਟੁਕੜੇ ਟੁਕੜੇ ਸੀ। ਗੱਲ ਕਰਦੀ ਕਰਦੀ ਉਹ ਵਿਚੋਂ ਹੀ ਭੁੱਲ ਜਾਂਦੀ ਸੀ "ਇਹ ਤੈਨੂੰ ਅੱਜ ਕੀ ਸੁਣਿਆ?" ਮੈਂ ਦੋ ਵਾਰ ਉਸ ਤੋਂ ਪੁਛਿਆ ਸੀ। ਮੈਨੂੰ ਨਹੀਂ ਪਤਾ। ਕਹਿਕੇ ਉਹ ਕੋਈ ਹੋਰ ਗੱਲ ਛੇੜ ਲੈਂਦੀ ਸੀ। ਫਿਰ ਉਹ ਹਰ ਐਤਵਾਰ ਆਉਣ ਲਗੀ ਤੇ ਫਿਰ ਹਫ਼ਤੇ ਵਿਚ ਦੋ ਵਾਰ ਵੀ।

ਰੌਲਾ ਤਾਂ ਹਕਲੇ ਡਾਕਟਰ ਦੀ ਢਿੱਡਲ ਪਤਨੀ ਨੇ ਪਾਇਆ। ਇੱਕ ਦਿਨ ਚਾਰ ਪੰਜ ਬੰਦਿਆਂ ਨੇ ਇਕੱਠੇ ਹੋ ਕੇ ਮੇਰੇ ਕਮਰੇ 'ਤੇ ਧਾਵਾ ਬੋਲਿਆ ਸੀ ਤੇ ਕਿਹਾ ਸੀ- 'ਸਰਦਾਰ ਜੀ, ਮੁਹੱਲੇ ਨੂੰ ਬਦਨਾਮ ਨਾ ਕਰੋ। ਜਾਂ ਤਾਂ ਮਕਾਨ ਛੱਡ ਦਿਓ ਜਾਂ ਉਸ ਔਰਤ ਨੂੰ ਏਥੇ ਆਉਣ ਤੋਂ ਹਟਾਓ।'

ਹੁਣ ਅਸੀਂ ਸਕੂਲ ਵਿਚ ਹੀ ਸਮਾਂ ਤੇ ਸਥਾਨ ਮਿਥ ਕੇ ਦੂਜੇ ਦਿਨ ਮਿਲਦੇ ਸਾਂ ਤੇ ਫਿਰ ਸ਼ਹਿਰ ਤੋਂ ਦੂਰ ਨਿਕਲ ਜਾਂਦੇ ਸਾਂ। ਤ੍ਰਿਪੜੀ, ਥਾਪਰ ਇੰਸਟੀਚਿਊਟ, ਮੋਤੀ ਬਾਗ

170

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ