ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/172

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਛੇ ਵਜੇ ਵਿੰਦੂ ਆ ਗਈ ਸੀ। ਥੱਕੀ ਟੁੱਟੀ। ਚੜ੍ਹੀਆਂ ਅੱਖਾਂ ਜਿਵੇਂ ਫੀਮ ਖਾਧੀ ਹੋਵੇ। ਆਲਸ ਭਰਿਆ ਬੋਲ। ਆਉਣ ਸਾਰ ਮੈਨੂੰ ਪੁੱਛਿਆ-"ਕਦੋਂ ਆਏ?"

'ਦੁਪਹਿਰ ਦੀ ਗੱਡੀ।' ਮੈਂ ਜਵਾਬ ਦਿੱਤਾ।

'ਅੱਛਿਆ ਕਹਿ ਕੇ ਉਹ ਕਮਰੇ ਵਿਚ ਗਈ ਤੇ ਬਿਸਤਰਾ ਵਿਛਾ ਕੇ ਲੇਟ ਗਈ ਸੀ। ਮੈਂ ਤੇ ਉਸ ਦਾ ਮਾਮਾ ਸਿਹਨ ਵਿਚ ਬੈਠੇ ਸਾਂ। ਮੈਂ ਚਾਹੁੰਦਾ ਸਾਂ ਕਿ ਵਿੰਦੂ ਸਾਡੇ ਕੋਲ ਆ ਕੇ ਬੈਠੇ ਜਾਂ ਮੈਂ ਹੀ ਅੰਦਰ ਕਮਰੇ ਵਿਚ ਉਸ ਕੋਲ ਚਲਿਆ ਜਾਵਾਂ। ਪਰ ਉਹ ਨਾ ਸਾਡੇ ਕੋਲ ਆਈ ਤੇ ਨਾ ਮੈਂ ਉਸ ਕੋਲ ਕਮਰੇ ਵਿਚ ਗਿਆ। ਅਸੀਂ ਰੋਟੀ ਖਾਣ ਲੱਗੇ, ਮਾਮੇ ਨੇ ਪੁੱਛਿਆ, "ਵਿੰਦੂ ਨੂੰ ਰੋਟੀ?'

ਉਹਨੇ ਨਹੀਂ ਖਾਣੀ। ਪੈ ਗਈ ਐ ਬੱਸ। ਕਹਿੰਦੀ ਮੈਨੂੰ ਨਾ ਬੁਲਾਇਓ ਕੋਈ। ਮਾਮੀ ਨੇ ਰਸੋਈ ਵਿਚੋਂ ਹੀ ਜਵਾਬ ਦਿੱਤਾ।

"ਵਿੰਦੂ...ਵਿੰਦਰ।' ਮਾਮੇ ਨੇ ਹਾਕ ਮਾਰੀ, ਉਹ ਬੋਲੀ ਨਹੀਂ। 'ਸੌਂ ਗਈ ਪਤਾ ਨਹੀਂ।' ਮਾਮੇ ਨੇ ਕਿਹਾ ਤੇ ਹੱਸਿਆ। ਇਹ ਕੁੜੀ ਵੀ ਠੀਕ ਏ। ਔਣ ਸਾਰ ਮੰਜਾ।'

ਅਸੀਂ ਰੋਟੀ ਖਾਧੀ। ਮਾਮਾ ਆਪਣੇ ਕਮਰੇ ਵਿਚ ਚਲਿਆ ਗਿਆ। ਮੈਂ ਵਿੰਦੂ ਵਾਲੇ ਕਮਰੇ ਵਿਚ ਚਲਿਆ ਗਿਆ। ਉਸ ਨੂੰ ਹੌਲੀ ਦੇ ਕੇ ਬੁਲਾਇਆ। ਉਹ ਨਹੀਂ ਬੋਲੀ। ਸੱਚੀਂ ਹੀ ਸੌਂ ਚੁੱਕੀ ਸੀ। ਮੇਰਾ ਬਿਸਤਰਾ ਮਾਮੇ ਵਾਲੇ ਕਮਰੇ ਵਿਚ ਹੀ ਸੀ। ਵਿੰਦੂ ਵਾਲੇ ਕਮਰੇ ਵਿਚ ਮਾਮੀ ਨੇ ਪੈਣਾ ਸੀ।

ਸਵੇਰੇ ਛੇ ਵਜੇ ਤਿਆਰ ਹੋ ਕੇ ਮੈਂ ਬੱਸ ਸਟੈਂਡ ਨੂੰ ਜਾਣ ਲੱਗਿਆ। ਚਾਹੁੰਦਾ ਸਾਂ, ਸਕੂਲ ਸਮੇਂ ਤੋਂ ਪਹਿਲਾਂ ਬਰਨਾਲੇ ਪਹੁੰਚ ਜਾਵਾਂ। ਆਇਆ ਕਾਹਦੇ ਵਾਸਤੇ ਸੀ? ਵਿੰਦੂ ਨਾਲ ਕੋਈ ਗੱਲ ਨਹੀਂ ਹੋਈ ਸੀ। ਦੇਖਿਆ, ਵਿੰਦੂ ਤਾਂ ਅਜੇ ਵੀ ਆਪਣੇ ਬਿਸਤਰੇ ਵਿਚ ਸੀ। ਮੈਂ ਉਸ ਦੇ ਕਮਰੇ ਵਿਚ ਗਿਆ। ਉਸ ਨੂੰ ਬੁਲਾਇਆ। ਉੱਠ ਕੇ ਬੈਠੀ ਹੋ ਗਈ। ਕਹਿਣ ਲੱਗੀ-'ਚਲੇ?' ਨਾਲ ਦੀ ਨਾਲ ਹੱਥ ਜੋੜੇ। ਉਸ ਦੇ ਵਾਲ ਖੁੱਸੇ ਹੋਏ ਸਨ। ਅੱਖਾਂ ਵਿਚ ਨੀਂਦ ਅਜੇ ਵੀ ਸੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਹਿ ਕੇ ਮੈਂ ਘਰੋਂ ਬਾਹਰ ਆ ਗਿਆ ਸਾਂ।

ਥਰਡ ਕਲਾਸ ਦੇ ਡੱਬੇ ਵਿਚ ਬੈਠਾ ਮੈਂ ਸੋਚ ਰਿਹਾ ਹਾਂ, ਦਿਨ ਕਿਸ ਤਰ੍ਹਾਂ ਬਦਲ ਜਾਂਦੇ ਹਨ। ਉਹੀ ਦਿਨ ਕੱਲ੍ਹ ਕੀ ਸਨ, ਅੱਜ ਕੀ ਹਨ। ਸਭ ਕੁਝ ਹੀ ਬਦਲ ਗਿਆ ਹੈ। ਮੈਨੂੰ ਸ਼ਿੱਦਤ ਨਾਲ ਮਹਿਸੂਸ ਹੋ ਰਿਹਾ ਹੈ, ਜਿਵੇਂ ਮੇਰੇ ਅੰਦਰੋਂ ਕੋਈ ਚੀਜ਼ ਟੁੱਟ ਗਈ ਹੋਵੇ। ਇਸ ਦੁਨੀਆਂ ਵਿਚ 'ਸਬੰਧ' ਨਾਂ ਦਾ ਸ਼ਬਦ ਮੇਰੇ ਲਈ ਕੋਈ ਅਰਥ ਨਹੀਂ ਰੱਖ ਰਿਹਾ। ਬਸ ਐਵੇਂ ਛਿਣ-ਭੰਗਰ ਦੀ ਪਹਿਚਾਣ ਹੈ। ਇਸ ਥਾਂ ਬਣੀ, ਦੂਜੇ ਥਾਂ ਜਾ ਕੇ ਖ਼ਤਮ ਹੋ ਗਈ। ਅੱਜ ਬਣੀ, ਕੱਲ੍ਹ ਖ਼ਤਮ ਹੋ ਗਈ। ਬਾਰੀ ਵਿਚ ਦੀ ਮੈਂ ਝਾਕ ਰਿਹਾ ਹਾਂ। ਬਹੁਤ ਦੁਰ ਤੋਂ ਦਰੱਖ਼ਤ ਭੱਜੇ ਮੇਰੀ ਬਾਰੀ ਵੱਲ ਆਉਂਦੇ ਹਨ ਤੇ ਫਿਰ ਬਹੁਤ ਨੇੜੇ ਆ ਕੇ ਪਿੱਛੇ ਨੂੰ ਨੱਸ ਜਾਂਦੇ ਹਨ। ਇੱਕ ਤੋਂ ਬਾਅਦ ਇੱਕ।ਕਿਸੇ ਵੀ ਦਰਖਤ 'ਤੇ ਮੇਰੀ ਨਿਗਾਹ ਨਹੀਂ ਟਿਕ ਰਹੀ। ਕਿਸੇ ਵੀ ਦਰੱਖ਼ਤ ਦੀ ਮਨ ਵਿਚ ਪਹਿਚਾਣ ਨਹੀਂ ਰਹਿ ਰਹੀ ਹੈ। ਇੱਕ ਜਾਂਦਾ ਹੈ, ਦੂਜਾ ਝੱਟ ਸਾਹਮਣੇ ਆ ਜਾਂਦਾ ਹੈ। ਬੇਸ਼ੁਮਾਰ ਦਰੱਖ਼ਤ ਘੁੰਮ ਰਹੇ ਹਨ। ਕਿੱਥੋਂ ਆ ਰਹੇ ਹਨ, ਐਨੇ ਦਰੱਖ਼ਤ? ਕਿੱਥੇ ਜਾ ਰਹੇ ਹਨ, ਐਨੇ ਦਰੱਖ਼ਤ?

172

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ