ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/174

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਔਲਾਦ ਨਹੀਂ ਸੀ। ਉਨ੍ਹਾਂ ਦਾ ਸਗੋਂ ਦਿਲ ਲੱਗਿਆ ਹੋਇਆ ਸੀ। 'ਬੜੇ ਚੱਕਰ ਲੱਗ ਰਹੇ ਨੇ ਪਟਿਆਲੇ, ਦਰਸ਼ਨ ਸਿੰਘ?' ਕਿਰਪਾਲ ਨੇ ਮੈਥੋਂ ਪੁੱਛਿਆ ਸੀ। ਪੁੱਛਿਆ ਤਾਂ ਸ਼ਾਇਦ ਸਧਾਰਨ ਹੀ ਸੀ, ਪਰ ਮੈਨੂੰ ਲੱਗਿਆ ਸੀ, ਜਿਵੇਂ ਉਸਨੂੰ ਕੋਈ ਸ਼ੱਕ ਹੋ ਗਿਆ ਹੋਵੇ। ਜਾਂ ਸ਼ਾਇਦ ਉਹ ਮੇਰੇ ਉਨ੍ਹਾਂ ਦੇ ਘਰ ਜਾਣ ਤੋਂ ਉਕਤਾ ਹੋ ਗਿਆ ਹੋਵੇ। ਮੈਂ ਜਵਾਬ ਦਿੱਤਾ ਸੀ-'ਯਾਰ, ਏਥੇ ਬਿਜਲੀ ਬੋਰਡ ਵਿਚ ਇਕ ਕਲਰਕ ਐ। ਆਪਣੀ ਭਤੀਜੀ ਵਾਸਤੇ ਮੇਰੀ ਉਸ ਨਾਲ ਗੱਲਬਾਤ ਚੱਲ ਰਹੀ ਐ।' ਉਸ ਵਾਰ ਵੀ ਅਸੀਂ ਕੋਈ ਗੱਲ ਨਾ ਕਰ ਸਕੇ। ਕਿਰਪਾਲ ਨੇ ਹੀ ਮੇਰਾ ਖਹਿੜਾ ਨਹੀਂ ਸੀ ਛੱਡਿਆ। ਹਰ ਵੇਲੇ ਹੀ ਕੋਲ ਰਿਹਾ ਸੀ। ਹਰ ਵੇਲੇ ਹੀ ਗੱਲਾਂ ਦੀ ਚੱਕੀ ਝੋਈ ਹੋਈ।

ਜਦ ਮੈਂ ਪਟਿਆਲੇ ਹੁੰਦਾ ਸੀ, ਇੱਕ ਦਿਨ ਅਸੀਂ ਰਾਜਪੁਰੇ ਚਲੇ ਗਏ ਸੀ। ਇੱਕ ਫ਼ੋਟੋ ਸਟੂਡੀਓ ਵਿਚ ਜਾ ਕੇ ਅਸੀਂ ਆਪਣੀ ਤਸਵੀਰ ਬਣਵਾਈ ਸੀ। ਬੈਂਚ ਉੱਤੇ ਮੈਂ ਬੈਠਾ। ਖੱਬੇ ਪਾਸੇ ਵਿੰਦੂ ਮੇਰੇ ਨਾਲ ਖਹਿ ਕੇ ਬੈਠੀ ਹੋਈ ਹੈ। ਉਸ ਦਾ ਸਿਰ ਮੇਰੇ ਮੋਢੇ 'ਤੇ ਝੁਕਿਆ ਹੋਇਆ ਹੈ। ਇਸ ਦੀ ਇੱਕ ਕਾਪੀ ਵਿੰਦੂ ਕੋਲ ਹੈ। ਇੱਕ ਕਾਪੀ ਮੇਰੇ ਕੋਲ ਹੈ। ਕਈ ਵਾਰ ਮੈਂ ਇਹ ਤਸਵੀਰ ਨੂੰ ਜਲਾ ਦੇਣਾ ਚਾਹਿਆ ਹੈ। ਪਰ ਪਤਾ ਨਹੀਂ ਕੀ ਸੋਚ ਕੇ ਮੈਂ ਇਸ ਨੂੰ ਸਦਾ ਹੀ ਸੰਭਾਲ ਕੇ ਰੱਖਿਆ ਹੈ। ਇਸ ਵਾਰ ਮੈਂ ਇਸ ਤਸਵੀਰ ਨੂੰ ਆਪਣੇ ਪਰਸ ਵਿਚ ਪਾ ਲਿਆਇਆ ਹਾਂ। ਸੋਚ ਰਿਹਾ ਹਾਂ, ਇਸ ਵਾਰ ਵੀ ਵਿੰਦੂ ਨੇ ਜੇ ਕੋਈ 'ਗੱਲ ਕੀਤੀ ਤਾਂ ਉਸ ਨੂੰ ਇਹ ਤਸਵੀਰ ਦਿਖਾਕੇ ਕਹਾਂਗਾ-ਕਦੋਂ ਤੱਕ ਰੁਲਾਏਂਗੀ? ਆਹ ਦੇਖ ਸਬੂਤ। ਪ੍ਰੈੱਸ ਨੂੰ ਦਿਆਂਗਾ। ਆਪ ਤਾਂ ਬਦਨਾਮ ਹੋਵਾਂਗਾ ਈ, ਤੇਰੀ ਪੱਟੀਮੇਸ ਨਾ ਕੀਤੀ ਤਾਂ...' ਇਸ ਖਿਆਲ ਦੇ ਨਾਲ ਹੀ ਪਿਆ ਪਿਆ ਮੈਂ ਆਪਣੀ ਪੈਂਟ ਦੀ ਹਿੱਪ ਪਾਕਟ ਵਿਚੋਂ ਪਰਸ ਕੱਢਦਾ ਹਾਂ ਤੇ ਉਸ ਵਿਚੋਂ ਤਸਵੀਰ ਕੱਢ ਕੇ ਉਸਨੂੰ ਸਰਸਰੀ ਨਜ਼ਰ ਨਾਲ ਦੇਖਦਾ ਹਾਂ। ਵਿੰਦੂ ਦਾ ਚਿਹਰਾ ਮੈਨੂੰ ਬਹੁਤ ਭੋਲਾ ਲੱਗਦਾ ਹੈ। ਬਹੁਤ ਮਾਸੂਮ। ਇਸ ਚਿਹਰੇ ਦੇ ਅੰਦਰ ਜੋ ਇੱਕ ਚਿਹਰਾ ਹੈ, ਮੈਨੂੰ ਬਹੁਤ ਡਰਾਉਣਾ ਜਾਪਦਾ ਹੈ, ਬੜਾ ਮੱਕਾਰ, ਬੜਾ ਬੇਤਰਸ। ਉਸ ਚਿਹਰੇ ਨਾਲ ਮੈਨੂੰ ਨਫ਼ਰਤ ਹੈ।

ਮੇਰੇ ਅੰਦਰਲਾ ਫ਼ਿਲਾਸਫਰ ਮੈਨੂੰ ਸਮਝਾਉਣ ਲੱਗਦਾ ਹੈ-ਇਹ ਜੋ ਵਾਰ ਵਾਰ ਵਿੰਦੂ ਨੂੰ ਮਿਲਣ ਜਾਂਦਾ ਹਾਂ, ਸਰੀਰਕ ਖਿੱਚ ਕਰਕੇ ਹੀ ਤਾਂ ਜਾਂਦਾ ਹਾਂ। ਜਦ ਜਾਂਦਾ ਹਾਂ, ਉਹ ਉਸੇ ਤਰ੍ਹਾਂ ਮਿੱਠਾ ਬੋਲਦੀ ਹੈ। ਚੰਗੀ ਇੱਜ਼ਤ ਕਰਦੀ ਹੈ। ਰਹਿਣਾ ਚਾਹਾਂ ਤਾਂ ਰਾਤ ਵੀ ਰਹਿ ਲੈਂਦਾ ਹਾਂ। ਕਿਰਪਾਲ ਕਿੰਨਾ ਮੋਹ ਕਰਦਾ ਹੈ। ਮਾਮਾ ਮਾਮੀ ਹੱਥਾਂ 'ਤੇ ਚੁੱਕ ਲੈਂਦੇ ਹਨ। ਹੋਰ ਹੁਣ ਬਿੰਦੂ ਤੋਂ ਮੈਂ ਕੀ ਲੈਣਾ ਚਾਹੁੰਦਾ ਹਾਂ। ਇਹੀ ਗੱਲ ਹੈ ਨਾ ਕਿ ਉਹ ਮੈਨੂੰ ਪਹਿਲਾਂ ਵਾਂਗ 'ਇਕੱਲੀ' ਕਿਉਂ ਨਹੀਂ ਮਿਲਦੀ? ਸਰੀਰਕ-ਖਿੱਚ ਪਸ਼ੂਪਣ ਹੀ ਤਾਂ ਹੈ। ਅਕਲ ਤੋਂ ਦੂਰ ਦੀ ਕੋਈ ਚੀਜ਼।

ਇੱਕ ਕੜੀ ਹੋਰ ਸੀ, ਰੰਜਨਾ। ਮੇਰੇ ਨਾਲ ਉਹ ਸਾਰੀਆਂ ਗੱਲਾਂ ਕਰ ਲੈਂਦੀ ਸੀ, ਪਰ ਇੱਕ ਨਿਸ਼ਚਿਤ ਸੀਮਾਂ ਤੋਂ ਉਸ ਨੇ ਮੈਨੂੰ ਕਦੇ ਵੀ ਪਾਰ ਨਹੀਂ ਹੋਣ ਦਿੱਤਾ ਸੀ। ਕਹਿੰਦੀ ਹੁੰਦੀ ਸੀ ਏਸ ਕੰਮ ਵਿਚ ਕੁਝ ਨਹੀਂ ਪਿਆ ਦਰਸ਼ੀ। ਇਹ ਕਰੇਂਗਾ, ਮੈਨੂੰ ਛੱਡ ਕੇ ਕਿਸੇ ਹੋਰ ਕੁੜੀ ਨੂੰ ਅਪਣਾਏਂਗਾ ਤਾਂ ਮੈਨੂੰ ਭੁੱਲ ਜਾਏਂਗਾ। ਜੇ ਤੂੰ ਮੇਰੇ ਨਾਲ ਇਹ ਨਾ ਕਰੇ ਤੇ ਮੈਨੂੰ ਛੱਡ ਵੀ ਜਾਵੇਂ ਜਾਂ ਮੈਂ ਤੈਨੂੰ ਛੱਡ ਜਾਵਾਂ ਤਾਂ ਤੈਨੂੰ ਕੋਈ ਅਫ਼ਸੋਸ ਨਹੀਂ

174

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ