ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/176

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਮਾਮੀ ਜੀ।' ਕਹਿ ਕੇ ਮੈਂ ਘਰੋਂ ਬਾਹਰ ਆ ਗਿਆ ਹਾਂ। ਮਾਰਕੀਟ ਵਿਚ ਏਧਰ ਓਧਰ ਬੇਫ਼ਾਇਦਾ ਜਿਹਾ ਫਿਰ ਤੁਰ ਰਿਹਾ ਹਾਂ। ਇਕ ਹੋਟਲ 'ਤੇ ਇੱਕ ਚਾਹ ਪੀਲਈਹੈ। ਤਿੰਨ ਵੱਜਣ ਵਾਲੇ ਹੋ ਗਏ ਹਨ। ਵਿੰਦੂ ਘਰ ਆ ਜਾਂਦੀ ਤਾਂ ਚੰਗਾ ਹੀ ਸੀ। ਚਾਰ ਵਜੇ ਤੋਂ ਬਾਅਦ ਤਾਂ ਕਿਰਪਾਲ ਵੀ ਆਉਣ ਵਾਲਾ ਹੋਵੇਗਾ। ਮੇਰੇ ਅੰਦਰਲਾ ਪਾਗਲ ਕਹਿੰਦਾ ਹੈ-ਸਕੂਲ ਜਾਵਾਂ ਤੇ ਗੇਟ ਦੀ ਦੀਵਾਰ ਨਾਲ ਟੱਕਰ ਮਾਰ ਕੇ ਮਰ ਜਾਵਾਂ। ਵਿੰਦੂ ਨੂੰ ਕੁਝ ਤਾਂ ਅਹਿਸਾਸ ਹੋਵੇ।

ਮੈਂ ਘਰ ਜਾਂਦਾ ਹਾਂ। ਮਾਮੀ ਚਾਹ ਬਣਾਉਂਦੀ ਹੈ। ਮੈਂ ਪੀਂਦਾ ਹਾਂ, ਉਹ ਵੀ। ਐਨੇ ਨੂੰ ਚਾਰ ਵੱਜ ਜਾਂਦੇ ਹਨ। ਵਿੰਦੂ ਆ ਜਾਂਦੀ ਹੈ। ਮਾਮੀ ਪੁੱਛਦੀ ਹੈ-'ਚਾਹ?' ਉਹ ਜਵਾਬ ਦੇ ਦਿੰਦੀ ਹੈ। ਦੱਸਦੀ ਹੈ ਕਿ ਚਾਹ ਤਾਂ ਉਸ ਨੇ ਆਪਣੀ ਇੱਕ ਕੁਲੀਗ ਦੇ ਘਰ ਜਾ ਕੇ ਪੀਣੀ ਹੈ। ਉਸ ਦਾ ਮੁੰਡਾ ਐੱਮ.ਬੀ.ਬੀ.ਐੱਸ. ਵਿਚ ਐਡਮਿਟ ਹੋਇਆ ਹੈ। ਇਸ ਖੁਸ਼ੀ ਵਿਚ ਉਹ ਆਪਣੇ ਘਰ ਸਾਰੇ ਸਟਾਫ਼ ਨੂੰ ਚਾਹ ਪਿਆ ਰਹੀ ਹੈ।

'ਰਹੋਗੇ?' ਵਿੰਦੂ ਨੇ ਮੈਥੋਂ ਪੁੱਛਿਆ ਹੈ। ਮੈਂ ਜਲਿਆ ਫੂਕਿਆ ਜਵਾਬ ਦਿੱਤਾ ਹੈ-'ਹਾਂ, ਸਲਾਹ ਤਾਂ ਹੈ।'

ਮੇਰਾ ਗੁੱਸਾ ਪਤਾ ਨਹੀਂ ਕਿਉਂ ਤੇ ਕਿਵੇਂ ਕਾਫੂਰ ਹੋ ਗਿਆ ਹੈ। ਹੁਣ ਮੇਰੇ ਅੰਦਰ ਹੀਣਤਾ ਭਰਨ ਲੱਗੀ ਹੈ। ਵਿੰਦੂ ਦਾ ਮੇਰੇ ਵੱਲ ਕੋਈ ਧਿਆਨ ਨਹੀਂ। ਮੈਂ ਚਾਹੁੰਦਾ ਹਾਂ ਕਿ ਉਹ ਮੇਰੇ ਨਾਲ ਗੱਲਾਂ ਕਰੇ। ਬੈਠੇ, ਅਜਿਹੀਆਂ ਗੱਲਾਂ, ਜਿੰਨ੍ਹਾਂ ਨਾਲ ਕੋਈ ਰਾਹਤ ਮਿਲੇ। ਮਨ ਵਿਚ ਤਸਕੀਨ ਆਵੇ। ਪਰ ਵਿਦੁ ਹੈ ਕਿ ਮੈਨੂੰ ਛੱਡ ਕੇ ਕੁਲੀਗ ਦੀ ਚਾਹ ਤੇ ਚਲੀ ਗਈ ਹੈ। ਬਹਾਨਾ ਲਾਇਆ ਜਾ ਸਕਦਾ ਸੀ। ਮੈਂ ਕੋਈ ਨਿੱਤ ਨਿੱਤ ਤਾਂ ਨਹੀਂ ਆਉਣਾ? ਚਾਹੁੰਦਾ ਹਾਂ ਕਿ ਏਸੇ ਵੇਲੇ ਇਸ ਘਰੋਂ ਬਾਹਰ ਨਿਕਲ ਜਾਵਾਂ। ਕਿਸੇ ਹੋਰ ਘਰ ਰਾਤ ਕੱਟਾਂ। ਹੋਰ ਨਹੀਂ ਤਾਂ ਸਟੇਸ਼ਨ 'ਤੇ ਹੀ ਸੌਂ ਰਵਾਂ। ਸਵੇਰੇ ਗੱਡੀ ਆਵੇ, ਚੜ੍ਹਕੇ ਛੇਤੀ ਬਰਨਾਲੋਂ ਪਹੁੰਚਾਂ। ਕੀ ਲੈਣਾ ਹੈ, ਇਸ ਕੁੱਤੇ-ਝਾਕ ਚੋਂ? ਮੈਂ ਤਾਂ ਬਹੁਤ ਗਿਰ ਗਿਆ ਹਾਂ। ਜਦ ਇਹ ਮੈਨੂੰ ਹੁਣ 'ਸਿਆਣਦੀ' ਹੀ ਨਹੀਂ, ਕਿਉਂ ਚੜ੍ਹਦਾ ਹਾਂ ਮੈਂ ਇਸ ਦੇ ਮੋਢੀਂ? ਬੇਵਕੂਫ਼ੀ ਦੀ ਵੀ ਕੋਈ ਹੱਦ ਹੁੰਦੀ ਹੈ। ਪਰ ਨਹੀਂ, ਮੈਂ ਇੱਥੇ ਹੀ ਰਹਿਣਾ ਚਾਹੁੰਦਾ ਹਾਂ। ਬਹੁਤ ਢੀਠ ਹਾਂ। ਪਤਾ ਨਹੀਂ ਕਿਉਂ? ਵਿੰਦੂ ਦੇ ਮਿੱਠੇ ਲੁੱਚੇ ਵਤੀਰੇ ਨੂੰ ਸੌ ਫ਼ੀਸਦੀ ਸਮਝੀ ਬੈਠਾ ਹਾਂ। ਨਹੀਂ, ਮੈਂ ਕੁਝ ਵੀ ਨਹੀਂ ਸਮਝਿਆ। ਸਮਝਿਆ ਹੁੰਦਾ ਤਾਂ ਐਨੀ ਵਾਰ ਪਟਿਆਲੇ ਦੀ ਭਕਾਈ ਮਾਰ ਕੇ ਨਾ ਜਾਂਦਾ।

ਪਰਸ ਵਿਚੋਂ ਤਸਵੀਰ ਕੱਢ ਕੇ ਮੈਂ ਗਹੁ ਨਾਲ ਦੇਖ ਰਿਹਾ ਹਾਂ। ਪੱਕਾ ਫ਼ੈਸਲਾ ਕਰ ਲਿਆ ਹੈ ਕਿ ਜੇ ਵਿੰਦੂ ਠੀਕ ਰਸਤੇ 'ਤੇ ਨਾ ਆਈ ਤਾਂ ਕੱਲ੍ਹ ਨੂੰ ਇਹ ਤਸਵੀਰ ਕਿਸੇ ਅਖ਼ਬਾਰ ਨੂੰ ਭੇਜ ਦਿਆਂਗਾ।

ਕਿਰਪਾਲ ਆ ਗਿਆ ਹੈ। ਮਾਮੀ ਨੇ ਚਾਹ ਬਣਾਈ ਹੈ।

ਛੇ ਸੱਤ ਵਜੇ ਵਿੰਦੂ ਆਈ ਹੈ। ਮੈਂ ਤੇ ਕਿਰਪਾਲ ਰੋਟੀ ਖਾ ਚੁੱਕੇ ਹਾਂ। ਵਿੰਦੂ ਨੇ ਰੋਟੀ ਖਾਧੀ ਹੈ। ਮੈਂ ਤੇ ਕਿਰਪਾਲ ਗੱਲਾਂ ਕਰ ਰਹੇ ਹਾਂ। ਵਿੰਦੂ ਰਸੋਈ ਵਿਚ ਹੈ। ਪਤਾ ਨਹੀਂ ਕੀ ਕਰ ਰਹੀ ਹੈ। ਕੁਝ ਦੇਰ ਬਾਅਦ ਉਹ ਆਈ ਹੈ। ਪਲੇਟਾਂ ਵਿਚ ਕੜਾਹ ਹੈ। ਪਲੇਟਾਂ ਵਿਚ ਚਮਚੇ ਰੱਖਦਿਆਂ ਉਸ ਨੇ ਮੈਥੋਂ ਪੁੱਛਿਆ-'ਕੜਾਹ ਬੁੱਝੋ ਕਾਹਦਾ ਐ?'

'ਕੜਾਹ ਕੜਾਹ ਹੁੰਦੈ। ਹੋਰ ਕੀ?' ਮੈਂ ਕਿਹਾ ਹੈ।

176

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ