ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/180

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗਿਆ ਚੰਦੋ ਨੂੰ? ਹਰਨੇਕ ਨੂੰ ਉਹ ਐਨਾ ਹਰਖ਼ ਕੇ ਕਿਉਂ ਪਈ? ਹਰਨੇਕ ਤਾਂ ਉਹ ਦੇ ਘਰ ਕਿੰਨੇ ਹੀ ਸਾਲਾਂ ਤੋਂ ਆਉਂਦਾ ਸੀ। ਉਹ ਤਾਂ ਸੂਬੇਦਾਰ ਦੇ ਜੀਂਦਿਆਂ ਵੀ ਆਇਆ ਕਰਦਾ ਸੀ। ਹਰਨੇਕ ਬਿਨਾਂ ਤਾਂ ਚੰਦੋ ਸਾਹ ਨਹੀਂ ਸੀ ਲੈਂਦੀ।

2

ਸੂਬੇਦਾਰ ਚੰਨਣ ਸਿੰਘ ਜਦ ਉਸ ਨੂੰ ਵਿਆਹ ਕੇ ਲਿਆਇਆ ਸੀ, ਉਦੋਂ ਤਾਂ ਉਹ ਅਜੇ 'ਉੱਠਦੀ' ਹੀ ਸੀ। ਉਸ ਦੀ ਉਮਰ ਤਾਂ ਮਸ੍ਹਾਂ ਚੌਦਾਂ-ਪੰਦਰਾਂ ਸਾਲ ਸੀ। ਸੁਬੇਦਾਰ ਤਾਂ ਉਸ ਤੋਂ ਦੁੱਗਣਾ ਵੱਡਾ ਸੀ। ਉਹ ਅਜੇ ਹੌਲਦਾਰ ਵੀ ਨਹੀਂ ਸੀ ਬਣਿਆ।

ਜਿੱਥੇ ਕਿਤੇ ਚੰਨਣ ਸਿੰਘ ਨੂੰ 'ਫੈਮਿਲੀ' ਰੱਖਣ ਦੀ ਇਜਾਜ਼ਤ ਹੁੰਦੀ ਉਹ ਚੰਦੋ ਨੂੰ ਲੈ ਜਾਂਦਾ, ਨਹੀਂ ਤਾਂ ਉਹ ਪਿੰਡ ਸੱਸ ਕੋਲ ਰਹਿੰਦੀ। ਸੱਸ ਸੀ ਬੱਸ ਇੱਕ ਨਾ ਸਹੁਰਾ, ਨਾ ਕੋਈ ਦਿਓਰ, ਜੇਠ। ਕਦੇ ਪੇਕੀਂ ਵੀ ਚਲੀ ਜਾਂਦੀ। ਕੋਈ ਹੁਸਨ ਸੀ ਉਸ ’ਤੇ। ਮਨ ਮੋਹਣੇ ਨਕਸ਼ਾਂ ਵਾਲਾ ਉਹ ਦਾ ਮੁੱਖੜਾ ਤਾਂਬੇ ਵਾਂਗ ਭਖਦਾ ਸੀ।

ਪੇਕੇ ਉਸ ਤੋਂ ਤਪੇ ਹੋਏ ਸਨ। ਜਦ ਕਦੇ ਉਹ ਪੇਕੀ ਜਾਂਦੀ ਤੂਫ਼ਾਨ ਖੜ੍ਹਾ ਹੋ ਜਾਂਦਾ। ਉਹ ਦਾ ਪਿਓ ਜਿੱਚ ਹੋ ਜਾਂਦਾ। ਆਪ ਹੀ ਉਹ ਉਸ ਨੂੰ ਦੀ ਸੱਸ ਕੋਲ ਛੱਡ ਜਾਂਦਾ।

ਸਹੁਰੀਂ ਹੁੰਦੀ ਤਾਂ ਸੱਸ ਤੋਂ ਤਪੀ ਰਹਿੰਦੀ।

ਚੰਦੋ ਜਦ ਆਈ ਹੁੰਦੀ ਤਾਂ ਅਗਵੜਾ ਦੇ ਛੈਲ ਗੱਭਰੂ ਉਨ੍ਹਾਂ ਦੇ ਘਰ ਆਨੀਂ ਬਹਾਨੀ ਗੇੜਾ ਮਾਰਦੇ। ਕੋਈ ਪੁੱਛਦਾ। ਤਾਈ, ਚੰਨਣ ਦੀ ਚਿੱਠੀ ਨੀਂ ਆਈ ਕੋਈ? ਕੋਈ ਪੁੱਛਦਾ, ਚਾਚੀ, ਚੰਨਣ ਹੁਣ ਕਿੱਥੇ ਹੁੰਦੈ? ਛੁੱਟੀ ਕਦੋਂ ਆਊਗਾ? ਤੇ ਕੋਈ ਕਹਿੰਦਾ, ਅੰਮਾ, ਲਿਆ ਟੋਕਾ ਕਰਦਿਆਂ ਚਰੀ ਦਾ ਥੋਡਾ-ਮਹਿੰ ਵਾਸਤੇ।

ਬੁੱਢੀ ਸਭ ਗੱਲਾਂ ਜਾਣਦੀ ਸੀ। ਉਸ ਦੀ ਨੂੰਹ ਜਦ ਨਹੀਂ ਹੁੰਦੀ ਤਾਂ ਕਿਉਂ ਨਹੀਂ ਪੁੱਛਣ ਆਉਂਦਾ ਕੋਈ ਚੰਨਣ ਦੀ ਸੁੱਖ-ਸਾਂਦ? ਫਿਰ ਕਿਉਂ ਨਹੀਂ ਕਰਵਾਉਂਦਾ ਕੋਈ ਉਸ ਦੀ ਮਹਿੰ ਵਾਸਤੇ ਟੋਕਾ? ਹੋਰ ਤਾਂ ਹੋਰ ਕਾਕਾ ਘੁਮਿਆਰ ਵੀ ਇੱਕ ਦਿਨ ਸੁਲਾਹ ਮਾਰ ਗਿਆ ਸੀ-ਮੰਜੇ ਦੀ ਚੁਗਾਠ ਜੇ ਕੋਈ ਖ਼ਾਲੀ ਪਈ ਐ ਤਾਂ ਦੱਸ ਦੇ ਤਾਈ, ਥੋਡੇ ਘਰ ਬਹਿ ਕੇ ਈ ਬੁਣ ਦੂੰ ਗਾ। ਬਾਣ ਦਾ ਕਹੇਂ, ਬਾਣ ਦਾ ਬੁਣ ਦੂੰ-ਸੂਤ ਦਾ ਕਹੇਂ, ਸੂਤ ਦਾ ਬੁਣ ਦੁੰ।

ਚੰਨਣ ਸਿੰਘ ਜਦ ਕਦੇ ਉਸ ਨੂੰ ਆਪਣੇ ਨਾਲ ਲੈ ਜਾਂਦਾ, ਸੱਸ ਸੁੱਖ ਦਾ ਸਾਹ ਲੈਂਦੀ। ਪਰ ਚੰਦੋ ਚੰਨਣ ਸਿੰਘ ਨਾਲ ਜਾ ਕੇ ਖ਼ੁਸ਼ ਨਹੀਂ ਸੀ। ਉੱਥੇ ਜਾ ਕੇ ਤਾਂ ਉਹ ਇਉਂ ਸਮਝਦੀ, ਜਿਵੇਂ ਕੈਦਣ ਹੋਵੇ। ਰੋਂਦੀ ਰਹਿੰਦੀ। ਭੋਰਾ ਜੀਅ ਨਾ ਲਾਉਂਦੀ। ਚੰਨਣ ਸਿੰਘ ਬਥੇਰਾ ਪਿਆਰ ਕਰਦਾ, ਚੰਗਾ ਖਵਾਉਂਦਾ-ਪਿਆਉਂਦਾ, ਚੰਗਾ ਪਹਿਨਾਉਂਦਾ। ਤਲੀਆਂ ਝੱਸਣ ਤਾਈਂ ਜਾਂਦਾ, ਪਰ ਨਾਂਹ। ਉਹ ਤਾਂ ਉੱਥੇ ਰਹਿ ਕੇ ਹੀ ਖ਼ੁਸ਼ ਨਹੀਂ ਸੀ।

3

ਸੂਬੇਦਾਰ ਜਦ ਪੈਨਸ਼ਨ ਆਇਆ, ਉਸ ਦੀ ਮਾਂ ਮਰ ਚੁੱਕੀ ਸੀ। ਆਉਣ ਸਾਰ ਪਹਿਲਾਂ ਉਸ ਨੇ ਕੱਚਾ ਘਰ ਢਾਹ ਕੇ ਪੱਕਾ ਪਾਇਆ। ਮੂਹਰੇ ਦਰਵਾਜ਼ਾ। ਦਰਵਾਜ਼ੇ ਦੇ

180

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ