ਚੰਦੋ ਨੂੰ ਕੋਈ ਗੱਲ ਨਾ ਔੜਦੀ। ਉਹ ਕੋਈ ਜਵਾਬ ਨਾ ਕਰ ਸਕਦੀ। ਕੀ ਜਵਾਬ ਕਰਦੀ ਭਲਾ ਉਹ?
ਕੀ ਕਰਦੀ ਉਹ? ਉਸ ਦੀ ਜ਼ਿੰਦਗੀ ਤਾਂ ਵਿਅਰਥ ਬੀਤੀ ਜਾ ਰਹੀ ਸੀ। ਸੁਬੇਦਾਰ ਬੁੱਢਾ ਹੋ ਗਿਆ ਸੀ। ਗੋਡਿਆਂ ਵਿੱਚ ਦਰਦ ਰਹਿੰਦਾ। ਢੂਹੀ ਵਿੱਚ ਕੁੱਬ। ਨੀਂਦ ਨਹੀਂ ਸੀ ਆਉਂਦੀ। ਉਹ ਉਸ ਨੂੰ ਦੁੱਧ ਵਿੱਚ ਘਿਓ ਪਾ-ਪਾ ਪਿਆਉਂਦੀ। ਸਿਆਲ ਦੀ ਰੁੱਤ ਵਿੱਚ ਮੇਥਿਆਂ ਦੀ ਦਸ-ਦਸ ਸੇਰ ਪੰਜੀਰੀ ਰਲਾ ਕੇ ਦਿੰਦੀ, ਪਰ ਸੂਬੇਦਾਰ ਵਿੱਚ ਤਾਂ ਕਣ ਹੀ ਨਹੀਂ ਸੀ ਭਰਦਾ। ਉਹ ਦਿਨੋ-ਦਿਨ ਗੋਹਾ ਹੁੰਦਾ ਜਾਂਦਾ ਸੀ।
ਕਦੇ-ਕਦੇ ਅਜਿਹਾ ਹੁੰਦਾ ਕਿ ਹਰਨੇਕ ਪੰਜ-ਸੱਤ ਦਿਨ ਨਹੀਂ ਸੀ ਆਉਂਦਾ। ਪਟਵਾਰੀ ਦਾ ਦਾਅ ਵੀ ਨਾ ਭਰਦਾ। ਚੰਦੋ ਦੇ ਸਰੀਰ ਵਿੱਚ ਕੋਈ ਅੱਗ ਜਿਹੀ ਧੁਖ਼ਣ ਲੱਗ ਪੈਂਦੀ। ਉਸ ਦੇ ਅੰਗ-ਅੰਗ ਵਿੱਚੋਂ ਚੰਗਿਆੜੇ ਉੱਠਦੇ। ਉਸ ਦੇ ਲੂੰ-ਲੂੰ ਨੂੰ ਕੋਈ ਲੂਹਣ ਜਿਹੀ ਲੱਗੀ ਰਹਿੰਦੀ। ਉਸ ਦੇ ਅੰਦਰਲਾ ਸੇਕ ਡੁੱਲ੍ਹ-ਡੁੱਲ੍ਹ ਪੈਂਦਾ। ਜਦ ਉਹ ਪੂਰੀ ਉੱਬਲ ਪੈਂਦੀ ਤਾਂ ਉਸ ਦੀਆਂ ਚੀਕਾਂ ਨਿਕਲਣ ਵਾਲੀਆਂ ਹੋ ਜਾਂਦੀਆਂ। ਉਸ ਦਿਨ ਉਹ ਸੂਬੇਦਾਰ ਨੂੰ ਠੁਣਕਾ ਕੇ ਦੇਖਣ ਦੀ ਤਿਆਰੀ ਵਿੱਚ ਰੁੱਝ ਜਾਂਦੀ।
ਆਪਣੇ ਪਾਲੀ ਨੂੰ ਰੁਪਈਆ ਦੇ ਕੇ ਕੇਹਰੇ ਤੇਲੀ ਦਿਉਂ ਉਹ ਚਾਰ-ਪੰਜ ਆਂਡੇ ਮੰਗਵਾ ਲੈਂਦੀ। ਆਲੂ-ਆਂਡਿਆਂ ਦੀ ਸਬਜ਼ੀ ਚੁੱਲ੍ਹੇ ਧਰ ਲੈਂਦੀ। ਖਾਸਾ ਸਾਰਾ ਲਸਣ ਪਾਉਂਦੀ। ਕਰਾਰਾ ਜਿਹਾ ਲੂਣ ਮਿਰਚ ਤੇ ਮਸਾਲਾ। ਅਧੀਆ ਪਊਆਂ ਬੋਤਲ ਬਚੀ ਤਾਂ ਘਰੇ ਹਮੇਸ਼ਾ ਹੀ ਪਈ ਰਹਿੰਦੀ ਸੀ। ਨਾ ਹੁੰਦੀ ਤਾਂ ਪਾਲੀ ਕੋਲੋਂ ਪਤਾ ਨਹੀਂ ਕਿੱਥੋਂ ਇੱਕ ਅਧੀਆ ਮੰਗਵਾ ਲੈਂਦੀ। ਸਿਰ ਦੁਖਣ ਜਾਂ ਵੱਖੀ ਦੁਖਣ ਦਾ ਬਹਾਨਾ ਬਣਾਉਂਦੀ ਤੇ ਸੂਬੇਦਾਰ ਨੂੰ ਦਿਖਾ ਕੇ ਅੱਧਾ ਕੁ ਪੈੱਗ ਪੀ ਲੈਂਦੀ। ਆਪ ਪੀਂਦੀ ਤੇ ਨਾਲ ਦੀ ਨਾਲ ਇੱਕ ਪੈੱਗ ਪਾ ਕੇ ਸੂਬੇਦਾਰ ਦੇ ਹੱਥ ਫੜਾ ਦਿੰਦੀ। ਉਹ ਚੁੱਪ ਕੀਤਾ ਹੀ ਪੀ ਲੈਂਦਾ। ਦੂਜਾ ਪੈੱਗ ਆਪ ਹੀ ਪਾ ਲੈਂਦਾ ਕਹਿੰਦਾ, ਇੱਕ ਪੈੱਗ ਨਾਲ ਤਾਂ ਬਣੀਆਂ ਈ ਕੁਸ। ਤੀਜਾ ਪੈੱਗ ਜਦ ਪੀਂਦਾ ਤਾਂ ਅੱਧਾ ਕੁ ਪੈੱਗ ਚੰਦੇ ਨੂੰ ਵੀ ਪਾ ਕੇ ਦਿੰਦਾ। ਕਹਿੰਦਾ, ਲੈ ਫੜ, ਐਨੀ ਕੁ ਹੌਰ ਲੈ ਲੈ। ਰਾਮ ਆ ਜੂ ਗਾ ਤੈਨੂੰ। ਅੱਖਾਂ ਵਿੱਚ ਸ਼ਰਾਰਤ ਭਰ ਕੇ ਚੰਦੋ ਗਲਾਸ ਫੜ ਲੈਂਦੀ।
ਰੋਟੀ-ਟੁੱਕ ਖਾਣ ਤੋਂ ਬਾਅਦ ਉਹ ਸੂਬੇਦਾਰ ਦੀ ਬਾਹੀ ਨਾਲ ਬਾਹੀ ਲਾ ਕੇ ਮੰਜਾ ਡਾਹ ਲੈਂਦੀ। ਨਿੱਕੀਆਂ-ਨਿੱਕੀਆਂ ਗੱਲਾਂ ਤੁਰਦੀਆਂ ਰਹਿੰਦੀਆਂ। ਗੱਲ ਕਰਦੀ-ਕਰਦੀ ਉਹ ਸੂਬੇਦਾਰ ਦੇ ਕੋਲ ਆ ਬੈਠਦੀ। ਉਹ ਬਹੁਤ ਕੋਸ਼ਿਸ ਕਰਦੀ, ਪਰ ਅਸਲੀ ਰਾਹ 'ਤੇ ਤਾਂ ਉਹ ਆਉਂਦਾ ਹੀ ਨਾ। ਨਿਰਾਸ਼ ਹੋ ਕੇ ਉਹ ਉੱਠਦੀ ਤੇ ਲੰਬੇ-ਲੰਬੇ ਹਉਂਕੇ ਲੈਂਦੀ ਰਹਿੰਦੀ। ਸੂਬੇਦਾਰ ਭੋਰਾ ਵੀ ਨਾ ਕੁਸਕਦਾ। ਕੁਝ ਚਿਰ ਬਾਅਦ ਉਹ ਉੱਠ ਕੇ ਠੰਡੇ ਪਾਣੀ ਦਾ ਗਲਾਸ ਪੀਂਦੀ। ਸੂਬੇਦਾਰ ਖਰਰ-ਖਰਰ ਘੁਰਾੜੇ ਮਾਰ ਰਿਹਾ ਹੁੰਦਾ।
ਇੱਕ ਸਮਾਂ ਅਜਿਹਾ ਆਇਆ ਕਿ ਸੂਬੇਦਾਰ ਬਿਲਕੁੱਲ ਹੀ ਹਾਰ ਗਿਆ। ਕੰਨਾਂ ਤੋਂ ਵੀ ਸੁਣਨੋਂ ਹਟ ਗਿਆ। ਗੋਡਿਆਂ ਦਾ ਦਰਦ ਐਨਾ ਵਧਿਆ ਕਿ ਤੁਰਨਾ-ਫਿਰਨਾ ਵੀ ਮੁਸ਼ਕਲ ਹੋ ਗਿਆ। ਦਿਨੋਂ-ਦਿਨ ਉਸ ਦੀ ਖ਼ੁਰਾਕ ਘਟਦੀ ਗਈ। ਕਦੇ-ਕਦੇ ਪਿਸ਼ਾਬ ਦਾ ਬੰਨ੍ਹ ਵੀ ਪੈ ਜਾਂਦਾ। ਟੀਕਾ ਲਗ ਕੇ ਬੰਨ੍ਹ ਖੁੱਲ੍ਹਦਾ। ਇੱਕ ਵਾਰੀ ਤਾਂ ਬੰਨ੍ਹ ਖੁੱਲਿਆ ਹੀ ਨਾ। ਚਾਰ-ਪੰਜ ਦਿਨ ਦੁੱਖ ਭੋਗ ਕੇ ਉਹ ਤੁਰ ਗਿਆ।
184
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ