ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/185

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੂਬੇਦਾਰ ਦੀ ਮੌਤ ਪਿੱਛੋਂ ਚੰਦੋ ਸੁੰਨ ਜਿਹੀ ਹੋ ਗਈ ਸੀ। ਨਾ ਉਸ ਦਾ ਕਿਤੇ ਚਿੱਤ ਠਹਿਰਦਾ ਸੀ ਤੇ ਨਾ ਹੀ ਉਸ ਦੀ ਅੱਖੋਂ ਹੰਝੂ ਡਿੱਗਦਾ ਸੀ। ਕਦੇ ਉਸ ਨੂੰ ਲੱਗਦਾ, ਜਿਵੇਂ ਉਸ ਦਾ ਤਾਂ ਸੁਹਾਗ ਰੁੜ੍ਹ ਗਿਆ ਹੋਵੇ। ਉਹ ਦਾ ਰਹਿ ਹੀ ਕੀ ਗਿਆ ਸੀ? ਪਰ ਦੂਜੇ ਬਿੰਦ ਉਹ ਸੋਚਦੀ ਕਿ ਉਹ ਸੁਹਾਗਣ ਸੀ ਹੀ ਕਦੋਂ? ਉਹ ਤਾਂ ਜਿਵੇਂ ਵਿਆਹੀ ਸੀ ਹੀ ਨਹੀਂ। ਨਾ ਉਹ ਪਹਿਲਾਂ ਸੁਹਾਗਣ ਸੀ ਤੇ ਨਾ ਹੁਣ ਰੰਡੀ। ਉਸ ਨੂੰ ਲੱਗਦਾ, ਜਿਵੇਂ ਉਹ ਤਾਂ ਅਜੇ ਵੀ ਕੰਵਾਰੀ ਹੈ। ਅਜੇ ਤਾਂ ਜਿਵੇਂ ਉਸ ਦਾ ਵਿਆਹ ਹੋਣਾ ਬਾਕੀ ਹੋਵੇ।

ਘਰ ਵਿੱਚ ਰਿਹਾ ਹੀ ਕੋਈ ਨਾ।

ਉਸ ਦੀ ਵੱਡੀ ਭਰਜਾਈ ਆਪਣੇ ਛੋਟੇ ਮੁੰਡੇ ਗੁਰਜੀਤ ਨੂੰ ਨਾਲ ਲੈ ਕੇ ਮਿਲਣ ਆਈ। ਚੰਦੋ ਨੇ ਗੁਰਜੀਤ ਨੂੰ ਉੱਥੇ ਹੀ ਰੱਖ ਲਿਆ। ਦੋ-ਤਿੰਨ ਮਹੀਨਿਆਂ ਬਾਅਦ ਗੁਰਜੀਤ ਦਾ ਜੀਅ ਵੀ ਪੂਰਾ ਲੱਗ ਗਿਆ। ਦੋ ਮੱਝਾਂ ਸਨ। ਗੁਰਜੀਤ ਡੱਕਵਾਂ ਦੁੱਧ ਪੀਂਦਾ, ਰੱਜਵਾਂ ਘਿਓ ਖਾਂਦਾ। ਸਤਾਰਾਂ-ਅਠਾਰਾਂ ਸਾਲਾਂ ਦਾ ਮੁੰਡਾ ਤਾਂ ਉਹ ਲੱਗਦਾ ਹੀ ਨਹੀਂ ਸੀ। ਉਹ ਤਾਂ ਦਿਨਾਂ ਵਿੱਚ ਹੀ ਬਾਘੜ-ਬਿੱਲੇ ਵਰਗਾ ਹੋ ਗਿਆ ਸੀ।

ਇੱਕ ਸਾਲ ਲੰਘ ਗਿਆ।

ਹਰਨੇਕ ਕਦੇ-ਕਦੇ ਹੀ ਆਉਂਦਾ, ਪਰ ਆਉਂਦਾ ਜ਼ਰੂਰ। ਪਰ ਉਦੋਂ ਆਉਂਦਾ, ਜਦੋਂ ਗੁਰਜੀਤ ਘਰ ਨਾ ਹੁੰਦਾ। ਇਹ ਮੌਕਾ ਕਦੇ ਹੀ ਲੱਗਦਾ।

ਪਟਵਾਰੀ ਨੂੰ ਤਹਿਸੀਲ ਵਿੱਚ ਸੱਦ ਲਿਆ ਗਿਆ ਸੀ। ਚਾਰ-ਪੰਜ ਮਹੀਨੇ ਹੋ ਗਏ ਸਨ। ਪਰ ਉਸ ਨੇ ਇਸ ਪਿੰਡ ਵਾਲੀ ਆਪਣੀ ਰਿਹਾਇਸ਼ ਅਜੇ ਛੱਡੀ ਨਹੀਂ ਸੀ। ਉਹ ਪੰਦਰੀਂ-ਵੀਹੀਂ ਦਿਨੀਂ ਗੇੜਾ ਮਾਰਦਾ ਤੇ ਆਪਣੇ ਮਕਾਨ ਦੇ ਗਵਾਂਢ ਵਿੱਚ ਹੀ ਕੰਦੋ ਬੁੜੀ ਦੇ ਘਰ, ਗੇਂਦੇ ਚੌਕੀਦਾਰ ਦੇ ਹੱਥ ਚੰਦੋ ਨੂੰ ਸੱਦ ਲੈਂਦਾ।

ਹੌਲੀ-ਹੌਲੀ ਗੱਲ ਸੁਲਗਣ ਲੱਗੀ, ਚੰਦੋ ਗੁਰਜੀਤ ਨਾਲ ਵੀ ਰਹਿੰਦੀ ਹੈ।

ਹਾਏ-ਹਾਏ ਨੀ, ਭਤੀਜੇ ਨਾਲ?

ਲੈ ਗੁੰਡੀ ਰੰਨ ਦਾ ਹੋਰ ਕੀ ਹੁੰਦੈ?

ਨਾ ਕੁੜੇ, ਐਡਾ ਪੱਥਰ ਨਾ ਤੋਲ।

ਨਾਂਹ, ਇਹ ਤਾਂ ਮੈਸ ਐ। ਜੀਹਨੇ ਮਨੁੱਖ ਤਿਆਗੀ ਰੱਖਿਆ, ਉਸ ਨੂੰ ਭਤੀਜੇ ਭਾਣਜਿਆਂ ਦੀ ਵੀ ਹੁਣ ਕੀ ਸ਼ਰਮ ਐ?

ਤੈਂ ਕੀ ਅੱਖੀਂ ਦੇਖਿਐ, ਭੈੜੀਏ?

ਹਾਂ, ਜਿੱਡੀ ਮਰਜ਼ੀ ਸਹੁੰ ਘਤਾ ਲੈ। ਤੇਰੇ ਜੇਠ ਨੇ ਦੇਖਿਐ।

ਕਦੋਂ?

ਨੀ ਸਾਰੀ ਰਾਤ ਕੋਠੇ ਤੇ ਕੁੱਤੇ ਨੀ ਟਿਕਣ ਦਿੰਦੇ। ਰਾਤ ਤੇਰਾ ਜੇਠ ਸੋਟੀ ਲੈ ਕੇ ਗਿਆ, ਕਹਿੰਦਾ, ਹੁਣ ਤਾਂ ਮੇਰੇ ਸਾਲਿਆਂ ਨੂੰ ਵੀਹੀ 'ਚ ਉਤਾਰ ਕੇ ਹੀ ਹਟੂੰ। ਚੰਨ-ਚਾਨਣੀ ਰਾਤ। ਸੂਬੇਦਾਰ ਦੇ ਕੋਠੇ 'ਤੇ ਗਿਆ ਤਾਂ ਉਨ੍ਹਾਂ ਦੇ ਵਿਹੜੇ 'ਚ ਆਹ ਭਾਣਾ ਦੇਖਿਆ।

ਮੀਂਹ ਵਾਲੀ ਰਾਤ

185