ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/186

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਇੱਕ ਦਿਨ ਢਲੇ ਦੁਪਹਿਰੇ। ਗਰਮੀ ਦਾ ਮੌਸਮ, ਜੇਠ ਦਾ ਮਹੀਨਾ। ਤੱਤੀ ਲੋਅ ਕੰਨਾਂ ਨੂੰ ਫੂਕਦੀ ਸੀ। ਗੁਰਜੀਤ ਚੁਬਾਰੇ ਵਿੱਚ ਪਿਆ ਭੂਆ ਨੂੰ ਉਡੀਕ ਰਿਹਾ ਸੀ। ਆਵੇ ਤਾਂ ਚਾਹ ਬਣਾਵੇ।ਵਿਹੜੇ ਵਿੱਚ ਕੋਈ ਖੜਕਾ ਹੁੰਦਾ ਤਾਂ ਉਹ ਮੰਜੇ ਤੋਂ ਬੈਠਾ ਹੋ ਜਾਂਦਾ। ਸੋਚਦਾ, ਸ਼ਾਇਦ ਭੂਆ ਆ ਗਈ ਹੈ, ਪਰ ਨਹੀਂ। ਉਹ ਲੰਬੀ ਸਾਰੀ ਉਬਾਸੀ ਲੈਂਦਾ ਤੇ ਮੰਜੇ 'ਤੇ ਹੀ ਢੇਰੀ ਹੋ ਜਾਂਦਾ। ਕਿੰਨਾ ਹੀ ਚਿਰ ਹੋ ਗਿਆ ਸੀ, ਉਸ ਦੀ ਭੂਆ ਘਰ ਨਹੀਂ ਸੀ ਪਹੁੰਚੀ। ਉਹ ਤਾਂ ਕਿਹੜੇ ਵੇਲੇ ਦੀ ਗਈ ਹੋਈ ਸੀ। ਐਨਾ ਚਿਰ ਤਾਂ ਉਸ ਨੇ ਕਦੇ ਲਾਇਆ ਨਹੀਂ ਸੀ। ਉਹ ਮਨ ਵਿੱਚ ਸਲਾਹ ਕਰਨ ਲੱਗਿਆ ਕਿ ਉਹ ਉੱਠ ਕੇ ਆਪ ਹੀ ਕਿਉਂ ਨਾ ਚਾਹ ਬਣਾ ਲਵੇ। ਖ਼ਬਰ ਐ ਕਦੋਂ ਆਵੇ ਉਹ? ਐਨੇ ਚਿਰ ਤੋਂ ਉਹ ਬੈਠੀ ਕਿਥੇ ਹੈ? ਗੁਰਜੀਤ ਦੇ ਮੱਥੇ ਵਿੱਚ ਹਲਕਾ ਜਿਹਾ ਯੁੱਧ ਛਿੜਨ ਲੱਗਦਾ, ਪਰ ਦੂਜੇ ਬਿੰਦ ਹੀ ਉਹ ਉਡੀਕ ਕਰਨ ਲੱਗ ਪੈਂਦਾ ਹੁਣ ਆਈ, ਹੁਣ ਆਈ।

ਵਿਹੜੇ ਵਿੱਚ ਪੈੜ-ਚਾਲ ਹੋਈ। ਗੁਰਜੀਤ ਚੁਬਾਰੇ ਦੇ ਬਾਰ ਮੂਹਰੇ ਆ ਖੜ੍ਹਾ।

ਵਿਹੜੇ ਵਿੱਚ ਹਰਨੇਕ ਖੜ੍ਹਾ ਸੀ।

ਵੱਡੇ ਭਾਈ, ਕਿਵੇਂ ਆਇਆ? ਗੁਰਜੀਤ ਨੇ ਪੁੱਛਿਆ।

ਚਾਚੀ ਕਿੱਥੇ ਐ? ਹਰਨੇਕ ਨੇ ਜਵਾਬ ਵਿੱਚ ਪੁੱਛਿਆ।

ਪਤਾ ਨੀ, ਹੈਥੇ ਈ ਕਿਤੇ ਹੋਣੀ ਐ, ਕਿਸੇ ਦੇ ਘਰ। ਮੈਂ ਵੀ ਉਸੇ ਨੂੰ ਉਡੀਕਦਾ। ਚਾਹ ਨੂੰ ਕੁਵੇਲਾ ਹੋਈ ਜਾਂਦੈ। ਗੁਰਜੀਤ ਚੁਬਾਰੇ ਦੀਆਂ ਪੌੜੀਆਂ ਉਤਰ ਰਿਹਾ ਸੀ।

ਤਾਂ ਕੰਦੋ ਬੁੜੀ ਦੇ ਘਰ ਹੋਣੀ ਐ। ਸਾਫ਼ੇ ਦੇ ਲੜ ਨਾਲ ਮੱਥਾ ਪੂੰਝ ਕੇ ਹਰਨੇਕ ਨੇ ਆਖਿਆ।

ਕਿਉਂ? ਵਿਹੜੇ ਵਿੱਚ ਆ ਕੇ ਗੁਰਜੀਤ ਨੇ ਪੁੱਛਿਆ। ਦਰਵਾਜ਼ੇ ਵਿੱਚ ਡਹੇ ਪਏ ਮੰਜੇ 'ਤੇ ਬੈਠਣ ਲਈ ਉਸ ਨੇ ਹਰਨੇਕ ਨੂੰ ਕਿਹਾ।

ਕਿਉਂ ਕੀ, ਪਟਵਾਰੀ ਆਇਆ ਹੋਇਐ। ਕਹਿ ਕੇ ਹਰਨੇਕ ਘਰੋਂ ਬਾਹਰ ਹੋ ਗਿਆ। ਗੁਰਜੀਤ ਨੇ ਬਹੁਤ ਜ਼ੋਰ ਲਾਇਆ ਕਿ ਉਹ ਮੁੜ ਕੇ ਆ ਜਾਵੇ ਤੇ ਦਰਵਾਜ਼ੇ ਵਿੱਚ ਬੈਠੇ। ਭੂਆ ਹੁਣੇ ਆ ਜਾਂਦੀ ਹੈ ਤੇ ਚਾਹ ਬਣਾਉਂਦੀ ਹੈ, ਪਰ ਹਰਨੇਕ ਅਟਕਿਆ ਨਹੀਂ।

ਗੁਰਜੀਤ ਸੋਚਣ ਲੱਗਿਆ, ਪਟਵਾਰੀ ਤੋਂ ਭੂਆ ਨੇ ਕੀ ਲੈਣਾ ਹੈ? ਉਸ ਦੇ ਮਨ ਵਿੱਚ ਕਈ ਕਿਸਮ ਦੇ ਖਿਆਲ ਆਉਣੇ ਸ਼ੁਰੂ ਹੋ ਗਏ। ਅਖ਼ੀਰ ਉਸ ਨੇ ਫ਼ੈਸਲਾ ਕੀਤਾ ਕਿ ਜੇ ਭੂਆ ਕੰਦੋ ਬੁੜ੍ਹੀ ਦੇ ਘਰ ਹੀ ਗਈ ਹੈ ਤਾਂ ਉਹ ਆਪ ਹੀ ਜਾ ਕੇ ਉਸ ਨੂੰ ਸੱਦ ਲਿਆਵੇ।

ਕੰਦੋ ਦੇ ਘਰ ਉਹ ਗਿਆ। ਉਹ ਘਰ ਨਹੀਂ ਸੀ। ਦਰਵਾਜ਼ੇ ਨੂੰ ਬਾਹਰਲਾ ਕੁੰਡਾ ਲੱਗਿਆ ਹੋਇਆ ਸੀ। ਉਸ ਨੇ ਪਟਵਾਰੀ ਨੂੰ ਦੇਖਿਆ, ਉਹ ਵੀ ਘਰ ਨਹੀਂ ਸੀ। ਪਟਵਾਰੀ ਵਾਲੇ ਮਕਾਨ ਦੇ ਬਾਰ ਮੂਹਰੇ ਪਿੱਪਲ ਥੱਲੇ ਗੇਂਦਾ ਚੌਕੀਦਾਰ ਬੈਠਾ ਸਿਗਰਟ ਪੀ ਰਿਹਾ ਸੀ।

186

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ