ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/190

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਹ ਆਪਣੇ ਕੋਲ ਰਾਤ ਨੂੰ ਗਵਾਂਢ ਵਿੱਚੋਂ ਕਦੇ ਕਿਸੇ ਕੁੜੀ ਨੂੰ ਪਾ ਲੈਂਦੀ ਤੇ ਕਦੇ ਕਿਸੇ ਬੁੜ੍ਹੀ ਨੂੰ। ਕੁੜੀਆਂ-ਬੁੜ੍ਹੀਆਂ, ਪਰ ਰਾਤ ਨੂੰ ਉਸ ਕੋਲ ਪੈਣ ਤੋਂ ਸੰਗਦੀਆਂ ਸਨ। ਝਿਜਕਦੀਆਂ ਸਨ। ਡਰ ਰਹਿੰਦਾ, ਕਿਤੇ ਕੋਈ ਓਪਰਾ ਬੰਦਾ ਨਾ ਆ ਜਾਵੇ। ਇਉਂ ਓਪਰੇ ਬੰਦੇ ਨੇ ਕਿਸ ਨੇ ਆਉਣਾ ਸੀ? ਜਦੋਂ ਕਿਤੇ ਹਰਨੇਕ ਨੇ ਆਉਣਾ ਹੁੰਦਾ, ਉਹ ਆਪ ਹੀ ਕਿਸੇ ਕੁੜੀ, ਬੁੜ੍ਹੀ ਨੂੰ ਆਪਣੇ ਕੋਲ ਨਹੀਂ ਸੀ ਪਾਉਂਦੀ।

ਫਿਰ ਤਾਂ ਉਹ ਕਿਸੇ ਨੂੰ ਆਪਣੇ ਕੋਲ ਪਾਉਣੋਂ ਹਟ ਹੀ ਗਈ ਸੀ। ਇਕੱਲੀ ਪੈਂਦੀ। ਕੀ ਡਰ ਸੀ? ਆਲੇ-ਦੁਆਲੇ ਦੇ ਘਰ ਘੁੱਗ ਵੱਸਦੇ ਸਨ। ਆਲੇ-ਦੁਆਲੇ ਦੇ ਘਰਾਂ ਵਿੱਚ ਇਕੱਲੀ ਰਹਿੰਦੀ ਤਾਂ ਉਹ ਇਉਂ ਲੱਗਦੀ ਸੀ, ਜਿਵੇਂ ਕਿਸੇ ਵੱਡੇ ਸਾਰੇ ਸੰਯੁਕਤ ਪਰਿਵਾਰ ਵਿੱਚ ਰਹਿੰਦੀ ਹੋਵੇ।

ਪੰਜਵੇਂ-ਸੱਤਵੇਂ ਦਿਨ ਟਿਕੀ ਰਾਤ ਤੋਂ ਹਰਨੇਕ ਆਉਂਦਾ। ਦਰਵਾਜ਼ੇ ਦਾ ਕੁੰਡਾ ਖੜਕਾ ਦਿੰਦਾ। ਚੰਦੋ ਨੂੰ ਪਹਿਲਾਂ ਹੀ ਪਤਾ ਹੁੰਦਾ। ਉਹ ਤਾਂ ਉਸ ਦੀ ਉਡੀਕ ਵਿੱਚ ਜ਼ੀਰੋ ਦਾ ਬਲ੍ਹਬ ਜਗਾ ਕੇ ਬੈਠਕ ਵਿੱਚ ਜਾਗਦੀ ਪਈ ਹੁੰਦੀ ਸੀ। ਵੱਡੇ ਤੜਕੇ ਉੱਠ ਕੇ ਹਰਨੇਕ ਵਗ ਜਾਂਦਾ।

ਪੰਦਰਵੇਂ-ਵੀਹਵੇਂ ਦਿਨ ਹੀ ਉਹ ਹਰਨੇਕ ਨੂੰ ਕਿੱਲੋ, ਡੇਢ ਕਿੱਲੋਂ ਘਿਓ ਫੜਾ ਦਿੰਦੀ। ਘਰ ਜਾ ਕੇ ਆਪਣੀ ਤੀਵੀਂ ਕੋਲ ਉਹ ਬਹਾਨਾ ਲਾਉਂਦਾ ਕਿ ਘਿਓ ਤਾਂ ਉਹ ਕਿਸੇ ਦਿਉਂ ਮੁੱਲ ਲਿਆਇਆ ਹੈ। ਸ਼ਰਾਬ ਪੀਣ ਵਾਸਤੇ ਵੀ ਉਹ ਕਦੇ-ਕਦੇ ਚੰਦੋ ਤੋਂ ਦਸਾਂ ਦਾ ਨੋਟ ਫੜ ਲਿਜਾਂਦਾ ਸੀ।

ਹੁਣ ਤਾਂ ਹਰਨੇਕ ਦੀ ਘਰਵਾਲੀ ਵੀ ਕੁਝ ਨਹੀਂ ਸੀ ਬੋਲਦੀ। ਬਥੇਰਾ ਲੜ ਹਟੀ ਸੀ। ਕੋਈ ਕਸਰ ਨਹੀਂ ਛੱਡੀ। ਸੌ ਵਾਰੀ ਹਰਨੇਕ ਨਾਲ ਦੂਰੋ-ਦੂਰੀ ਹੋਈ ਸੀਤੇ ਚੰਦੋ ਨੂੰ ਕਿੰਨੀ ਹੀ ਵਾਰ ਛੱਜ ਵਿੱਚ ਪਾ ਕੇ ਛੰਡਿਆ ਸੀ, ਪਰ ਉਹ ਹਾਰ ਕੇ ਹੁਣ ਚੁੱਪ ਹੋ ਗਈ ਸੀ।

10

ਜਿਸ ਦਿਨ ਚੰਦੋ ਕਦੇ ਘਰ ਨਾ ਹੁੰਦੀ, ਕੈਲਾ ਟੋਕਾ ਕਰਵਾਉਣ ਵਾਸਤੇ ਕਿਸੇ ਮੁੰਡੇ ਨੂੰ ਸੱਦ ਲਿਆਉਂਦਾ। ਕਦੇ ਕਿਸੇ ਨੂੰ, ਕਦੇ ਕਿਸੇ ਨੂੰ। ਗੰਡੇ ਕੇ ਚਰਨ ਨੂੰ ਤਾਂ ਉਹ ਜਦੋਂ ਮਰਜ਼ੀ ਸੱਦ ਲੈਂਦਾ। ਕਦੇ-ਕਦੇ ਚੰਦੋ ਦੇ ਘਰ ਹੁੰਦਿਆਂ ਵੀ ਉਹ ਚਰਨ ਨੂੰ ਸੱਦ ਲਿਆਉਂਦਾ। ਜਦ ਉਹ ਟੋਕਾ ਕਰ ਹਟਦੇ। ਹਾਰੇ ਵਿਚੋਂ ਤੌੜੀ ਲਾਹ ਕੇ ਸੂਹਾ-ਸੂਹਾ ਦੁੱਧ ਚੰਦੋ ਦੋਵਾਂ ਨੂੰ ਪਿਆਉਂਦੀ।

ਸਿਆਲ ਦੇ ਦਿਨ ਸਨ। ਅਸਮਾਨ 'ਤੇ ਬੱਦਲ ਛਾਏ ਹੋਏ ਸਨ। ਰਾਤ ਨੂੰ ਦੁੱਧ ਬਾਧ ਸਾਂਭਣ ਤੋਂ ਬਾਅਦ ਚੰਦੋ ਨੇ ਦਰਵਾਜ਼ੇ ਦਾ ਅੰਦਰਲਾ ਕੁੰਡਾ ਲਾਇਆ ਤੇ ਸਬ੍ਹਾਤ ਵਿੱਚ ਪੈ ਗਈ। ਬੱਦਲ ਗੱਜਿਆ। ਸਬਾਤ ਦਾ ਕੁੰਡਾ ਖੋਲ੍ਹ ਕੇ ਉਹ ਵਿਹੜੇ ਵਿੱਚ ਆਈ। ਘੁੱਪ-ਹਨੇਰੀ ਰਾਤ। ਬਿਜਲੀ ਲਿਸ਼ਕੀ ਤੇ ਬਦਲ ਗੜਗੜਾਇਆ। ਨੰਗੀ ਬਾਂਹ ਫੈਲਾ ਕੇ ਉਸ ਨੇ ਮਹਿਸੂਸ ਕੀਤਾ, ਕੋਈ-ਕੋਈ ਕਣੀ ਡਿੱਗਣ ਲੱਗ ਪਈ ਸੰਭਾਲ ਕੇ ਉਹ ਸਬ੍ਹਾਤ ਵਿੱਚ ਆਉਣ ਲੱਗੀ ਤਾਂ ਦਰਵਾਜ਼ੇ ਦੇ ਤਖ਼ਤੇ ਖੜਕੇ। ਉਹ ਦਰਵਾਜ਼ੇ ਵਿੱਚ ਗਈ। ਤਖ਼ਤਿਆਂ ਨਾਲ ਕੰਨ ਲਾਇਆ। ਕੋਈ ਵੀ ਨਹੀਂ ਸੀ। ਕੌਣ ਐਂ? ਉਸ ਨੇ ਕਿਹਾ ਵੀ। ਕੁੰਡਾ ਖੋਲ੍ਹ ਕੇ ਦੇਖਿਆ। ਕੋਈ ਵੀ ਨਹੀਂ ਸੀ ਸੀ। ਉਸ ਦੀ ਹਾਸੀ ਨਿਕਲ ਗਈ।

190

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ