ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/191

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਪੁੱਤ ਖਾਣੇ ਦੀ। ਉਸ ਨੂੰ ਹੁਣ ਪਤਾ ਲੱਗਿਆ ਕਿ ਇਹ ਤਾਂ ਹਵਾ ਸੀ। ਬਿਜਲੀ ਬੁਝਾ ਕੇ ਉਹ ਸਬ੍ਹਾਤ ਵਿੱਚ ਆਈ ਤੇ ਰਜਾਈ ਚਾਰੇ ਲੜ ਦੱਬ ਕੇ ਪੈ ਗਈ। ਉਸ ਦੇ ਢਿੱਡ ਵਿੱਚੋਂ ਪਾਲਾ ਉੱਠ ਰਿਹਾ ਸੀ। ਉਹ ਕੁਝ ਵੀ ਨਹੀਂ ਸੀ ਸੋਚ ਰਹੀ। ਹੌਲੀ-ਹੌਲੀ ਉਸ ਨੂੰ ਨੀਂਦ ਆ ਗਈ।

ਸੁਪਨੇ ਵਿੱਚ ਉਸ ਦੇ ਮਗਰ ਇੱਕ ਝੋਟਾ ਪਿਆ ਹੋਇਆ ਸੀ। ਝੋਟੇ ਮਗਰ ਲੋਕ ਡਾਂਗਾਂ ਚੁੱਕੀ ਭੱਜੇ ਆ ਰਹੇ ਸਨ। ਲਾਲਕਾਰੇ ਮਾਰ ਰਹੇ ਸਨ। ਝੋਟੇ ਨੂੰ ਡਰਾ ਕੇ ਉਹ ਉਸ ਦੇ ਮਗਰੋਂ ਮੋੜਨਾ ਚਾਹੁੰਦੇ ਸਨ। ਝੋਟਾ ਪਰ ਬੇਥਾਹ ਉਸ ਦੇ ਪਿੱਛੇ ਪਿਆ ਹੋਇਆ ਸੀ। ਉਹ ਵੀ ਭੱਜ ਰਹੀ ਸੀ। ਪਰ ਜਿੰਨਾ ਉਹ ਭੱਜਣਾ ਚਾਹੁੰਦੀ ਸੀ, ਓਨਾ ਉਸ ਤੋਂ ਭੱਜਿਆ ਨਹੀਂ ਸੀ ਜਾ ਰਿਹਾ। ਉਸ ਦੇ ਮਨ ਵਿੱਚ ਬਹੁਤ ਕਾਹਲ ਸੀ। ਪਰ ਉਸ ਦੇ ਪੈਰ ਮਸ਼ਾਂ ਹੀ ਧਰਤੀ ਤੋਂ ਪੁੱਟੇ ਜਾ ਰਹੇ ਸਨ। ਜਿਵੇਂ ਧਰਤੀ ਨਾਲ ਹੀ ਚਿਪਕ ਗਏ ਹੋਣ। ਮਣ-ਮਣ ਦੇ ਭਾਰੀ ਹੋ ਗਏ ਹੋਣ। ਉਸ ਦਾ ਧੜ ਅੱਗੇ ਨੂੰ ਜਾ ਰਿਹਾ ਸੀ ਤੇ ਪੈਰ ਜਿਵੇਂ ਹਿੱਲ ਹੀ ਨਹੀਂ ਸਨ ਰਹੇ। ਰਸਤੇ ਵਿੱਚ ਇੱਕ ਟੋਇਆ ਆਉਂਦਾ ਹੈ। ਪੈਰ ਉੱਖੜ ਕੇ ਉਹ ਉਸ ਟੋਏ ਵਿੱਚ ਡਿੱਗ ਪੈਂਦੀ ਹੈ। ਭੂਸਰਿਆ ਹੋਇਆ ਝੋਟਾ ਟੋਏ 'ਤੇ ਖੜ੍ਹਾ ਹੈ। ਉਸ ਦੀਆਂ ਨਾਸਾਂ ਵਿੱਚੋਂ ਤਿੱਖੇ ਫੁਕਾਰੇ ਛੁੱਟ ਰਹੇ ਹਨ। ਮੂੰਹ ਵਿੱਚੋਂ ਝੱਗ ਡਿੱਗ ਰਹੀ ਹੈ। ਕਿੰਨੇ ਹੀ ਲੋਕਾਂ ਨੇ ਆ ਕੇ ਉਸ ਨੂੰ ਭਾਲਿਆਂ ਨਾਲ ਪਰੋ ਦਿੱਤਾ। ਗੰਡਾਸਿਆਂ ਨਾਲ ਵੱਢ ਦਿੱਤਾ। ਇੱਕ ਬੰਦੇ ਨੇ ਬਾਂਹ ਫੜ ਕੇ ਉਸ ਨੂੰ ਟੋਏ ਵਿੱਚੋਂ ਬਾਹਰ ਕੱਢ ਲਿਆ। ਉਸ ਦੇ ਕੱਪੜਿਆਂ ਤੋਂ ਮਿੱਟੀ ਝਾੜੀ। ਨੇੜੇ ਹੀ ਗੁਰਦੁਆਰੇ ਵਾਲੀ ਹਲਟੀ ਤੋਂ ਪਾਣੀ ਦਾ ਬੁੱਕ ਲਿਆ ਕੇ ਉਸ ਦੇ ਮੂੰਹ ਨੂੰ ਲਾਇਆ ਹੈ। ਫਿਰ ਉਸ ਨੂੰ ਦਿੱਸਿਆ, ਝੋਟਾ ਮਾਰਿਆ ਪਿਆ ਹੈ। ਗੰਡਾਸਿਆਂ ਭਾਲਿਆਂ ਵਾਲੇ ਲੋਕ ਪਤਾ ਨਹੀਂ ਕਦੋਂ ਘਰਾਂ ਨੂੰ ਤੁਰ ਗਏ ਹਨ। ਜਿਸ ਨੇ ਉਸ ਨੂੰ ਟੋਏ ਵਿੱਚੋਂ ਕੱਢਿਆ ਸੀ, ਉਹ ਅਜੇ ਉਸ ਦੇ ਕੋਲ ਹੀ ਖੜ੍ਹਾ ਹੈ ਤੇ ਉਸ ਵੱਲ-ਉਸ ਦੇ ਅੰਗ ਅੰਗ ਵੱਲ ਡੂੰਘੀ ਨਜ਼ਰ ਸੁੱਟ ਰਿਹਾ ਹੈ। ਬੋਲ ਕੁਝ ਨਹੀਂ ਰਿਹਾ। ਸਿਰਫ਼ ਦੇਖ ਰਿਹਾ ਹੈ। ਉਹ ਬੰਦਾ ਉਸ ਨੂੰ ਬਹੁਤ ਸੁਹਣਾ ਲੱਗਦਾ ਹੈ। ਬਹੁਤ ਪਿਆਰਾ। ਉਸ ਬੰਦੇ ਵੱਲ ਉਸ ਦੀਆਂ ਬਾਹਾਂ ਉੱਠਦੀਆਂ ਹਨ। ਉਹ ਉਸ ਨੂੰ ਘੁੱਟ ਲੈਂਦਾ ਹੈ।

ਰਾਤ ਅੱਧੀ ਤੋਂ ਬਹੁਤ ਟੱਪ ਚੁੱਕੀ ਸੀ। ਉਸ ਨੂੰ ਮੁੜ੍ਹਕਾ ਆਇਆ ਹੋਇਆ ਸੀ। ਰਜ਼ਾਈ ਉਸ ਨੇ ਸਾਰੇ ਪਿੰਡ ਉੱਤੋਂ ਹੀ ਲਾਹ ਦਿੱਤੀ। ਉਵੇਂ ਜਿਵੇਂ ਪਈ ਰਹੀ। ਜ਼ੋਰਾਂ ਦੀਆਂ ਕਣੀਆਂ ਨਾਲ ਸਬ੍ਹਾਤ ਦੀ ਛੱਤ ਖੜਕ ਰਹੀ ਸੀ। ਉੱਠ ਕੇ ਬਿਜਲੀ ਜਲਾਈਂ। ਬਾਰ ਦਾ ਕੁੰਡਾ ਖੋਲ੍ਹ ਕੇ ਉਹ ਵਿਹੜੇ ਵਿੱਚ ਝਾਕੀ। ਮੀਂਹ ਬਹੁਤ ਜ਼ਿਆਦਾ ਵਰ੍ਹ ਰਿਹਾ ਸੀ। ਪਰਨਾਲਿਆਂ ਦਾ ਪਾਣੀ ਧਰਤੀ 'ਤੇ ਡਿੱਗਦਾ ਸੁਣ ਰਿਹਾ ਸੀ। ਘੁੱਪ ਹਨੇਰਾ ਸੀ। ਬਿਜਲੀ ਲਿਸ਼ਕੀ। ਉਸ ਨੇ ਦੇਖਿਆ, ਸੱਜੇ ਪਾਸੇ ਵਿਹੜੇ ਦੀ ਕੰਧ, ਜੋ ਇਕਹਿਰੀ ਇੱਟ ਦੀ ਸੀ ਡਿੱਗੀ ਪਈ ਹੈ। ਬਿਜਲੀ ਫਿਰ ਭੜਕੀ। ਵਿਹੜੇ ਵਿੱਚ ਡਿੱਗੀ ਪਈ ਕੰਧ ਉਸ ਨੇ ਫੇਰ ਦੇਖੀ। ਉਹ ਵਾਪਸ ਸਬ੍ਹਾਤ ਵਿੱਚ ਆਈ। ਬੋਰੀ ਦਾ ਝੁੰਭ ਬਣਾ ਕੇ ਸਿਰ 'ਤੇ ਲੈ ਲਿਆ। ਰਸੋਈ ਵਿੱਚ ਜਾ ਕੇ ਵਿਹੜੇ ਵਾਲੀ ਸਵਿੱਚ ਦੱਬੀ। ਕੰਧ ਬਿਲਕੁਲ ਸਾਫ਼ ਸੀ। ਵੀਹੀ ਤੇ ਵਿਹੜਾ ਇੱਕੋਂ ਬਣਿਆ ਪਿਆ ਸੀ। ਪਰ ਰਾਤ ਨੂੰ ਹੁਣ ਉਹ ਕੀ ਕਰਦੀ? ਸਲਵਾਰ ਦੇ ਪੌਂਚੇ ਚੜ੍ਹਾ ਕੇ ਉਹ ਵਿਹੜੇ ਦੇ ਪਾਣੀ ਵਿੱਚ ਛਪਲਕ-ਛਪਲਕ ਕਰਦੀ ਕੰਧ ਵਾਲੀਆਂ ਡਿੱਗੀਆਂ ਹੋਈਆਂ ਇੱਟਾਂ 'ਤੇ ਜਾ ਚੜ੍ਹੀ। ਹੈਰਾਨੀ ਨਾਲ ਦੇਖਣ ਲੱਗੀ।

ਮੀਂਹ ਵਾਲੀ ਰਾਤ

191